DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਈ

Canada News: Canada tightens security at airports for flights to India; ਹਵਾਈ ਅੱਡਿਆਂ ’ਤੇ ਹੋਵੇਗੀ ਵਧੇਰੇ ਪੁੱਛ-ਪੜਤਾਲ ਤੇ ਵੱਧ ਡੂੰਘਾਈ ਨਾਲ ਤਲਾਸ਼ੀ
  • fb
  • twitter
  • whatsapp
  • whatsapp
Advertisement

ਸੁਰਿੰਦਰ ਮਾਵੀ

ਵਿਨੀਪੈਗ, ਨਵੰਬਰ 20

Advertisement

Canada News: ਕੈਨੇਡਾ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਨੂੰ ਜਲਦੀ ਹੀ ਕੈਨੇਡੀਅਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ 'ਤੇ ਹੋਰ ਸਖ਼ਤ ਸੁਰੱਖਿਆ ਉਪਾਵਾਂ ਦਾ ਸਾਹਮਣਾ ਕਰਨਾ ਪਵੇਗਾ। ਟਰਾਂਸਪੋਰਟ ਮੰਤਰੀ ਅਨੀਤਾ ਆਨੰਦ (Anita Anand) ਵੱਲੋਂ ਐਲਾਨਿਆ ਗਿਆ ਇਹ ਫ਼ੈਸਲਾ ਨਵੇਂ ਅਸਥਾਈ ਪ੍ਰੋਟੋਕੋਲ ਦਾ ਹਿੱਸਾ ਹੈ। ਫੈਡਰਲ ਸਰਕਾਰ ਵੱਲੋਂ ਨਵੇਂ ਸੁਰੱਖਿਆ ਨਿਯਮ ਲਿਆਂਦੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਦਿਆਂ ਭਾਰਤ ਜਾਣ ਵਾਲੇ ਮੁਸਾਫ਼ਰਾਂ ਦੀ ਬਾਰੀਕੀ ਨਾਲ ਪੁਣ-ਛਾਣ ਕੀਤੀ ਜਾਵੇਗੀ ਅਤੇ ਬਾਰਡਰ ਅਫ਼ਸਰ ਉਨ੍ਹਾਂ ਦੇ ਸਾਮਾਨ ਦੀ ਡੂੰਘਾਈ ਨਾਲ ਤਲਾਸ਼ੀ ਵੀ ਲੈਣਗੇ।
ਉਨ੍ਹਾਂ ਕਿਹਾ, "ਟਰਾਂਸਪੋਰਟ ਕੈਨੇਡਾ ਨੇ ਚੌਕਸੀ ਵਜੋਂ ਅਸਥਾਈ ਵਾਧੂ ਸੁਰੱਖਿਆ ਜਾਂਚ ਉਪਾਅ ਲਾਗੂ ਕੀਤੇ ਹਨ।’’ ਉਨ੍ਹਾਂ ਜਨਤਾ ਦੀ ਰੱਖਿਆ ਕਰਨ ਅਤੇ ਹਵਾਈ ਯਾਤਰਾ ਦੀ ਅਖੰਡਤਾ ਨੂੰ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਰਿਪੋਰਟ ਮੁਤਾਬਕ ਇਕ ਸਰਕਾਰੀ ਅਫ਼ਸਰ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਿਟੀ ਨੂੰ ਸੌਂਪੀ ਗਈ ਹੈ।
ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ
ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ
ਕੈਨੇਡੀਅਨ ਹਵਾਈ ਅੱਡਿਆਂ ਦੇ ਖ਼ਾਸ ਖੇਤਰਾਂ ਵਿਚ ਮੁਸਾਫ਼ਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲੈਣ ਦਾ ਕੰਮ ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਿਟੀ ਵੱਲੋਂ ਹੀ ਕੀਤਾ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਮੁਸਾਫ਼ਰਾਂ ਦੀ ਸਕਰੀਨਿੰਗ ਦਾ ਮਕਸਦ ਇਹ ਵੀ ਹੈ ਕਿ ਕਿਤੇ ਸਬੰਧਤ ਮੁਸਾਫ਼ਰ ਕਿਸੇ ਮਾਮਲੇ ਵਿਚ ਲੋੜੀਂਦਾ ਤਾਂ ਨਹੀਂ। ਇਸ ਤੋਂ ਇਲਾਵਾ ਕੈਰੀ ਬੈਗ ਨੂੰ ਐਕਸਰੇ ਮਸ਼ੀਨਾਂ ਵਿਚੋਂ ਲੰਘਾਉਣਾ ਅਤੇ ਹੱਥਾਂ ਨਾਲ ਮੁਸਾਫ਼ਰਾਂ ਦੀ ਤਲਾਸ਼ੀ ਵੀ ਲਈ ਜਾਂਦੀ ਹੈ। ਕੈਨੇਡੀਅਨ ਏਅਰ ਟਰਾਂਸਪੋਰਟ ਸਕਿਉਰਿਟੀ ਅਥਾਰਿਟੀ (CATSA) ਵਧੀ ਹੋਈ ਸਕਰੀਨਿੰਗ ਦੀ ਨਿਗਰਾਨੀ ਕਰੇਗੀ, ਜਿਸ ਵਿੱਚ ਟ੍ਰੇਸ ਦਾ ਪਤਾ ਲਗਾਉਣ ਲਈ ਹੱਥਾਂ ਦੇ ਸਵੈਬ ਅਤੇ ਯਾਤਰੀਆਂ ਤੇ ਉਨ੍ਹਾਂ ਦੇ ਲਿਜਾਣ ਵਾਲੇ ਸਾਮਾਨ ਦੀ ਵਧੇਰੇ ਚੰਗੀ ਤਰ੍ਹਾਂ ਸਰੀਰਕ ਜਾਂਚ ਸ਼ਾਮਲ ਹੈ।

