ਅਫ਼ਗਾਨ-ਪਾਕਿ ਵਾਰਤਾ ਬਿਨਾਂ ਕਿਸੇ ਸਮਝੌਤੇ ਤੋਂ ਸਮਾਪਤ
ਦੋਵੇਂ ਧਿਰਾਂ ਦਰਮਿਆਨ ਤਣਾਅ ਬਰਕਰਾਰ; ਕਾਬੁਲ ਤੋਂ ਨਹੀਂ ਮਿਲਿਆ ਲਿਖਤੀ ਭਰੋਸਾ
ਪਾਕਿਸਤਾਨ ਅਤੇ ਅਫ਼ਗਾਨ ਤਾਲਿਬਾਨ ਦਰਮਿਆਨ ਸ਼ਾਂਤੀ ਵਾਰਤਾ ‘ਸਰਹੱਦ ਪਾਰ ਅਤਿਵਾਦ’ ਦੇ ਗੁੰਝਲਦਾਰ ਮੁੱਦਿਆਂ ਤੋਂ ਨਜਿੱਠਣ ਲਈ ਕਿਸੇ ਸਮਝੌਤੇ ਤੋਂ ਬਿਨਾਂ ਹੀ ਸਮਾਪਤ ਹੋ ਗਈ। ਸਿਖ਼ਰਲੇ ਅਧਿਕਾਰੀਆਂ ਮੁਤਾਬਕ ਦੋਵੇਂ ਧਿਰਾਂ ਦਰਮਿਆਨ ਤਣਾਅ ਬਰਕਰਾਰ ਰਿਹਾ।
ਤੀਜੇ ਗੇੜ ਦੀ ਗੱਲਬਾਤ ਵੀਰਵਾਰ ਨੂੰ ਸ਼ੁਰੂ ਹੋਈ ਅਤੇ ਦੋ ਦਿਨਾਂ ਤੱਕ ਜਾਰੀ ਰਹੀ ਪਰ ਇਸ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਾਬੁਲ ਤੋਂ ਲਿਖਤੀ ਭਰੋਸਾ ਪ੍ਰਾਪਤ ਕਰਨ ਵਿੱਚ ਸਫ਼ਲਤਾ ਨਹੀਂ ਮਿਲੀ। ਇਨ੍ਹਾਂ ਅਤਿਵਾਦੀਆਂ ’ਤੇ ਅਫ਼ਗਾਨ ਦੀ ਧਰਤੀ ਦਾ ਇਸਤੇਮਾਲ ਕਰ ਕੇ ਪਾਕਿਸਤਾਨ ਖ਼ਿਲਾਫ਼ ਹਮਲਾ ਕਰਨ ਦਾ ਦੋਸ਼ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਲੰਘੀ ਰਾਤ ਇਕ ਨਿੱਜੀ ਟੀ ਵੀ ਚੈਨਲ ਨੂੰ ਦੱਸਿਆ ਕਿ ਵਾਰਤਾ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਚੌਥੇ ਗੇੜ ਦੀ ਵਾਰਤਾ ਦਾ ਕੋਈ ਪ੍ਰੋਗਰਾਮ ਨਹੀਂ ਹੈ। ਜੀਓ ਟੀ ਵੀ ਦੀ ਖ਼ਬਰ ਮੁਤਾਬਕ, ਉਨ੍ਹਾਂ ਕਿਹਾ, ‘‘ਪੂਰਨ ਤਣਾਅ ਹੈ। ਵਾਰਤਾ ਬੇਯਕੀਨੀ ਦੇ ਦੌਰ ਵਿੱਚ ਦਾਖ਼ਲ ਹੋ ਗਈ ਹੈ।’’ ਮੰਤਰੀ ਨੇ ਦੋਵੇਂ ਗੁਆਂਢੀ ਮੁਲਕਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਲਈ ਤੁਰਕੀ ਅਤੇ ਕਤਰ ਦੀਆਂ ਇਮਾਨਦਾਰ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਉਹ ਸਾਡੇ ਰੁਖ਼ ਦਾ ਸਮਰਥਨ ਕਰਦੇ ਹਨ। ਇੱਥੋਂ ਤੱਕ ਅਫ਼ਗਾਨ ਵਫ਼ਦ ਵੀ ਸਾਡੇ ਨਾਲ ਸਹਿਮਤ ਸੀ। ਹਾਲਾਂਕਿ, ਉਹ ਲਿਖਤੀ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਤਿਆਰ ਨਹੀਂ ਸਨ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿਰਫ਼ ਰਸਮੀ, ਲਿਖਤ ਸਮਝੌਤੇ ਨੂੰ ਹੀ ਸਵੀਕਾਰ ਕਰੇਗਾ। ਆਸਿਫ ਨੇ ਕਿਹਾ, ‘‘ਉਹ ਚਾਹੁੰਦੇ ਸੀ ਕਿ ਜ਼ੁਬਾਨੀ ਭਰੋਸਾ ਸਵੀਕਾਰ ਕੀਤਾ ਜਾਵੇ, ਜੋ ਵਾਰਤਾ ’ਚ ਸੰਭਵ ਨਹੀਂ ਹੈ।’’ -ਪੀਟੀਆਈ

