ਕੈਨੇਡਾ: ਡਾਕ ਚੋਰ ਗਰੋਹ ਦਾ ਪਰਦਾਫਾਸ਼, ਪੁਲੀਸ ਵੱਲੋਂ ਅੱਠ ਪੰਜਾਬੀ ਗ੍ਰਿਫ਼ਤਾਰ
ਡਾਕ ਬਕਸੇ ਤੋੜ ਕੇ ਕੱਢ ਲੈਂਦੇ ਸਨ ਲੋਕਾਂ ਦੇ ਚੈੱਕ ਤੇ ਜ਼ਰੂਰੀ ਸਾਮਾਨ
ਪੀਲ ਪੁਲੀਸ ਨੇ ਡਾਕ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਅੱਠ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਟਨ ਪੁਲੀਸ ਤੇ ਕੈਨੇਡਾ ਪੋਸਟ ਨਾਲ ਮਿਲ ਕੇ ਬੀਤੇ ਦਿਨੀਂ ਚਲਾਏ ‘ਅਪਰੇਸ਼ਨ ਅਨਡਲਿਵਰਡ’ ਤਹਿਤ ਮੁਲਜ਼ਮਾਂ ਕੋਲੋਂ ਚਾਰ ਲੱਖ ਡਾਲਰ (ਢਾਈ ਕਰੋੜ ਰੁਪਏ) ਤੋਂ ਵੱਧ ਦੇ ਚੈੱਕ, ਕਾਰਡ, ਪਛਾਣ-ਪੱਤਰ ਸਮੇਤ 465 ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਇਹ ਸਾਰਾ ਸਾਮਾਨ ਲੋਕਾਂ ਦੇ ਡਾਕ ਬਕਸੇ ਤੋੜ ਕੇ ਕੱਢਿਆ ਸੀ। ਸਾਰੇ ਅੱਠ ਜਣਿਆਂ ਖ਼ਿਲਾਫ਼ ਵੱਖ-ਵੱਖ ਜੁਰਮਾਂ ਤਹਿਤ 344 ਦੋਸ਼ ਆਇਦ ਕੀਤੇ ਗਏ ਹਨ। ਪੀਲ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਪੀਲ ਤੇ ਹਾਲਟਨ ਖੇਤਰਾਂ ਵਿੱਚ ਲੋਕਾਂ ਦੇ ਡਾਕ ਬਕਸੇ ਤੋੜ ਕੇ ਸਾਮਾਨ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ’ਤੇ ਕਾਰਵਾਈ ਕਰਦਿਆਂ ਪੀਲ ਪੁਲੀਸ ਨੇ ‘ਅਪਰੇਸ਼ਨ ਅਨਡਲਿਵਰਡ’ ਆਰੰਭਿਆ, ਜਿਸ ਵਿੱਚ ਕੈਨੇਡਾ ਪੋਸਟ ਅਤੇ ਹਾਲਟਨ ਪੁਲੀਸ ਦੇ ਸਹਿਯੋਗ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੁਮਨਪ੍ਰੀਤ ਸਿੰਘ, ਗੁਰਦੀਪ ਚੱਠਾ, ਜਸ਼ਨਦੀਪ ਜਟਾਣਾ, ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਉਪਿੰਦਰਜੀਤ ਸਿੰਘ ਅਤੇ ਰਾਜਬੀਰ ਸਿੰਘ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਇਹ ਸਾਮਾਨ ਬਰਾਮਦ ਕੀਤਾ ਗਿਆ। ਇਸ ਵਿੱਚ 255 ਚੈੱਕ, 182 ਕਰੈਡਿਟ ਕਾਰਡ, 35 ਪਛਾਣ-ਪੱਤਰ ਅਤੇ 20 ਗਿਫਟ ਕਾਰਡ ਸ਼ਾਮਲ ਹਨ, ਜਿੰਨ੍ਹਾਂ ਦੀ ਕੁੱਲ ਕੀਮਤ ਚਾਰ ਲੱਖ ਡਾਲਰ ਬਣਦੀ ਹੈ। ਪੁਲੀਸ ਅਨੁਸਾਰ, ਮੁਲਜ਼ਮ ਡਾਕ ਬਕਸੇ ਤੋੜ ਕੇ ਦਸਤਾਵੇਜ਼ ਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰ ਲੈਂਦੇ ਸਨ, ਜਿਸ ਕਾਰਨ ਸਬੰਧਤ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੈਂਕੜੇ ਸ਼ਿਕਾਇਤਾਂ ਮਿਲਣ ਮਗਰੋਂ ਪੁਲੀਸ ਨੇ ਮੁਲਜ਼ਮਾਂ ਦੀਆਂ ਹਰਕਤਾਂ ’ਤੇ ਨਜ਼ਰ ਰੱਖ ਕੇ ਸਬੂਤ ਇਕੱਤਰ ਕੀਤੇ। ਪੁੱਛੇ ਜਾਣ ’ਤੇ ਪੁਲੀਸ ਨੇ ਦੱਸਿਆ ਕਿ ਅਦਾਲਤੀ ਕਾਰਵਾਈ ਦੌਰਾਨ ਮੁਲਜ਼ਮਾਂ ਨੂੰ ਡਿਪੋਰਟ ਕੀਤੇ ਜਾਣ ਦੀ ਕਾਰਵਾਈ ਆਰੰਭੀ ਜਾਵੇਗੀ।