DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ: ਟਰੰਪ ਨੂੰ ਮਾਰਨ ਦੀ ਦੂਜੀ ਵਾਰ ਹੋਈ ਕੋਸ਼ਿਸ਼

ਵਾਸ਼ਿੰਗਟਨ, 16 ਸਤੰਬਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਫਲੋਰੀਡਾ ਦੇ ਵੈਸਟ ਪਾਮ ਬੀਚ ’ਤੇ ਉਸ ਸਮੇਂ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਆਪਣੇ ਗੌਲਫ਼ ਕਲੱਬ ’ਚ ਖੇਡ ਰਹੇ ਸਨ। ਫੈਡਰਲ ਜਾਂਚ ਬਿਊਰੋ ਦੇ ਅਧਿਕਾਰੀਆਂ ਨੇ ਇਸ ਨੂੰ...

  • fb
  • twitter
  • whatsapp
  • whatsapp
featured-img featured-img
ਘਟਨਾ ਸਥਾਨ ’ਤੇ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ ਤੇ (ਇਨਸੈੱਟ) ਸ਼ੱਕੀ ਹਮਲਾਵਰ ਰਿਆਨ ਵੈਸਲੇ ਰਾਊਥ ਦੀ ਪੁਰਾਣੀ ਤਸਵੀਰ। -ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ, 16 ਸਤੰਬਰ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਫਲੋਰੀਡਾ ਦੇ ਵੈਸਟ ਪਾਮ ਬੀਚ ’ਤੇ ਉਸ ਸਮੇਂ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਆਪਣੇ ਗੌਲਫ਼ ਕਲੱਬ ’ਚ ਖੇਡ ਰਹੇ ਸਨ। ਫੈਡਰਲ ਜਾਂਚ ਬਿਊਰੋ ਦੇ ਅਧਿਕਾਰੀਆਂ ਨੇ ਇਸ ਨੂੰ ਨਾਕਾਮ ਬਣਾ ਦਿੱਤਾ ਅਤੇ ਮਸ਼ਕੂਕ ਨੂੰ ਹਿਰਾਸਤ ’ਚ ਲੈ ਲਿਆ, ਜਿਸ ਦੀ ਪਛਾਣ ਰਿਆਨ ਵੈਸਲੇ ਰਾਊਥ ਵਜੋਂ ਹੋਈ ਹੈ। ਅਧਿਕਾਰੀਆਂ ਮੁਤਾਬਕ ਟਰੰਪ ਸੁਰੱਖਿਅਤ ਹਨ। ਇਸ ਘਟਨਾ ਤੋਂ ਸਿਰਫ਼ ਨੌਂ ਹਫ਼ਤੇ ਪਹਿਲਾਂ ਬੰਦੂਕਧਾਰੀ ਨੇ ਪੈਨਸਿਲਵੇਨੀਆ ’ਚ 13 ਜੁਲਾਈ ਨੂੰ ਚੋਣ ਰੈਲੀ ਦੌਰਾਨ ਟਰੰਪ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਸਨ। ਇਸ ਹਮਲੇ ’ਚ ਇਕ ਗੋਲੀ ਟਰੰਪ ਦੇ ਸੱਜੇ ਕੰਨ ਨੂੰ ਛੂਹ ਕੇ ਨਿਕਲ ਗਈ ਸੀ।