ਹਾਲਾਂਕਿ ਵਧੇ ਹੋਏ ਉਪਾਵਾਂ ਅਤੇ ਕਿਸੇ ਵਿਸ਼ੇਸ਼ ਘਟਨਾ ਵਿਚਕਾਰ ਕੋਈ ਸਿੱਧਾ ਸਬੰਧ ਨਹੀਂ ਬਣਾਇਆ ਗਿਆ, ਪਰ ਇਹ ਕੈਨੇਡਾ ਅਤੇ ਭਾਰਤ ਦਰਮਿਆਨ ਵਿਆਪਕ ਭੂ-ਰਾਜਨੀਤਿਕ ਤਣਾਅ ਤੋਂ ਪ੍ਰਭਾਵਿਤ ਜਾਪਦੇ ਹਨ।  RCMP (ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ) ਨੇ ਹਾਲ ਹੀ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਅਤੇ ਕੈਨੇਡੀਅਨ ਧਰਤੀ 'ਤੇ ਕੀਤੇ ਗਏ ਵੱਖ-ਵੱਖ ਅਪਰਾਧਾਂ ਵਿਚਕਾਰ ਸਬੰਧਾਂ ਦਾ ਦੋਸ਼ ਲਾਇਆ ਹੈ, ਜਿਸ ਵਿੱਚ ਧਮਕਾਉਣਾ ਅਤੇ ਕਤਲ ਕਰਨਾ ਸ਼ਾਮਲ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਬਰੈਂਪਟਨ ਵਿਖੇ ਮੰਦਰ ਤੇ ਗੁਰਦਵਾਰੇ ਦੇ ਬਾਹਰ ਵਾਪਰਿਆ ਘਟਨਾਕ੍ਰਮ ਅਤੇ ਇਸ ਮਾਮਲੇ ਵਿਚ ਜਾਰੀ ਕੀਤੇ ਗ੍ਰਿਫ਼ਤਾਰੀ ਵਾਰੰਟ ਨਵੇਂ ਸੁਰੱਖਿਆ ਨਿਯਮਾਂ ਦਾ ਕਾਰਨ ਹੋ ਸਕਦੇ ਹਨ। ਗ੍ਰਿਫ਼ਤਾਰੀ ਵਾਰੰਟ ਅਧੀਨ ਲੋੜੀਂਦੇ ਭਾਰਤੀ ਮੂਲ ਦੇ ਸ਼ੱਕੀ ਕੈਨੇਡਾ ਛੱਡ ਕੇ ਫ਼ਰਾਰ ਹੋਣ ਦਾ ਯਤਨ ਕਰ ਸਕਦੇ ਹਨ ਅਤੇ ਇਸ ਕਾਰਨ ਸੁਰੱਖਿਆ ਜਾਂਚ ਦਾ ਘੇਰਾ ਹੋਰ ਸਖ਼ਤ ਕੀਤਾ ਜਾ ਰਿਹਾ ਹੈ।

