ਕੋਲੰਬੀਆ ਦੇ ਦੱਖਣ-ਪੱਛਮੀ ਹਿੱਸੇ ਵਿੱਚ ਬਾਗੀ ਗਰੁੱਪ ਦੇ ਪ੍ਰਭਾਵ ਵਾਲੇ ਖੇਤਰ ਵਿੱਚ ਗੈਰ-ਕਾਨੂੰਨੀ ਫਸਲਾਂ ਨੂੰ ਬਦਲਣ ਦੇ ਪ੍ਰੋਗਰਾਮ ਲਾਗੂ ਕਰਨ ਲਈ ਕੰਮ ਕਰ ਰਹੇ ਫ਼ੌਜ ਦੇ 45 ਜਵਾਨਾਂ ਨੂੰ ਸੈਂਕੜੇ ਲੋਕਾਂ ਨੇ ਘੇਰ ਕੇ ਅਗਵਾ ਕਰ ਲਿਆ ਹੈ। ਫ਼ੌਜ ਨੇ ਦੱਸਿਆ ਕਿ ਇਹ ਘਟਨਾ ਕੌਕਾ ਵਿਭਾਗ ਦੇ ਮਿਕਾਏ ਕੈਨਯੋਨ ਵਿੱਚ ਵਾਪਰੀ। ਇਹ ਸਾਬਕਾ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਆਫ ਕੋਲੰਬੀਆ (ਐੱਫ ਏ ਆਰ ਸੀ) ਤੋਂ ਵੱਖ ਹੋਏ ਬਾਗੀ ਧੜੇ ਦਾ ਮੌਜੂਦਾ ਗੜ੍ਹ ਹੈ। ਇਹ ਗਰੁੱਪ ਫ਼ੌਜੀ ਟਿਕਾਣਿਆਂ ’ਤੇ ਹਮਲੇ ਕਰ ਰਿਹਾ ਹੈ। ਫ਼ੌਜ ਨੇ ਦੱਸਿਆ ਕਿ 600 ਦੇ ਕਰੀਬ ਵਿਅਕਤੀਆਂ ਨੇ 45 ਜਵਾਨਾਂ ਨੂੰ ਖੇਤਰ ਵਿੱਚ ਤਾਇਨਾਤ ਹੋਣ ਤੋਂ ਰੋਕਦਿਆਂ ਉਨ੍ਹਾਂ ਨੂੰ ਘੇਰ ਕੇ ਅਗਵਾ ਕਰ ਲਿਆ। ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਜਿਹੀ ਦੂਜੀ ਘਟਨਾ ਹੈ। ਅਗਸਤ ਵਿੱਚ ਵੀ 33 ਜਵਾਨਾਂ ਨੂੰ ਗੁਆਵੀਆਰੇ ਦੇ ਦੱਖਣੀ ਵਿਭਾਗ ਵਿੱਚ ਬਾਗੀ ਗਰੁੱਪਾਂ ਦੇ ਹੁਕਮਾਂ ’ਤੇ ਕੰਮ ਕਰ ਰਹੇ ਕੁੱਝ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ।