ਫਲਸਤੀਨ ਨੂੰ ਰਾਸ਼ਟਰ ਵਜੋਂ ਮਾਨਤਾ ਦੇਵੇਗਾ ਆਸਟਰੇਲੀਆ: ਐਲਬਨੀਜ਼
ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਫਲਸਤੀਨ ਨੂੰ ਮਾਨਤਾ ਦਿੱਤੇ ਜਾਣ ਦੀ ਯੋਜਨਾ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਆਸਟਰੇਲੀਆ, ਫਲਸਤੀਨ ਨੂੰ ਰਾਸ਼ਟਰ ਵਜੋਂ ਮਾਨਤਾ ਦੇਵੇਗਾ। ਉਨ੍ਹਾਂ ਸੰਕੇਤ ਦਿੱਤਾ ਕਿ ਸੰਯੁਕਤ ਰਾਸ਼ਟਰ ਜਿਸ ਵਿੱਚ ਫਰਾਂਸ, ਮਾਲਟਾ, ਬਰਤਾਨੀਆ ਅਤੇ ਕੈਨੇਡਾ ਸਣੇ ਹੋਰ ਦੇਸ਼ ਸ਼ਾਮਲ ਹਨ, ਦੀ ਅਗਲੇ ਮਹੀਨੇ ਹੋਣ ਵਾਲੀ ਮਹਾਸਭਾ ਵਿੱਚ ਫਲਸਤੀਨ ਨੂੰ ਰਾਸ਼ਟਰ ਵਜੋਂ ਮਾਨਤਾ ਦਿੱਤੇ ਜਾਣ ਦੀ ਯੋਜਨਾ ਹੈ। ਇਸ ਯੋਜਨਾ ਵਿੱਚ ਹੁਣ ਆਸਟਰੇਲੀਆ ਵੀ ਸ਼ਾਮਲ ਹੋਵੇਗਾ। ਰਾਜਧਾਨੀ ਕੈਨਬਰਾ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਜੰਗ ਪ੍ਰਭਾਵਿਤ ਮੱਧ ਪੂਰਬ ਖੇਤਰ ਦੀ ਅਧਿਕਾਰਤ ਮਾਨਤਾ ਨੂੰ ਗਾਜ਼ਾ ਵਿੱਚ ‘ਨਿਆਂਪੂਰਨ ਅਤੇ ਸਥਾਈ ਸ਼ਾਂਤੀ’ ਲਈ ਸਭ ਤੋਂ ਵਧੀਆ ਮੌਕਾ ਕਰਾਰ ਦਿੱਤਾ। ਉੱਧਰ, ਆਸਟਰੇਲੀਆ ਦੀ ਮੁੱਖ ਵਿਰੋਧੀ ਪਾਰਟੀ ਲਿਬਰਲ ਨੇ ਐਲਬਨੀਜ਼ ਦੇ ਬਿਆਨ ਨੂੰ ਅਮਰੀਕਾ-ਆਸਟਰੇਲੀਆ ਦੀ ਭਾਈਚਾਰਕ ਸਾਂਝ ਵਿੱਚ ਵਿਗਾੜ ਪਾਉਣ ਵਾਲਾ ਦੱਸਦਿਆਂ ਇਸ ਦੀ ਆਲੋਚਨਾ ਕੀਤੀ ਹੈ। ਵਿਰੋਧੀ ਪਾਰਟੀ ਨੇ ਇਸ ਨੂੰ ਕਾਹਲੀ ਵਿੱਚ ਚੁੱਕਿਆ ਗਿਆ ਕਦਮ ਕਰਾਰ ਦਿੱਤਾ ਹੈ।