Astronaut Sunita Williams ਵਿਲੀਅਮਜ਼ ਤੇ ਵਿਲਮੋਰ ਨੂੰ ਪੁਲਾੜ ’ਚ ਵਾਧੂ ਸਮਾਂ ਬਿਤਾਉਣ ਲਈ ਨਹੀਂ ਮਿਲੇਗਾ ਓਵਰਟਾਈਮ
ਨਿਊ ਯਾਰਕ, 20 ਮਾਰਚ
ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੂੰ ਪੁਲਾੜ ਵਿਚ ਬਿਤਾਏ ਵਾਧੂ ਸਮੇਂ ਲਈ ਕੋਈ ਓਵਰਟਾਈਮ ਨਹੀਂ ਮਿਲੇਗਾ। ਵਿਲੀਅਮਜ਼ ਤੇ ਵਿਲਮੋਰ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ 286 ਦਿਨ ਬਿਤਾਉਣ ਮਗਰੋਂ ਮੰਗਲਵਾਰ ਨੂੰ ਧਰਤੀ ’ਤੇ ਪਰਤੇ ਹਨ।
ਦੋਵੇਂ ਪੁਲਾੜ ਯਾਤਰੀ ਇਕ ਹਫ਼ਤੇ ਦੇ ਮਿਸ਼ਨ ਲਈ ਪੁਲਾੜ ਵਿਚ ਗਏ ਸਨ, ਪਰ ਕੁਝ ਤਕਨੀਕੀ ਮੁਸ਼ਕਲਾਂ ਕਰਕੇ ਉਨ੍ਹਾਂ ਨੂੰ ਨੌਂ ਮਹੀਨੇ ਦੇ ਕਰੀਬ (278 ਦਿਨ) ਵਾਧੂ ਸਮਾਂ ਉਥੇ ਰਹਿਣਾ ਪਿਆ।
ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਨੇਮਾਂ ਮੁਤਾਬਕ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ’ਚ ਵਾਧੂ ਸਮਾਂ ਬਿਤਾਉਣ ਬਦਲੇ ਕੋਈ ਓਵਰਟਾਈਮ ਨਹੀਂ ਮਿਲੇਗਾ।
NYT ਨੇ ਕਿਹਾ ਕਿ ਉਨ੍ਹਾਂ ਦੀ ਦੂਰ-ਦੁਰਾਡੇ ਮੰਜ਼ਿਲ ਅਤੇ ਪੁਲਾੜ ਯਾਤਰਾ ਦੇ ਖ਼ਤਰੇ ਦੇ ਬਾਵਜੂਦ, ਜਦੋਂ ਤਨਖਾਹ ਦੀ ਗੱਲ ਆਉਂਦੀ ਹੈ, ਤਾਂ ਪੁਲਾੜ ਯਾਤਰੀਆਂ ਨਾਲ ‘ਕਿਸੇ ਵੀ ਹੋਰ ਸਰਕਾਰੀ ਕਰਮਚਾਰੀ, ਜੋ ਕਾਰੋਬਾਰੀ ਯਾਤਰਾ ’ਤੇ ਜਾਂਦਾ ਹੈ’ ਵਾਂਗ ਵਿਵਹਾਰ ਕੀਤਾ ਜਾਂਦਾ ਹੈ।
ਏਜੰਸੀ ਦੇ ਸਪੇਸ ਓਪਰੇਸ਼ਨ ਮਿਸ਼ਨ ਡਾਇਰੈਕਟੋਰੇਟ ਦੇ ਬੁਲਾਰੇ ਜਿਮੀ ਰਸਲ ਨੇ ਇਕ ਈਮੇਲ ਰਾਹੀਂ NYT ਨੂੰ ਦੱਸਿਆ, ‘‘ਪੁਲਾੜ ਵਿੱਚ ਠਹਿਰ ਦੌਰਾਨ ਨਾਸਾ ਦੇ ਪੁਲਾੜ ਯਾਤਰੀ ਉੱਤੇ ਸੰਘੀ ਕਰਮਚਾਰੀਆਂ ਵਾਲੇ ਅਧਿਕਾਰਤ ਯਾਤਰਾ ਆਦੇਸ਼ ਲਾਗੂ ਹੁੰਦੇ ਹਨ।’’
ਵਿਲੀਅਮਜ਼ ਅਤੇ ਵਿਲਮੋਰ ਨੌਂ ਮਹੀਨਿਆਂ ਤੋਂ ਵੱਧ ਸਮੇਂ ਲਈ ਆਪਣੀ ਕੰਮ ਵਾਲੀ ਥਾਂ ਛੱਡਣ ਤੋਂ ਅਸਮਰੱਥ ਸਨ, ਪਰ ਰਸਲ ਨੇ ਕਿਹਾ ਕਿ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਮੌਜੂਦ ਪੁਲਾੜ ਯਾਤਰੀਆਂ ਨੂੰ ਕੋਈ ਓਵਰਟਾਈਮ, ਛੁੱਟੀਆਂ ਜਾਂ ਵੀਕਐਂਡ ਤਨਖਾਹ ਨਹੀਂ ਮਿਲਦੀ।
ਰਸਲ ਨੇ ਕਿਹਾ ਕਿ ਉਨ੍ਹਾਂ ਦੀ ਆਵਾਜਾਈ, ਖਾਣਾ ਅਤੇ ਰਿਹਾਇਸ਼ ਦਾ ਖਰਚਾ ਕਵਰ ਕੀਤਾ ਜਾਂਦਾ ਹੈ, ਅਤੇ ਵਰਕ ਟ੍ਰਿਪ ਲਈ ਦੂਜੇ ਸੰਘੀ ਕਰਮਚਾਰੀਆਂ ਵਾਂਗ ਉਨ੍ਹਾਂ ਨੂੰ ਰੋਜ਼ਾਨਾ ‘incidentials’ ਭੱਤਾ ਮਿਲਦਾ ਹੈ। ਇਹ ਯਾਤਰਾ ਖਰਚਿਆਂ ਦੀ ਅਦਾਇਗੀ ਦੀ ਥਾਂ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ਪ੍ਰਤੀ ਦਿਨ ਦਾ ਭੁਗਤਾਨ ਹੈ।
ਨਾਸਾ ਮੁਤਾਬਕ ਵਿਲੀਅਮਜ਼ ਤੇ ਵਿਲਮੋਰ ਨੂੰ ਉਨ੍ਹਾਂ ਦੀ ਸਾਲਾਨਾ ਤਨਖਾਹ, ਜੋ ਕਰੀਬ 152,258 ਡਾਲਰ ਹੈ, ਤੋਂ ਇਲਾਵਾ ਪੁਲਾੜ ਵਿੱਚ ਆਪਣੇ 286 ਦਿਨਾਂ ਲਈ ਕਰੀਬ 1,430 ਡਾਲਰ ਮਿਲੇ ਹਨ। -ਪੀਟੀਆਈ