DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ਦੀ ਰਡਾਰ ’ਤੇ ਪਾਕਿਸਤਾਨ ਸਮੇਤ 43 ਮੁਲਕ

ਵੀਜ਼ਾ ਪਾਬੰਦੀਆਂ ਲਗਾਉਣ ਲਈ ਮੁਲਕਾਂ ਨੂੰ ਤਿੰਨ ਵਰਗਾਂ ’ਚ ਵੰਡਿਆ; ‘ਲਾਲ’ ਸੂਚੀ ਵਿੱਚ 11 ਮੁਲਕ ਸ਼ਾਮਲ
  • fb
  • twitter
  • whatsapp
  • whatsapp
Advertisement
ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 15 ਮਾਰਚ

Advertisement

ਟਰੰਪ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ 43 ਮੁਲਕਾਂ ਦੇ ਨਾਗਰਿਕਾਂ ’ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਦਾ ਇਨ੍ਹਾਂ ਮੁਲਕਾਂ ਨੂੰ ਤਿੰਨ ਵਰਗਾਂ ’ਚ ਵੰਡਣ ਦਾ ਇਰਾਦਾ ਹੈ। ਪਾਕਿਸਤਾਨ, ਅਫ਼ਗਾਨਿਸਤਾਨ, ਭੂਟਾਨ ਅਤੇ ਇਰਾਨ ਦਾ ਜ਼ਿਕਰ ਉਨ੍ਹਾਂ ਮੁਲਕਾਂ ਵਜੋਂ ਕੀਤਾ ਗਿਆ ਹੈ, ਜੋ ਪਾਬੰਦੀਆਂ ਦਾ ਹਿੱਸਾ ਹੋਣਗੇ। ਡਿਪਲੋਮੈਟਿਕ ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਤਿਆਰ ਸਿਫ਼ਾਰਸ਼ਾਂ ਦੀ ਖਰੜਾ ਸੂਚੀ ਮੁਤਾਬਕ 11 ਮੁਲਕਾਂ ਦੇ ਨਾਗਰਿਕਾਂ ਨੂੰ ‘ਲਾਲ’ ਸੂਚੀ ’ਚ ਰੱਖਿਆ ਗਿਆ ