ਕੈਨੇਡਾ: ਫਿਰੌਤੀ ਗਰੋਹ ਨੂੰ ਫੜਾਉਣ ਵਾਲਿਆਂ ਲਈ ਡੇਢ ਕਰੋੜ ਦਾ ਇਨਾਮ ਐਲਾਨਿਆ
ਭਾਰਤੀਆਂ ਦੀ ਵੱਡੀ ਅਬਾਦੀ ਵਾਲੇ ਸ਼ਹਿਰ ਸਰੀ ਵਿੱਚ ਕੁਝ ਮਹੀਨਿਆਂ ਤੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪੁਲੀਸ ਇਸ ਵੇਲੇ ਕਰੀਬ 44 ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਫਿਰੌਤੀ ਗੈਂਗ ਵਲੋਂ ਕਰੀਬ 27 ਥਾਵਾਂ ’ਤੇ ਗੋਲੀਬਾਰੀ ਵੀ ਕੀਤੀ ਗਈ ਹੈ। ਮੁਲਜ਼ਮਾਂ ਨੂੰ ਫੜਨ ਅਤੇ ਸਜ਼ਾਵਾਂ ਦਿਵਾਉਣ ਵਿੱਚ ਮਦਦ ਲਈ ਸਿਟੀ ਆਫ ਸਰੀ (ਮਿਉਂਸਪੈਲਿਟੀ) ਵਲੋਂ ਫਿਰੌਤੀ ਇਨਾਮੀ ਫੰਡ ਵਜੋਂ ਢਾਈ ਲੱਖ ਡਾਲਰ (ਡੇਢ ਕਰੋੜ ਰੁਪਏ) ਸਰੀ ਪੁਲੀਸ ਨੂੰ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ।
ਸਰੀ ਪੁਲੀਸ ਮੁਖੀ ਨੌਰਮ ਲਪਿੰਸਕੀ ਨੇ ਸਿਟੀ ਵਲੋਂ ਇਨਾਮੀ ਫੰਡ ਦੀ ਮਨਜ਼ੂਰੀ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਨਾਲ ਫਿਰੌਤੀ ਗਰੋਹ ਦਾ ਪਤਾ ਲਾਉਣਾ ਅਤੇ ਫੜੇ ਜਾਣਾ ਸੌਖਾ ਹੋ ਜਾਏਗਾ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਇਸ ਗਰੋਹ ਵਿੱਚ ਸ਼ਾਮਲ ਲੋਕਾਂ ਨੂੰ ਫੜਾਉਣ ਅਤੇ ਸਬੂਤਾਂ ਸਮੇਤ ਸਜ਼ਾਵਾਂ ਦਿਵਾਉਣ ਵਿੱਚ ਪੁਲੀਸ ਦੀ ਮਦਦ ਕਰੇਗਾ, ਉਹ ਇਹ ਰਕਮ ਲੈਣ ਦਾ ਹੱਕਦਾਰ ਹੋਵੇਗਾ ਤੇ ਪੁਲੀਸ ਉਸ ਨੂੰ ਸੁਰੱਖਿਆ ਵੀ ਦੇਵੇਗੀ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਬੇਸ਼ੱਕ ਫਿਰੌਤੀ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ, ਪਰ ਸਰੀ ਰਹਿੰਦੇ ਤੇ ਫਿਰੌਤੀ ਦਾ ਨਿਸ਼ਾਨਾ ਬਣਦੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਨਿਭਾਉਣ ਵਿੱਚ ਉਹ ਕੋਈ ਕਸਰ ਨਹੀਂ ਛੱਡਣਗੇ।
ਪੁਲੀਸ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਰੌਤੀ ਦੀਆਂ 44 ਤੇ ਗੋਲੀਬਾਰੀ ਦੀਆਂ 27 ਘਟਨਾਵਾਂ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ, ਪਰ ਮੁਲਜ਼ਮਾਂ ਨੂੰ ਸਬੂਤਾਂ ਸਮੇਤ ਫੜਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਇਸੇ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਫਿਰੌਤੀ ਇਨਾਮ ਫੰਡ ਕਾਇਮ ਕੀਤਾ ਗਿਆ ਹੈ ਤਾਂ ਜੋ ਦੋਸ਼ੀਆਂ ਦੀ ਸੂਹ ਰੱਖਦੇ ਲੋਕ ਬਿਨਾਂ ਕਿਸੇ ਝਿਜਕ ਦੇ ਪੁਲੀਸ ਨਾਲ ਸਹਿਯੋਗ ਕਰਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੁਲੀਸ ਜਲਦੀ ਹੀ ਇਸ ਵਬਾ ਉੱਤੇ ਕਾਬੂ ਪਾ ਲਏਗੀ।