ਇਮਰਾਨ ਨਾਲ ਮੁਲਾਕਾਤ ਨਾ ਕਰਨ ਦੇਣ ਤੋਂ ਖਫ਼ਾ ਅਫਰੀਦੀ ਨੇ ਧਰਨਾ ਦਿੱਤਾ
ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਪਾਰਟੀ ਸਮਰਥਕਾਂ ਨੇ ਆਵਾਜ਼ ਬੁਲੰਦ ਕੀਤੀ
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਨੇ ਇੱਥੇ ਅਡਿਆਲਾ ਜੇਲ੍ਹ ’ਚ ਬੰਦ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਅੱਠਵੀਂ ਵਾਰ ਵੀ ਮੁਲਾਕਾਤ ਕਰਨ ਦੀ ਆਗਿਆ ਨਾ ਦਿੱਤੇ ਜਣ ਤੋਂ ਖਫ਼ਾ ਹੋ ਕੇ ਜੇਲ੍ਹ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨਾਲ ਪੀ ਟੀ ਆਈ ਦੇ ਸਮਰਥਕ ਵੀ ਸਨ, ਜਿਨ੍ਹਾਂ ਜੇਲ੍ਹ ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਪਰ ਉਨ੍ਹਾਂ ਨੂੰ ਫੈਕਟਰੀ ਨਾਕੇ ’ਤੇ ਭਾਰੀ ਪੁਲੀਸ ਫੋਰਸ ਵੱਲੋਂ ਰੋਕ ਲਿਆ ਗਿਆ, ਜਿਸ ਕਾਰਨ ਉਨ੍ਹਾਂ ਨੁੂੰ ਮਜਬੂਰਨ ਉੱਥੇ ਹੀ ਧਰਨਾ ਦੇਣਾ ਪਿਆ।
ਇਸ ਮੌਕੇ ਸ੍ਰੀ ਅਫ਼ਰੀਦੀ ਨੇ ਵਿਧਾਇਕ ਹਾਫਿਜ਼ ਫਰਹਤ ਅੱਬਾਸ ਵੱਲੋਂ ਦਿੱਤੇ ਜਾ ਰਹੇ ਧਰਨੇ ’ਤੇ ਹੀ ਦੁਆ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ੍ਰੀ ਅਫ਼ਰੀਦੀ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਨੂੰ ਉਸੇ ਥਾਂ ’ਤੇ ਰੋਕਿਆ ਹੈ, ਜਿੱਥੇ ਪਿਛਲੇ ਹਫ਼ਤੇ ਉਨ੍ਹਾਂ ਨੂੰ ਰੋਕਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਖਾਨ ਦੀਆਂ ਭੈਣਾਂ, ਵਕੀਲਾਂ, ਡਾਕਟਰਾਂ ਤੇ ਪਾਰਟੀ ਆਗੂਆਂ ਨੂੁੰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ।
ਇਸ ਤੋਂ ਪਹਿਲਾਂ ਤਹਿਰੀਕ-ਏ-ਇਨਸਾਫ਼ (ਪੀ ਟੀ ਆਈ) ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਖਾਨ ਨਾਲ ਮੁਲਾਕਾਤ ਕਰਵਾਉਣ ਦੀ ਮੰਗ ਕੀਤੀ ਸੀ। ਪਾਰਟੀ ਆਗੂਆਂ ਦਾ ਕਹਿਣਾ ਸੀ ਕਿ ਉਹ ਇਮਰਾਨ ਖਾਨ ਦੀ ਸਿਹਤ ਲਈ ਫ਼ਿਕਰਮੰਦ ਹਨ ਕਿਉਂਕਿ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਵਕੀਲਾਂ ਨਾਲ ਮਿਲਣ ਨਹੀਂ ਦਿੱਤਾ ਗਿਆ।
ਇਮਰਾਨ ਪੂਰੀ ਤਰ੍ਹਾਂ ਤੰਦਰੁਸਤ: ਜੇਲ੍ਹ ਅਧਿਕਾਰੀ
ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਖਰਾਬ ਹੋਣ ਸਬੰਧੀ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫ਼ਵਾਹਾਂ ਰੱਦ ਕਰਦਿਆਂ ਅਡਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਡਿਆਲਾ ਜੇਲ੍ਹ ਅੰਦਰ ਪੂਰੀ ਤਰ੍ਹਾਂ ਸਿਹਤਯਾਬ ਹਨ। ਜੇਲ੍ਹ ਪ੍ਰਸ਼ਾਸਨ ਮੁਤਾਬਕ ਪਾਰਟੀ ਲੀਡਰਸ਼ਿਪ ਨੂੰ ਇਮਰਾਨ ਖਾਨ ਦੀ ਸਿਹਤ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

