Bangladesh Air Force Base Attack: ਬੰਗਲਾਦੇਸ਼ ਦੇ Airbase 'ਤੇ ਹਮਲਾ ਨਾਕਾਮ; ਇੱਕ ਹਲਾਕ, ਕਈ ਜ਼ਖ਼ਮੀ
ਢਾਕਾ, 24 ਫਰਵਰੀ
ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ-ਪੂਰਬੀ ਕਸਬੇ ਕਾਕਸ ਬਾਜ਼ਾਰ (Cox's Bazar) ਵਿੱਚ ਬੰਗਲਾਦੇਸ਼ ਹਵਾਈ ਸੈਨਾ ਦੇ ਅੱਡੇ 'ਤੇ ਸੋਮਵਾਰ ਨੂੰ ਹੋਏ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਰੱਖਿਆ ਮੰਤਰਾਲੇ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ (ISPR) ਦੇ ਡਾਇਰੈਕਟੋਰੇਟ ਨੇ ਕਿਹਾ ਕਿ ਹਮਲਾਵਰਾਂ ਨੇ ਦੁਪਹਿਰ ਦੇ ਕਰੀਬ ਕਾਕਸ ਬਾਜ਼ਾਰ ਦੇ ਸਮਿਤੀ ਪਾਰਾ ਨੇੜੇ ਹਵਾਈ ਸੈਨਾ ਦੇ ਅੱਡੇ 'ਤੇ ਅਚਾਨਕ ਹਮਲਾ ਕੀਤਾ।
ਆਈਐਸਪੀਆਰ ਨੇ ਇੱਕ ਬਿਆਨ ਵਿੱਚ ਕਿਹਾ, "ਬੰਗਲਾਦੇਸ਼ ਹਵਾਈ ਸੈਨਾ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰ ਰਹੀ ਹੈ।"
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਸਲਾਹੂਦੀਨ ਨੇ ਕਿਹਾ: "ਇੱਕ ਸਥਾਨਕ ਵਪਾਰੀ 30 ਸਾਲਾ ਸ਼ਿਹਾਬ ਕਬੀਰ ਨੂੰ ਝੜਪ ਦੌਰਾਨ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਅਤੇ ਕਈ ਹੋਰ ਜ਼ਖਮੀ ਹੋ ਗਏ।" ਅਧਿਕਾਰੀ ਨੇ ਕਿਹਾ ਕਿ ਹਮਲੇ ਦੇ ਕਾਰਨਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਹਾਲਾਂਕਿ, ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਇੱਕ ਹਵਾਈ ਅੱਡੇ ਦੇ ਵਿਸਤਾਰ ਪ੍ਰੋਜੈਕਟ ਕਾਰਨ ਵਾਪਰੀ ਹੈ, ਜਿਸ ਵਿੱਚ ਗੁਆਂਢ ’ਚ ਰਹਿੰਦੇ ਲੋਕਾਂ ਨੂੰ ਉਥੋਂ ਉਜਾੜੇ ਜਾਣ ਦੀ ਲੋੜ ਹੈ ਪਰ ਕੁਝ ਲੋਕ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ।
ਗ਼ੌਰਤਲਬ ਹੈ ਕਿ ਇਹ ਹਮਲਾ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਸੇਵਾਮੁਕਤ ਲੈਫਟੀਨੈਂਟ ਜਨਰਲ ਐਮ ਜਹਾਂਗੀਰ ਆਲਮ ਚੌਧਰੀ (Home Affairs Adviser, retired Lieutenant General M Jahangir Alam Chowdhury) ਵੱਲੋਂ ਦੁਪਹਿਰ 12 ਵਜੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਏ ਜਾਣ ਦੇ ਕੁਝ ਸਮੇਂ ਬਾਅਦ ਹੋਇਆ। -ਪੀਟੀਆਈ