Australia ਸਿਡਨੀ: ਤਨਖਾਹ ਵਾਧੇ ਦੀ ਮੰਗ ਕਰਦਿਆਂ ਰੇਲ ਵਰਕਰ ਯੂਨੀਅਨ ਵੱਲੋਂ ਹੜਤਾਲ, ਯਾਤਰੀ ਖੱਜਲ ਖੁਆਰ
Sydney train chaos: Train services cancelled and delays predicted to worsen
32 ਪ੍ਰਤੀਸ਼ਤ ਤਨਖਾਹ ਵਾਧੇ ਦੀ ਮੰਗ
ਗੁਰਚਰਨ ਸਿੰਘ ਕਾਹਲੋਂ
ਸਿਡਨੀ,15 ਫ਼ਰਵਰੀ
ਰੇਲ ਵਰਕਰ ਯੂਨੀਅਨ ਤੇ ਸਰਕਾਰ ਵਿਚਾਲੇ ਤਨਖਾਹ ਵਾਧੇ ਨੂੰ ਲੈ ਕਿ ਚੱਲ ਰਹੇ ਰੇੜਕੇ ਕਾਰਨ ਇੱਥੇ ਰੇਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਤਨਖਾਹ ਸਮਝੌਤੇ ਨੂੰ ਲੈ ਸ਼ੁੱਕਰਵਾਰ ਨੂੰ ਗੱਲਬਾਤ ਟੁੱਟਣ ਕਾਰਨ 90 ਫੀਸਦੀ ਰੇਲ ਸੇਵਾਵਾਂ ਵਿੱਚ ਦੇਰੀ ਜਾਂ ਰੱਦ ਹੋਣ ਤੋਂ ਬਾਅਦ ਯਾਤਰੀਆਂ ਨੂੰ ਖੱਜਲ ਖੁਆਰੀ ਝੱਲਣੀ ਪਈ। ਯੂਨੀਅਨ ਅਨੁਸਾਰ ਸਰਕਾਰ ਮੰਗਾਂ ਨੂੰ ਹੱਲ ਕਰਨ ਵਿੱਚ ਸੁਹਿਰਦਤਾ ਨਹੀਂ ਦਿਖਾ ਰਹੀ ਹੈ। ਜਦੋਂ ਕਿ ਸੂਬੇ ’ਚ ਲੇਬਰ ਸਰਕਾਰ ਦੀ ਅਗਵਾਈ ਕਰ ਰਹੇ ਪ੍ਰੀਮੀਅਮ ਨੇ ਕਿਹਾ ਕਿ ਰੇਲ ਵਰਕਰਾਂ ਨੂੰ ਆਪਣੀ ਹੜਤਾਲ/ਸਮੂਹਿਕ ਛੁੱਟੀ ਦਾ ਤਿਆਗ ਕਰਦਿਆਂ ਅੜੀਅਲ ਵਤੀਰਾ ਛੱਡ ਦੇਣਾ ਚਾਹੀਦਾ ਹੈ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਲਈ ਮੇਜ਼ ਉੱਤੇ ਆਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਅਤੇ ਰੇਲ ਯੂਨੀਅਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਤਨਖਾਹ ਵਿਵਾਦ ਹੁਣ ਸ਼ਬਦੀ ਜੰਗ ਵਿੱਚ ਬਦਲ ਗਿਆ ਹੈ। ਬੀਤੇ ਦਿਨ 800 ਤੋਂ ਵੱਧ ਰੇਲ ਸੇਵਾਵਾਂ ਰੱਦ ਕੀਤੀਆਂ ਗਈਆਂ ਅਤੇ ਲਗਭਗ 400 ਰੇਲ ਸੇਵਾਵਾਂ ਦੇਰੀ ਨਾਲ ਵੀ ਚੱਲੀਆਂ ਸਨ। ਰੇਲ ਟਰਾਂਸਪੋਰਟ ਨੇ ਸੰਭਾਵਨਾ ਜਤਾਈ ਹੈ ਕਿ ਵਿਵਾਦ ਅਗਲੇ ਹਫ਼ਤੇ ਤੱਕ ਵੀ ਜਾਰੀ ਰਹੇਗਾ, ਜਿਸ ਕਾਰਨ ਰੇਲ ਯਾਤਰੀਆਂ ਨੂੰ ਵੀਕਐਂਡ ਤੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਕੰਮਕਾਜੀ ਦਿਨਾਂ ਚ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਸੂਬੇ ਦੀ ਰੇਲ, ਟਰਾਮ ਅਤੇ ਬੱਸ ਯੂਨੀਅਨ ਦੇ ਸਕੱਤਰ ਟੋਬੀ ਵਾਰਨਜ਼ ਨੇ ਸਰਕਾਰ ਦੀ ਰੇਲ ਕਰਮਚਾਰੀਆਂ ਨੂੰ ਤਾਲਾਬੰਦੀ ਨੋਟਿਸ ਭੇਜਣ ਲਈ ਨਿੰਦਾ ਕੀਤੀ ਅਤੇ ਸੇਵਾਵਾਂ ਵਿੱਚ ਵਿਘਨ ਨੂੰ ‘ਸ਼ਰਮਨਾਕ’ ਦੱਸਿਆ ਹੈ। ਯੂਨੀਅਨਾਂ ਦੀਆਂ ਮੁੱਢਲੀਆਂ ਮੰਗਾਂ ’ਚ ਆਉਂਦੇ ਚਾਰ ਸਾਲਾਂ ਵਿੱਚ 32 ਪ੍ਰਤੀਸ਼ਤ ਤਨਖਾਹ ਵਾਧਾ ਮੁੱਖ ਹੈ।

