ਗਾਜ਼ਾ ਵਿਚ ਇਜ਼ਰਾਇਲੀ ਹਮਲਿਆਂ ’ਚ 57 ਫਲਸਤੀਨੀਆਂ ਦੀ ਮੌਤ
ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲਿਆਂ ਅਤੇ ਗੋਲਾਬਾਰੀ ਵਿੱਚ ਘੱਟੋ-ਘੱਟ 57 ਫਲਸਤੀਨੀ ਮਾਰੇ ਗਏ। ਇਜ਼ਰਾਈਲ ਨੇ ਇਹ ਹਮਲਾ ਅਜਿਹੇ ਸਮੇਂ ਕੀਤਾ ਜਦੋਂ ਹਮਾਸ ਨੇ ਪਿਛਲੇ ਕਰੀਬ ਦੋ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ...
ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲਿਆਂ ਅਤੇ ਗੋਲਾਬਾਰੀ ਵਿੱਚ ਘੱਟੋ-ਘੱਟ 57 ਫਲਸਤੀਨੀ ਮਾਰੇ ਗਏ। ਇਜ਼ਰਾਈਲ ਨੇ ਇਹ ਹਮਲਾ ਅਜਿਹੇ ਸਮੇਂ ਕੀਤਾ ਜਦੋਂ ਹਮਾਸ ਨੇ ਪਿਛਲੇ ਕਰੀਬ ਦੋ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਜਵੀਜ਼ ’ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਟਰੰਪ ਵੱਲੋਂ ਪੇਸ਼ ਕੀਤੀ ਗਈ ਯੋਜਨਾ ਤਹਿਤ ਹਮਾਸ ਨੂੰ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਲੜਾਈ ਖਤਮ ਕਰਨ ਦੇ ਬਦਲੇ ਸਾਰੇ 48 ਬੰਧਕਾਂ ਨੂੰ ਵਾਪਸ ਕਰਨਾ ਹੋਵੇਗਾ ਅਤੇ ਸੱਤਾ ਤੇ ਨਿਸ਼ਸਤਰੀਕਰਨ ਛੱਡਣਾ ਹੋਵੇਗਾ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਦੀ ਤਜਵੀਜ਼ ਨੂੰ ਸਵੀਕਾਰ ਕਰ ਲਿਆ ਹੈ, ਪਰ ਇਸ ਵਿਚ ਫਲਸਤੀਨ ਨੂੰ ਇੱਕ ਦੇਸ਼ ਵਜੋਂ ਮਾਨਤਾ ਦੇਣ ਦਾ ਕੋਈ ਜ਼ਿਕਰ ਨਹੀਂ ਹੈ।
ਉਧਰ ਫਲਸਤੀਨੀ ਚਾਹੁੰਦੇ ਹਨ ਕਿ ਜੰਗ ਖਤਮ ਹੋਵੇ, ਪਰ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟਰੰਪ ਦੀ ਸ਼ਾਂਤੀ ਯੋਜਨਾ ਇਜ਼ਰਾਈਲ ਪੱਖੀ ਹੈ। ਹਮਾਸ ਦੇ ਇੱਕ ਅਧਿਕਾਰੀ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਤਜਵੀਜ਼ ਦੀਆਂ ਕੁਝ ਸ਼ਰਤਾਂ ਅਸਵੀਕਾਰਨਯੋਗ ਸਨ, ਹਾਲਾਂਕਿ ਉਸ ਨੇ ਤਫ਼ਸੀਲ ਵਿੱਚ ਨਹੀਂ ਦੱਸਿਆ।
ਦੋ ਮੁੱਖ ਵਿਚੋਲਗੀ ਕਰਨ ਵਾਲੇ ਦੇਸ਼ਾਂ, ਕਤਰ ਅਤੇ ਮਿਸਰ ਨੇ ਵੀ ਕਿਹਾ ਕਿ ਕੁਝ ਮੁੱਦਿਆਂ ’ਤੇ ਹੋਰ ਗੱਲਬਾਤ ਦੀ ਲੋੜ ਹੈ। ਨਾਸਿਰ ਹਸਪਤਾਲ ਮੁਤਾਬਕ ਦੱਖਣੀ ਗਾਜ਼ਾ ਵਿੱਚ ਇਜ਼ਰਾਇਲੀ ਗੋਲੀਬਾਰੀ ਵਿੱਚ ਘੱਟੋ-ਘੱਟ 29 ਲੋਕ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ 14 ਜਣੇ ਇਜ਼ਰਾਇਲੀ ਫੌਜੀ ਗਲਿਆਰੇ ਵਿੱਚ ਮਾਰੇ ਗਏ, ਜਿੱਥੇ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਦਿੱਤਾ ਜਾਂਦਾ ਹੈ।
ਕੇਂਦਰੀ ਸ਼ਹਿਰ ਦੀਰ ਅਲ-ਬਲਾਹ ਦੇ ਅਲ ਅਕਸਾ ਸ਼ਾਹਿਦ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਇਲੀ ਹਮਲਿਆਂ ਵਿੱਚ ਮਾਰੇ ਗਏ 16 ਲੋਕਾਂ ਦੀਆਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ ਹਨ। ਡਾਕਟਰਜ਼ ਵਿਦਾਊਟ ਬਾਰਡਰਜ਼ ਨੇ ਕਿਹਾ ਕਿ ਉਨ੍ਹਾਂ ਦੇ ਇੱਕ ਕਿੱਤਾਮੁਖੀ ਥੈਰੇਪਿਸਟ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਉਹ ਦੀਰ ਅਲ-ਬਲਾਹ ਵਿੱਚ ਬੱਸ ਦੀ ਉਡੀਕ ਕਰ ਰਹੇ ਸਨ।
ਗਾਜ਼ਾ ਸ਼ਹਿਰ ਦੇ ਸ਼ਿਫਾ ਹਸਪਤਾਲ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪੰਜ ਲਾਸ਼ਾਂ ਅਤੇ ਕਈ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਹੋਰ ਹਸਪਤਾਲਾਂ ਨੇ ਇਜ਼ਰਾਇਲੀ ਗੋਲੀਬਾਰੀ ਨਾਲ ਸੱਤ ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਜ਼ਰਾਇਲੀ ਫੌਜ ਨੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ।