Bangladesh ਮੁਜੀਬੁਰ ਰਹਿਮਾਨ ਦੀ ਰਿਹਾਇਸ਼ ’ਤੇ ਅੱਗਜ਼ਨੀ ਸਾਡਾ ਅੰਦਰੂਨੀ ਮਸਲਾ: ਬੰਗਲਾਦੇਸ਼
ਢਾਕਾ, 9 ਫਰਵਰੀ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਅੱਜ ਕਿਹਾ ਕਿ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬੁਰ ਰਹਿਮਾਨ ਦੀ ਰਿਹਾਇਸ਼ ਉੱਤੇ ਭੰਨਤੋੜ ਤੇ ਅੱਗਜ਼ਨੀ ਦੀ ਘਟਨਾ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ ਤੇ ਭਾਰਤ ਵੱਲੋਂ ਇਸ ਘਟਨਾ ਬਾਰੇ ਕੀਤੀਆਂ ਟਿੱਪਣੀਆਂ ‘ਗੈਰਵਾਜਬ’ ਹਨ।
ਚੇਤੇ ਰਹੇ ਕਿ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਲੰਘੇ ਬੁੁੱਧਵਾਰ ਨੂੰ ਰਹਿਮਾਨ ਦੀ ਢਾਕਾ ਵਿਚਲੀ 32 ਧਾਨਮੰਡੀ ਰਿਹਾਇਸ਼ ਨੂੰ ਅੱਗ ਲਾ ਦਿੱਤੀ ਸੀ। ਭਾਰਤ ਨੇ ਇਸ ਇਤਿਹਾਸਕ ਰਿਹਾਇਸ਼ ਵਿਚ ਕੀਤੀ ਅੱਗਜ਼ਨੀ ਤੇ ਭੰਨਤੋੜ ਉੱਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਇਸ ਕਾਰਵਾਈ ਦੀ ਸ਼ਖਤ ਸ਼ਬਦਾਂ ਵਿਚ ਨਿਖੇਧੀ ਕਰਨੀ ਬਣਦੀ ਹੈ।
ਸਰਕਾਰੀ ਖ਼ਬਰ ਏਜੰਸੀ ਬੀਐੇੱਸਐੱਸ ਨੇ ਮੰਤਰਾਲੇ ਦੇ ਤਰਜਮਾਨ ਮੁਹੰਮਦ ਰਫ਼ੀਕੁਲ ਆਲਮ ਦੇ ਹਵਾਲੇ ਨਾਲ ਕਿਹਾ, ‘‘ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ 6 ਫਰਵਰੀ ਨੂੰ ਕੀਤੀ ਟਿੱਪਣੀ ਅੰਤਰਿਮ ਸਰਕਾਰ ਦੇ ਧਿਆਨ ਵਿਚ ਆਈ ਹੈ। ਬੰਗਲਾਦੇਸ਼ ਦੇ ਅੰਦਰੂਨੀ ਮਾਮਲਿਆਂ ਬਾਰੇ ਭਾਰਤ ਦੇ ਵਿਦੇਸ਼ ਮੰਤਰਾਲੇ ਦੀਆਂ ਅਜਿਹੀਆਂ ਟਿੱਪਣੀਆਂ ਗੈਰਵਾਜਬ ਹਨ।’’ ਆਲਮ ਨੇ ਕਿਹਾ, ‘‘ਬੰਗਲਾਦੇਸ਼ ਨੇ ਕਦੇ ਵੀ ਕਿਸੇ ਹੋਰ ਮੁਲਕ ਦੇ ਅੰਦਰੂਨੀ ਮਾਮਲੇ ਬਾਰੇ ਅਧਿਕਾਰਤ ਟਿੱਪਣੀ ਨਹੀਂ ਕੀਤੀ ਤੇ ਉਹ ਬਦਲੇ ਵਿਚ ਹੋਰਨਾਂ ਤੋਂ ਵੀ ਇਹੀ ਆਸ ਕਰਦੇ ਹਨ।’’
ਉਧਰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸ਼ੇਖ ਮੁਜੀਬੁਰ ਰਹਿਮਾਨ ਦੀ ਰਿਹਾਇਸ਼ ’ਤੇ ਅੱਗਜ਼ਨੀ ਦੀ ਘਟਨਾ ਨੂੰ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ‘ਭੜਕਾਊ’ ਤਕਰੀਰ ਦਾ ਸਿੱਟਾ ਦੱਸਿਆ ਸੀ। -ਪੀਟੀਆਈ