ਏਅਰ ਕੈਨੇਡਾ ਨੇ ਭਾਰਤੀ ਟਿਕਾਣਿਆਂ ਲਈ ਜਾਣ ਵਾਲੇ ਯਾਤਰੀਆਂ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤੇ ਸਨ , ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਟਰਾਂਸਪੋਰਟ ਕੈਨੇਡਾ ਵੱਲੋਂ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਸਖ਼ਤ ਸੁਰੱਖਿਆ ਆਦੇਸ਼ ਦੇ ਕਾਰਨ, ਤੁਹਾਡੀ ਆਉਣ ਵਾਲੀ ਉਡਾਣ ਲਈ ਸੁਰੱਖਿਆ ਉਡੀਕ ਦਾ ਸਮਾਂ ਉਮੀਦ ਨਾਲੋਂ ਲੰਬਾ ਹੋ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ, ‘‘ਤੁਹਾਡੀਆਂ ਯਾਤਰਾ ਯੋਜਨਾਵਾਂ ਵਿੱਚ ਕਿਸੇ ਵੀ ਰੁਕਾਵਟ ਨੂੰ ਘਟਾਉਣ ਲਈ, ਅਸੀਂ ਤੁਹਾਨੂੰ ਆਪਣੀ ਉਡਾਣ ਦੇ ਰਵਾਨਾ ਹੋਣ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ਵਿਚ ਪਹੁੰਚਣ ਦੀ ਸਿਫ਼ਾਰਸ਼ ਕਰਦੇ ਹਾਂ।’’

ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਨਵਾਂ ਪ੍ਰੋਟੋਕੋਲ ਘੱਟੋ-ਘੱਟ ਅੰਸ਼ਿਕ ਤੌਰ 'ਤੇ ਸਿੱਖਸ ਫ਼ਾਰ ਜਸਟਿਸ (SFJ) ਸਮੂਹ ਵੱਲੋਂ ਏਅਰ ਇੰਡੀਆ ਦੀਆਂ ਉਡਾਣਾਂ ਸਬੰਧੀ ਜਾਰੀ ਧਮਕੀਆਂ ਨਾਲ ਜੁੜੀਆਂ ਚੇਤਾਵਨੀਆਂ ਤੋਂ ਵੀ ਪੈਦਾ ਹੋਇਆ ਹੈ। ਸਮੂਹ ਨੇ ਜਨਤਕ ਤੌਰ 'ਤੇ ਵਿਸ਼ੇਸ਼ ਰੂਟਾਂ 'ਤੇ ਨਿਸ਼ਾਨੇ ਦਾ ਐਲਾਨ ਕੀਤਾ ਅਤੇ ਯਾਤਰੀਆਂ ਨੂੰ ਕਥਿਤ ਧਮਕੀਆਂ ਦੇ ਕਾਰਨ ਏਅਰ ਇੰਡੀਆ ਰਾਹੀਂ ਉਡਾਣ ਨਾ ਭਰਨ ਦੀ ਸਲਾਹ ਦਿੱਤੀ ਹੈ। ਉਂਝ ਬਾਅਦ ਵਿਚ  ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਧਮਕੀਆਂ ਦੇਣ ਨਹੀਂ, ਬਲਕਿ ਬਾਈਕਾਟ ਕਰਨਾ ਸੀ।

ਕੈਨੇਡੀਅਨ ਅਧਿਕਾਰੀਆਂ ਨੇ ਅਜੇ ਪੂਰੀ ਤਰ੍ਹਾਂ ਇਹ ਨਹੀਂ ਦੱਸਿਆ ਹੈ ਕਿ ਇਹ ਵਧੀਆਂ ਹੋਈਆਂ ਜਾਂਚਾਂ ਕਿੰਨੇ ਸਮੇਂ ਤੱਕ ਚੱਲਣਗੀਆਂ। ਸਥਿਤੀ ਦੇ ਮੱਦੇਨਜ਼ਰ, ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਸਰਕਾਰ ਕੋਲ ਖ਼ਤਰੇ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਇਸ ਕਾਰਨ  ਚੌਕਸੀ ਵਜੋਂ ਟਰਾਂਸਪੋਰਟ ਕੈਨੇਡਾ ਨੇ ਕੈਨੇਡੀਅਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਲਈ ਸੁਰੱਖਿਆ ਪ੍ਰੋਟੋਕੋਲ ਵਧਾ ਦਿੱਤੇ ਹਨ। ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਹੈ ਕਿ ਵਧੇ ਹੋਏ ਸੁਰੱਖਿਆ ਉਪਾਅ ਅਸਥਾਈ ਹਨ, ਜਿਸ ਬਾਰੇ ਕੋਈ ਖ਼ਾਸ ਅੰਤ ਤਾਰੀਖ਼ ਨਹੀਂ ਦੱਸੀ ਗਈ ਹੈ। ਅਧਿਕਾਰੀ ਯਾਤਰੀਆਂ ਨੂੰ ਚੌਕਸ ਰਹਿਣ ਅਤੇ ਪਰੇਸ਼ਾਨੀ ਮੁਕਤ ਯਾਤਰਾ ਲਈ ਅੱਪਡੇਟ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦੇ ਹਨ।

Advertisement
×