ਯੂ ਐੱਸ ਬਾਰਡਰ ਪੈਟਰੋਲ ਖੁਫੀਆ ਪ੍ਰੋਗਰਾਮ ਤਹਿਤ ਦੇਸ਼ ਭਰ ’ਚ ਲੱਖਾਂ ਅਮਰੀਕੀ ਡਰਾਈਵਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਲੋਕਾਂ ਦੀ ਪਛਾਣ ਕਰਕੇ ਹਿਰਾਸਤ ’ਚ ਲਿਆ ਜਾ ਸਕੇ ਜਿਨ੍ਹਾਂ ਦੀ ਯਾਤਰਾ ਸ਼ੱਕੀ ਲਗਦੀ ਹੈ। ਏ ਪੀ ਨੇ ਆਪਣੀ ਪੜਤਾਲ ਦੌਰਾਨ ਇਹ ਜਾਣਕਾਰੀ ਦਿੱਤੀ ਹੈ।
ਬਾਰਡਰ ਪੈਟਰੋਲ ਦੇ ਖੁਫੀਆ ਪ੍ਰੋਗਰਾਮ ਦੇ ਨਤੀਜੇ ਵਜੋਂ ਲੋਕਾਂ ਨੂੰ ਰੋਕਿਆ ਗਿਆ, ਉਨ੍ਹਾਂ ਦੀ ਤਲਾਸ਼ੀ ਲਈ ਗਈ ਅਤੇ ਕੁਝ ਮਾਮਲਿਆਂ ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਕੈਮਰਿਆਂ ਦਾ ਨੈੱਟਵਰਕ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਜਾਣਕਾਰੀ ਸਕੈਨ ਤੇ ਰਿਕਾਰਡ ਕਰਦਾ ਹੈ ਅਤੇ ਐਲਗੋਰਿਦਮ ਉਨ੍ਹਾਂ ਵਾਹਨਾਂ ਦੀ ਇਸ ਆਧਾਰ ’ਤੇ ਨਿਸ਼ਾਨਦੇਹੀ ਕਰਕੇ ਸ਼ੱਕੀ ਮੰਨਦਾ ਹੈ ਕਿ ਉਹ ਕਿੱਥੋਂ ਆਏ ਸਨ, ਕਿੱਥੇ ਜਾ ਰਹੇ ਸਨ ਤੇ ਕਿਸ ਰਸਤੇ ’ਤੇ ਗਏ ਸਨ। ਫੈਡਰਲ ਏਜੰਟ ਬਦਲੇ ਵਿੱਚ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੂਚਿਤ ਕਰਦੇ ਹਨ। ਫਿਰ ਅਚਾਨਕ ਡਰਾਈਵਰਾਂ ਨੂੰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ, ਮੁੜਨ ਦਾ ਸਿਗਨਲ ਨਾ ਹੋਣ ਜਾਂ ਇੱਥੋਂ ਤੱਕ ਕਿ ਲਟਕਦੇ ਹੋਏ ਏਅਰ ਫਰੈਸ਼ਨਰ ਕਾਰਨ ਦਿਖਾਈ ਨਾ ਦੇਣ ਜਿਹੇ ਕਾਰਨਾਂ ਕਰਕੇ ਰੋਕਿਆ ਜਾਂਦਾ ਹੈ। ਫਿਰ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਤਲਾਸ਼ੀ ਲਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਰਾਡਾਰ ’ਤੇ ਲਿਆ ਦਿੱਤਾ ਹੈ। ਏ ਪੀ ਨੇ ਇਸ ਪ੍ਰੋਗਰਾਮ ਬਾਰੇ ਸਿੱਧੀ ਜਾਣਕਾਰੀ ਰੱਖਣ ਵਾਲੇ ਅੱਠ ਸਾਬਕਾ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਦੇ ਆਧਾਰ ’ਤੇ ਪੁਣ-ਛਾਣ ਕੀਤੀ ਹੈ ਤੇ ਨਾਲ ਹੀ ਹਜ਼ਾਰਾਂ ਪੰਨਿਆਂ ਦੇ ਅਦਾਲਤੀ ਅਤੇ ਸਰਕਾਰੀ ਦਸਤਾਵੇਜ਼ਾਂ, ਕਾਨੂੰਨੀ ਅੰਕੜਿਆਂ ਅਤੇ ਗ੍ਰਿਫ਼ਤਾਰੀ ਰਿਪੋਰਟਾਂ ਦੀ ਵੀ ਸਮੀਖਿਆ ਕੀਤੀ ਹੈ।
ਬਾਰਡਰ ਪੈਟਰੋਲ ਦੀ ਮੂਲ ਏਜੰਸੀ ਯੂ ਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਕਿਹਾ ਕਿ ਉਹ ਖ਼ਤਰਿਆਂ ਦੀ ਪਛਾਣ ਕਰਨ ਅਤੇ ਅਪਰਾਧਿਕ ਨੈੱਟਵਰਕ ਭੰਗ ਕਰਨ ਵਿੱਚ ਮਦਦ ਲਈ ਲਾਇਸੈਂਸ ਪਲੇਟ ਰੀਡਰਾਂ ਦੀ ਵਰਤੋਂ ਕਰਦੇ ਹਨ ਅਤੇ ਇਹ ਤਕਨਾਲੋਜੀ ‘ਬਹੁ-ਪਧਰੀ ਨੀਤੀ ਢਾਂਚੇ ਦੇ ਨਾਲ-ਨਾਲ, ਸੰਘੀ ਕਾਨੂੰਨ ਅਤੇ ਸੰਵਿਧਾਨਕ ਸੁਰੱਖਿਆਵਾਂ ਰਾਹੀਂ ਕੰਟਰੋਲ ਹੁੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਤਕਨਾਲੋਜੀ ਦੀ ਵਰਤੋਂ ਜ਼ਿੰਮੇਵਾਰੀ ਨਾਲ ਅਤੇ ਸੁਰੱਖਿਆ ਟੀਚਿਆਂ ਲਈ ਕੀਤੀ ਜਾਵੇ।