Advertisement

ਮਿਆਮੀ ’ਚ ਵਿਸ਼ੇਸ਼ ਏਜੰਟ ਇੰਚਾਰਜ ਰਾਫ਼ੇਲ ਬੈਰੋਸ ਨੇ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਖ਼ੁਫ਼ੀਆ ਸੇਵਾ ਦੇ ਏਜੰਟ ਨੇ ਟਰੰਪ ਇੰਟਰਨੈਸ਼ਨਲ ਗੌਲਫ਼ ਕਲੱਬ ਨੇੜੇ ਬੰਦੂਕਧਾਰੀ ’ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਏਜੰਸੀ ਇਹ ਯਕੀਨੀ ਤੌਰ ’ਤੇ ਨਹੀਂ ਆਖ ਸਕਦੀ ਕਿ ਹਿਰਾਸਤ ’ਚ ਲਏ ਮੁਲਜ਼ਮ ਨੇ ਜਵਾਬੀ ਗੋਲੀਆਂ ਚਲਾਈਆਂ ਜਾਂ ਨਹੀਂ। ਟਰੰਪ ਜਿਥੇ ਗੌਲਫ਼ ਖੇਡ ਰਹੇ ਸਨ, ਉਥੋਂ ਕੁਝ ਦੂਰੀ ’ਤੇ ਲੁਕੇ ਅਮਰੀਕੀ ਸੀਕਰੇਟ ਸਰਵਿਸ ਦੇ ਏਜੰਟ ਨੇ ਦੇਖਿਆ ਕਿ ਕਰੀਬ 400 ਗਜ਼ ਦੀ ਦੂਰੀ ’ਤੇ ਝਾੜੀਆਂ ਵਿਚਕਾਰ ਰਾਈਫ਼ਲ ਦਿਖ ਰਹੀ ਹੈ। ਪਾਮ ਬੀਚ ਕਾਊਂਟੀ ਦੇ ਸ਼ੈਰਿਫ਼ ਰਿਕ ਬਰੈਡਸ਼ਾਅ ਨੇ ਦੱਸਿਆ ਕਿ ਏਜੰਟ ਨੇ ਗੋਲੀ ਚਲਾਈ, ਜਿਸ ਮਗਰੋਂ ਮਸ਼ਕੂਕ ਭੱਜ ਗਿਆ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੇ ਟਰੰਪ ਸ਼ੱਕੀ ਤੋਂ 300 ਤੋਂ 500 ਗਜ਼ ਦੂਰ ਸਨ। ਟਰੰਪ ਨੇ ਆਪਣੇ ਸਮਰਥਕਾਂ ਨੂੰ ਭੇਜੇ ਇਕ ਸੁਨੇਹੇ ’ਚ ਕਿਹਾ, ‘ਮੇਰੇ ਨੇੜੇ ਗੋਲੀਬਾਰੀ ਦੀਆਂ ਆਵਾਜ਼ਾਂ ਆ ਰਹੀਆਂ ਸਨ ਪਰ ਇਸ ਤੋਂ ਪਹਿਲਾਂ ਕਿ ਅਫ਼ਵਾਹਾਂ ਕੰਟਰੋਲ ਤੋਂ ਬਾਹਰ ਹੋ ਜਾਣ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੁਰੱਖਿਅਤ ਅਤੇ ਠੀਕ ਹਾਂ।’ ਟਰੰਪ ਨੇ ਲਿਖਿਆ ਕਿ ਉਨ੍ਹਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਹੈ। ਉਨ੍ਹਾਂ ਨੇ ਸੀਕਰੇਟ ਸਰਵਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਹੈ। ਸੁਰੱਖਿਆ ਏਜੰਸੀਆਂ ਨਾਲ ਜੁੜੇ ਤਿੰਨ ਸੂਤਰਾਂ ਨੇ ਦੱਸਿਆ ਕਿ ਹਵਾਈ ਸਥਿਤ ਛੋਟੀ ਨਿਰਮਾਣ ਕੰਪਨੀ ਦੇ ਮਾਲਕ ਰਿਆਨ ਵੈਸਲੇ ਰਾਊਥ ਨੂੰ ਐਤਵਾਰ ਦੀ ਘਟਨਾ ਲਈ ਹਿਰਾਸਤ ’ਚ ਲਿਆ ਗਿਆ ਹੈ। ‘ਨਿਊਯਾਰਕ ਪੋਸਟ’ ਦੀ ਰਿਪੋਰਟ ਮੁਤਾਬਕ ਰਾਊਥ ਦਾ ਨੌਰਥ ਕੈਰੋਲੀਨਾ ’ਚ ਪੁਰਾਣਾ ਰਿਕਾਰਡ ਹੈ ਅਤੇ ਉਹ ਸਿਆਸਤ ਨਾਲ ਜੁੜੇ ਮਾਮਲਿਆਂ ’ਤੇ ਅਕਸਰ ਪੋਸਟ ਸਾਂਝੀ ਕਰਦਾ ਰਹਿੰਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ’ਤੇ ਹਮਲੇ ਬਾਰੇ ਜਾਣਕਾਰੀ ਲਈ ਹੈ। ਹੈਰਿਸ ਨੇ ਕਿਹਾ ਕਿ ਅਮਰੀਕਾ ’ਚ ਹਿੰਸਾ ਲਈ ਕੋਈ ਥਾਂ ਨਹੀਂ ਹੈ। -ਪੀਟੀਆਈ

Advertisement
×