ਟੋਰਾਂਟੋ, 21 ਅਪਰੈਲ
ਕੈਨੇਡਾ ਦੇ ਸਰੀ ਵਿੱਚ ਕੁੱਝ ਸਮਾਜ ਵਿਰੋਧੀ ਅਨਸਰਾਂ ਨੇ ਮੰਦਰ ਦੀ ਬੇਅਦਬੀ ਕਰਦਿਆਂ ਇਸ ਦੇ ਗੇਟ ਅਤੇ ਖੰਭਿਆਂ ’ਤੇ ਖਾਲਿਸਤਾਨ ਪੱਖੀ ਨਾਅਰੇ ਲਿਖ ਦਿੱਤੇ। ਮੰਦਰ ਦੀ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਇਹ ਘਟਨਾ 19 ਅਪਰੈਲ ਨੂੰ ਸਰੀ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿੱਚ ਵਾਪਰੀ। ਬਿਆਨ ਵਿੱਚ ਕਿਹਾ ਗਿਆ ਹੈ, ‘19 ਅਪਰੈਲ 2025 ਨੂੰ ਸਵੇਰੇ 3 ਵਜੇ ਵਾਪਰੀ ਘਟਨਾ ਬਾਰੇ ਸੂਚਿਤ ਕਰਦਿਆਂ ਬਹੁਤ ਦੁੱਖ ਹੋ ਰਿਹਾ ਹੈ। ਦੋ ਅਣਪਛਾਤੇ ਵਿਅਕਤੀਆਂ ਨੇ ਸਰੀ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੀ ਬੇਅਦਬੀ ਕੀਤੀ ਅਤੇ ਮੰਦਰ ਦੇ ਪ੍ਰਵੇਸ਼ ਦੁਆਰ ਤੇ ਖੰਭਿਆਂ ’ਤੇ ‘ਖਾਲਿਸਤਾਨ’ ਸ਼ਬਦ ਲਿਖ ਦਿੱਤਾ।’ ਇਸ ਤੋਂ ਇਲਾਵਾ ਸੁਰੱਖਿਆ ਕੈਮਰਾ ਵੀ ਚੋਰੀ ਕਰ ਲਿਆ ਗਿਆ।
ਬਿਆਨ ਅਨੁਸਾਰ, ‘ਅਸੀਂ ਇਸ ਕਾਰਵਾਈ ਦੀ ਨਿਖੇਧੀ ਕਰਦੇ ਹਾਂ, ਜੋ ਕਿ ਸਿਰਫ਼ ਅਪਰਾਧ ਨਹੀਂ, ਸਗੋਂ ਪਵਿੱਤਰ ਸਥਾਨ ’ਤੇ ਸਿੱਧਾ ਹਮਲਾ ਹੈ।’ ਇਸ ਵਿੱਚ ਕਿਹਾ ਗਿਆ ਹੈ ਕਿ ਸਰੀ ਪੁਲੀਸ ਵੱਲੋਂ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਵਿੱਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਬਿਆਨ ਮੁਤਾਬਕ, ‘ਅਸੀਂ ਆਗੂਆਂ ਅਤੇ ਬਾਕੀ ਭਾਈਚਾਰਿਆਂ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਘਟਨਾ ਦੀ ਨਿਖੇਧੀ ਕਰਨ ਵਿੱਚ ਸਾਡਾ ਸਾਥ ਦੇਣ।’ -ਪੀਟੀਆਈ