ਬਰਤਾਨੀਆ: ਸੰਸਦ ਦੇ ਬਾਹਰ ਪ੍ਰਦਰਸ਼ਨ ਕਰਦੇ 890 ਵਿਅਕਤੀ ਗ੍ਰਿਫ਼ਤਾਰ
ਫਲਸਤੀਨ ਐਕਸ਼ਨ ਗਰੁੱਪ ’ਤੇ ਪਾਬੰਦੀ ਦੇ ਵਿਰੋਧ ’ਚ ਲੋਕਾਂ ਨੇ ਕੀਤਾ ਪ੍ਰਦਰਸ਼ਨ
ਬਰਤਾਨੀਆ ਦੀ ਸੰਸਦ ਦੇ ਬਾਹਰ ਸ਼ਨਿਚਰਵਾਰ ਨੂੰ ਵੱਡੀ ਗਿਣਤੀ ਲੋਕਾਂ ਨੇ ਫਲਸਤੀਨ ਐਕਸ਼ਨ ਗਰੁੱਪ ’ਤੇ ਲਾਈ ਗਈ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਿਸ ਮਗਰੋਂ ਪੁਲੀਸ ਨੇ 890 ਤੋਂ ਵਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਮੈਟਰੋਪਾਲਿਟਨ ਪੁਲੀਸ ਨੇ ਅਧਿਕਾਰੀਆਂ ਨਾਲ ਝੜਪਾਂ ਦੀ ਨਿਖੇਧੀ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ‘ਮੈਂ ਨਸਲਕੁਸ਼ੀ ਦਾ ਵਿਰੋਧ ਕਰਦਾ ਹਾਂ’ ਅਤੇ ‘ਮੈਂ ਫਲਸਤੀਨ ਐਕਸ਼ਨ ਦੀ ਹਮਾਇਤ ਕਰਦਾ ਹਾਂ’ ਜਿਹੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਕੁਝ ਲੋਕਾਂ ਨੂੰ ਪੁਲੀਸ ਅਧਿਕਾਰੀਆਂ ’ਤੇ ਹਮਲਿਆਂ ਲਈ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੈਟਰੋਪਾਲਿਟਨ ਪੁਲੀਸ ਡਿਪਟੀ ਅਸਿਸਟੈਂਟ ਕਮਿਸ਼ਨਰ ਕਲੇਅਰ ਸਮਾਰਟ ਨੇ ਕਿਹਾ ਕਿ ਜਦੋਂ ਪੁਲੀਸ ਅਧਿਕਾਰੀ ਆਪਣਾ ਫ਼ਰਜ਼ ਨਿਭਾਅ ਰਹੇ ਸਨ ਤਾਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ, ਘਸੁੰਨ ਅਤੇ ਠੁੱਡੇ ਮਾਰੇ ਗਏ। ਉਸ ਨੇ ਕਿਹਾ ਕਿ ਇਹ ਸਹਿਣ ਨਹੀਂ ਕੀਤਾ ਜਾਵੇਗਾ ਕਿਉਂਕਿ ਪੁਲੀਸ ਅਮਨ-ਕਾਨੂੰਨ ਕਾਇਮ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਗ੍ਰਹਿ ਮੰਤਰੀ ਯਵੇਟ ਕੂਪਰ ਨੇ ਫਲਸਤੀਨ ਐਕਸ਼ਨ ਗਰੁੱਪ ’ਤੇ ਯੂਕੇ ਦੇ ਅਤਿਵਾਦ ਐਕਟ ਤਹਿਤ ਪਾਬੰਦੀ ਲਗਾ ਦਿੱਤੀ ਸੀ ਅਤੇ ਉਸ ਦੀ ਮੈਂਬਰੀ ਲੈਣ ਜਾਂ ਹਮਾਇਤ ਦੇਣ ਵਾਲੇ ਨੂੰ 14 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।

