ਕੈਨੇਡਾ: ਪੀਅਰ ਪੌਲਿਵਰ ਨੇ ਦੀਵਾਲੀ ਜਸ਼ਨ ਤੋਂ ਨਾਂਹ ਕਰ ਕੇ ਸਹੇੜੀ ਭਾਰਤੀ ਭਾਈਚਾਰੇ ਦੀ ਨਾਰਾਜ਼ਗੀ
Pierre Poulivar's refusal to celebrate Diwali in Canadian Parliament disappoints Indian community leaders
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 1 ਨਵੰਬਰ
ਕੈਨੇਡੀਅਨ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲਿਵਰ (Pierre Poilievre) ਵਲੋਂ ਸੰਸਦ ਵਿੱਚ ਮਨਾਏ ਜਾਣ ਵਾਲੇ 24ਵੇਂ ਦੀਵਾਲੀ ਸਮਾਗਮ ਵਿੱਚ ਸ਼ਮੂਲੀਅਤ ਨਾ ਕਰ ਕੇ ਕੈਨੇਡਾ ਵੱਸੇ ਭਾਰਤੀ ਭਾਈਚਾਰੇ ਦੇ ਇਕ ਹਿੱਸੇ ਦੀ ਨਾਰਾਜ਼ਗੀ ਸਹੇੜ ਲਈ ਹੈ। ਇਸ ਭਾਈਚਾਰੇ ਵਲੋਂ ਇਸ ਸਮਾਗਮ ਦੀਆਂ ਸ਼ਾਨੋ-ਸ਼ੌਕਤ ਨਾਲ ਕੀਤੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ।
ਬੇਸ਼ੱਕ ਸਮਾਗਮ ਤਾਂ ਹੋਇਆ, ਪਰ ਇਸ ਵਿੱਚ ਉਹ ਰੌਣਕ ਤੇ ਰੰਗਤ ਨਾ ਆਈ, ਜਿਸ ਦੀ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਪੀਅਰ ਪੌਲਿਵਰ ਵਲੋਂ ਇੱਕ ਦਿਨ ਪਹਿਲਾਂ ਕੀਤੇ ਨਾਂਹ ਦੇ ਐਲਾਨ ਤੋਂ ਉਸਦੇ ਖਾਸਮ-ਖਾਸ ਸਮਝੇ ਜਾਂਦੇ ਭਾਈਚਾਰੇ ਦੇ ਆਗੂਆਂ ਨੂੰ ਵੱਡਾ ਝਟਕਾ ਲੱਗਾ ਹੈ। ਬੇਸ਼ੱਕ ਇਸ ਬਾਰੇ ਕੋਈ ਵੀ ਅਜੇ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ, ਪਰ ਉਨ੍ਹਾਂ ਦੀ ਖਮੋਸ਼ੀ ਆਪਣੇ ਆਪ ਵਿੱਚ ਸਵਾਲ ਪੈਦਾ ਕਰ ਰਹੀ ਹੈ। ਪਾਰਲੀਮੈਂਟ ਵਿੱਚ ਦੀਵਾਲੀ ਜਸ਼ਨ ਮਨਾਉਣ ਦੀ ਸ਼ੁਰੂਆਤ 2001 ’ਚ ਸ਼ੁਰੂ ਹੋਈ ਸੀ ਤੇ ਹੁਣ ਤੱਕ ਹਰ ਸਾਲ ਇਸ ਨੂੰ ਧੂਮਧਾਮ ਤੇ ਭਾਈਚਾਰੇ ਦੀ ਸ਼ਮੂਲੀਅਤ ਨਾਲ ਮਨਾਇਆ ਜਾਂਦਾ ਹੈ।
ਓਵਰਸੀਜ਼ ਫਰੈਂਡਜ਼ ਆਫ ਇੰਡੀਆ ਕੈਨੇਡਾ ਦੇ ਪ੍ਰਧਾਨ ਸ਼ਿਵ ਭਾਸਕਰ ਨੇ ਪੀਅਰ ਪੌਲਿਵਰ ਵੱਲੋਂ ਸਮਾਗਮ ਵਿਚ ਸ਼ਮੂਲੀਅਤ ਕਰਨ ਤੋਂ ਕੀਤੀ ਗਈ ਨਾਂਹ ਤੋਂ ਬਾਅਦ ਇਕ ਚਿੱਠੀ ਲਿਖ ਕੇ ਆਪਣੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਦੇਸ਼ ਦੀ ਸਰਕਾਰ ਦੇ ਵਿਰੋਧੀ ਆਗੂ ਵਲੋਂ ਇੰਜ ਕਰ ਕੇ ਉਨ੍ਹਾਂ ਦੇ ਮਨਾਂ ਵਿੱਚ ‘ਬਿਗਾਨੇ ਅਤੇ ਵਿਦੇਸ਼ੀ’ ਹੋਣ ਦਾ ਅਹਿਸਾਸ ਜਗਾਇਆ ਗਿਆ ਹੈ। ਕਈ ਹੋਰ ਹਿੰਦੂ ਜਥੇਬੰਦੀਆਂ ਦੇ ਆਗੂਆਂ ਵਲੋਂ ਵੀ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਗਈ ਹੈ।
ਵਿਰੋਧੀ ਆਗੂ ਵਲੋਂ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਕਿ ਉਸ ਨੂੰ ਇੰਜ ਕਰਨ ਦੀ ਲੋੜ ਕਿਉਂ ਪਈ। ਕੁਝ ਲੋਕ ਇਸ ਨੂੰ ਕੈਨੇਡਾ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਚੱਲ ਰਹੀ ਜਾਂਚ ਨਾਲ ਵੀ ਜੋੜ ਕੇ ਵੇਖ ਰਹੇ ਹਨ ਤੇ ਕੁਝ ਹੋਰ ਭਾਰਤ ਤੇ ਕੈਨੇਡਾ ਵਿਚਲੇ ਤਣਾਅ ਨੂੰ ਇਸ ਦੀ ਵਜ੍ਹਾ ਦੱਸ ਰਹੇ ਹਨ। ਮੁੱਖ ਭਾਈਚਾਰੇ ਦੇ ਸਿਆਸੀ ਵਿਸ਼ਲੇਸ਼ਕ ਇਸ ਨੂੰ ਪੀਅਰ ਪੌਲਿਵਰ ਵਲੋਂ ਮੁੱਖ ਧਾਰਾ ਵੋਟਰਾਂ ਦੀ ਟੋਹੀ ਗਈ ਨਬਜ਼ ਤੋਂ ਬਾਅਦ ਵਰਤੀ ਸਿਆਣਪ ਦੱਸ ਰਹੇ ਹਨ।