ਕਾਠਮੰਡੂ, 8 ਜੁਲਾਈ
ਇੱਥੇ ਮੌਨਸੂਨ ਦੇ ਮੀਂਹ ਕਰਕੇ ਆਏ ਹੜ੍ਹ ਕਾਰਨ ਬੀਤੀ ਦੇਰ ਰਾਤ 18 ਵਿਅਕਤੀ ਨਦੀ ਵਿੱਚ ਵਹਿ ਗਏ ਤੇ ਰਾਸੁਵਾ ਜ਼ਿਲ੍ਹੇ ਵਿੱਚ ਨੇਪਾਲ ਨੂੰ ਚੀਨ ਨਾਲ ਜੋੜਨ ਵਾਲਾ ਮਿਤੇਰੀ ਪੁਲ ਵੀ ਢਹਿ ਗਿਆ। ਚੀਨ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਨੇਪਾਲ ਵਿੱਚ ਭੋਟੇਕੋਸ਼ੀ ਨਦੀ ’ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਛੇ ਚੀਨੀ ਨਾਗਰਿਕਾਂ ਸਮੇਤ 18 ਵਿਅਕਤੀ ਲਾਪਤਾ ਹਨ। ਇਸ ਦੌਰਾਨ ਨੇਪਾਲ ਫੌਜ, ਹਥਿਆਰਬੰਦ ਪੁਲੀਸ ਬਲ ਅਤੇ ਨੇਪਾਲ ਪੁਲੀਸ ਦੀ ਸਾਂਝੀ ਟੀਮ ਨੇ ਦੋ ਪੁਲੀਸ ਕਰਮਚਾਰੀਆਂ ਸਮੇਤ 11 ਵਿਅਕਤੀਆਂ ਨੂੰ ਬਚਾਇਆ। ਰਾਸੁਵਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਅਰਜੁਨ ਪੌਡੇਲ ਨੇ ਕਿਹਾ ਕਿ ਹੜ੍ਹ ਨਾਲ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਜਾਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਚੀਨ ਤੋਂ ਦਰਾਮਦ ਕੀਤੇ ਗਏ ਪੰਜ ਇਲੈਕਟ੍ਰਿਕ ਵਾਹਨ ਵੀ ਪਾਣੀ ਵਿੱਚ ਵਹਿ ਗਏ। ਪੁਲੀਸ ਨੇ ਸਵੇਰੇ ਧਾਡਿੰਗ ਜ਼ਿਲ੍ਹੇ ਵਿੱਚ ਤ੍ਰਿਸ਼ੂਲੀ ਨਦੀ ’ਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ। ਫਿਲਹਾਲ ਇਨ੍ਹਾਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਨੇਪਾਲ ਫੌਜ ਦੀ ਟੀਮ ਨੇ ਰਸੁਵਾਗੜੀ ਪਣਬਿਜਲੀ ਪ੍ਰਾਜੈਕਟ ’ਤੇ ਕੰਮ ਕਰ ਰਹੇ 23 ਕਾਮਿਆਂ ਨੂੰ ਵੀ ਬਚਾਇਆ, ਜਿਨ੍ਹਾਂ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ। ਹੜ੍ਹ ਕਾਰਨ ਪਣਬਿਜਲੀ ਪਲਾਂਟ ਨੂੰ ਵੀ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ ਹੈ। -ਪੀਟੀਆਈ
ਚੀਨ-ਨੇਪਾਲ ਸਰਹੱਦ ’ਤੇ ਜ਼ਮੀਨ ਖਿਸਕਣ ਕਾਰਨ 17 ਲਾਪਤਾ
ਪੇਈਚਿੰਗ: ਤਿੱਬਤ ਵਿੱਚ ਚੀਨ-ਨੇਪਾਲ ਸਰਹੱਦ ’ਤੇ ਸਥਿਤ ਬੰਦਰਗਾਹ ਇਲਾਕੇ ’ਚ ਅੱਜ ਜ਼ਮੀਨ ਖਿਸਕਣ ਕਾਰਨ 17 ਵਿਅਕਤੀ ਲਾਪਤਾ ਹੋ ਗਏ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ‘ਸ਼ਿਨਹੂਆ’ ਦੀ ਖ਼ਬਰ ਮੁਤਾਬਕ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਚੀਨ-ਨੇਪਾਲ ਸਰਹੱਦ ’ਤੇ ਸਥਿਤ ਗਈਰੋਂਗ ਬੰਦਰਗਾਹ ਇਲਾਕੇ ’ਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਜ਼ਮੀਨ ਦੀ ਖਿਸਕਣ ਦੀ ਘਟਨਾ ਸਵੇਰੇ ਲਗਪਗ 5 ਵਜੇ ਦੀ ਹੈ। ਲਾਪਤਾ ਲੋਕਾਂ ਵਿੱਚੋਂ 11 ਚੀਨ ਦੀ ਹੱਦ ਅੰਦਰ ਸਨ ਜਦਕਿ ਬਾਕੀ ਛੇ ਨੇਪਾਲੀ ਇਲਾਕੇ ’ਚ ਮੌਜੂਦ ਚੀਨ ਦੇ ਰਹਿਣ ਵਾਲੇ ਉਸਾਰੀ ਮਜ਼ਦੂਰ ਸਨ। ਗਈਰੋਂਗ ਬੰਦਰਗਾਹ, ਦੱਖਣ-ਪੱਛਮੀ ਚੀਨ ਦੇ ਤਿੱਬਤ ਖੁਦੁਮੁਖਤਿਆਰ ਖੇਤਰ ਸ਼ਿਗਾਜ਼ੇ ਸ਼ਹਿਰ ਦੇ ਗਈਰੋਂਗ ਕਸਬੇ ਵਿੱਚ ਹੈ। -ਪੀਟੀਆਈ