ਕੈਨੇਡਾ: ਫਿਰੌਤੀ ਮੰਗਣ ਵਾਲੇ ਗਰੋਹ ਵੱਲੋਂ ਸਰੀ ਦੇ ਕਾਰੋਬਾਰੀ ਦੇ ਦਫਤਰ ’ਤੇ ਗੋਲੀਬਾਰੀ
ਫਿਰੌਤੀ ਮੰਗਣ ਵਾਲੇ ਗਰੋਹ ਵੱਲੋਂ ਲੰਘੀ ਰਾਤ ਸਰੀ ਦੇ ਯੌਰਕ ਸੈਂਟਰ ਵਿੱਚ ਸਥਿਤ ਕਾਰੋਬਾਰੀ ਸਿੱਧੂ ਟ੍ਰੈਵਲ ਦੇ ਦਫਤਰ ‘ਤੇ ਗੋਲੀਆਂ ਚਲਾਈਆਂ ਗਈਆਂ ਪਰ ਦਫਤਰ ਅੰਦਰ ਕਿਸੇ ਦੇ ਮੌਜੂਦ ਨਾ ਹੋਣ ਕਾਰਣ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕਾਰੋਬਾਰੀ ਸੰਨੀ ਸਿੱਧੂ ਨੇ ਦੱਸਿਆ ਕਿ ਉਸ ਨੂੰ ਗੋਲੀਬਾਰੀ ਦਾ ਪਤਾ ਦਫਤਰ ਆ ਕੇ ਲੱਗਾ, ਜਦ ਕਈ ਸ਼ੀਸ਼ੇ ਟੁੱਟੇ ਹੋਏ ਵੇਖੇ। ਕੁੱਲ 7 ਗੋਲੀਆਂ ਦੇ ਨਿਸ਼ਾਨ ਸਨ। ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਵੱਲੋਂ ਸੀਸੀਟੀਵੀ ਰਿਕਾਰਡਿੰਗ ਘੋਖਣ ’ਤੇ ਤਿੰਨ ਜਣਿਆਂ ਨੂੰ ਗੋਲੀਆਂ ਚਲਾਉਂਦੇ ਨਜ਼ਰ ਆਏ।
ਦੱਸਣਯੋਗ ਹੈ ਕਿ 128 ਸਟਰੀਟ ਤੇ 80 ਐਵੇਨਿਊ ਦੇ ਕੋਨੇ ਵਿੱਚ ਸਥਿਤ ਯੌਰਕ ਬਿਜ਼ਨਸ ਸੈਂਟਰ ਵਿੱਚ ਵੱਡੇ ਭਾਰਤੀ ਕਾਰੋਬਾਰੀਆਂ ਦਾ ਦਬਦਬਾ ਹੈ। ਸੰਨੀ ਸਿੱਧੂ ਦੇ ਟਰੈਵਲ ਸੇਵਾਵਾਂ ਦੇ ਨਾਲ ਨਾਲ ਮਨੀ ਟਰਾਂਸਫਰ ਦਾ ਕਾਰੋਬਾਰ ਵੀ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਤੋਂ ਫੋਨ 10 ਲੱਖ ਡਾਲਰ ਦੀ ਫਿਰੌਤੀ ਮੰਗੀ ਗਈ ਸੀ ਜਿਸ ਬਾਰੇ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ, ਪਰ ਪੁਲੀਸ ਨੇ ਰਿਪੋਰਟ ਲਿਖਣ ਤੋਂ ਅੱਗੇ ਕੋਈ ਕਾਰਵਾਈ ਨਾ ਕੀਤੀ।
ਹਾਲੇ ਪਿਛਲੇ ਹਫ਼ਤੇ ਹੀ ਇੱਕ ਕਾਰ ਵਾਸ਼ ਕਾਰੋਬਾਰੀ ਦੇ ਟਿਕਾਣੇ ’ਤੇ ਗੋਲੀਬਾਰੀ ਹੋਈ ਸੀ। ਉਸ ਤੋਂ ਪਹਿਲਾਂ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੇ ਕੈਫੇ ‘ਤੇ ਦੂਜੀ ਵਾਰ ਕੁਝ ਗੋਲੀਆਂ ਚੱਲੀਆਂ ਸਨ। ਪੁਲੀਸ ਦਾ ਮੰਨਣਾ ਹੈ ਕਿ ਗੋਲੀਬਾਰੀ ਫਿਰੌਤੀ ਦੇਣ ਲਈ ਡਰ ਪੈਦਾ ਕਰਨ ਵਾਸਤੇ ਕੀਤੀ ਜਾਂਦੀ ਹੈ। ਫਿਰੌਤੀ ਦੀਆਂ ਮੰਗਾਂ ਤੇ ਗੋਲੀਬਾਰੀ ਦੀਆਂ ਜ਼ਿੰਮੇਵਾਰੀਆਂ ਆਮ ਤੌਰ ਤੇ ਬਿਸ਼ਨੋਈ ਗੈਂਗ ਵਲੋਂ ਲਈਆਂ ਜਾਂਦੀਆਂ ਹਨ। ਲੰਘੇ ਹਫਤੇ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਫਿਰੌਤੀ ਗਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਬੀਤੀ ਰਾਤ ਵਾਲੀ ਗੋਲੀਬਾਰੀ ਦੀ ਘਟਨਾਂ ਤੋਂ ਭਾਰਤੀ ਕਾਰੋਬਾਰੀਆਂ ਦੇ ਮਨਾਂ ਵਿੱਚ ਫਿਰ ਤੋਂ ਖੌਫ਼ ਪੈਦਾ ਹੋ ਗਿਆ ਹੈ। ਉਨ੍ਹਾਂ ਦੇ ਕਾਰੋਬਾਰ ਸੁਰੱਖਿਅਤ ਨਹੀਂ ਹਨ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਿਵਰ, ਬੀਸੀ ਦੇ ਮੁੱਖ ਮੰਤਰੀ, ਸਰੀ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ, ਸਰੀ ਦੀ ਮੇਅਰ ਲਿੰਡਾ ਹੈਪਨਰ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਪਿਛਲੇ ਮਹੀਨੇ ਬਿਸ਼ਨੋਈ ਗੈਂਗ ਨੂੰ ਅਤਿਵਾਦੀ ਐਲਾਨਣ ਦੀ ਮੰਗ ਕੇਂਦਰ ਸਰਕਾਰ ਤੋਂ ਕਰ ਚੁੱਕੇ ਹਨ।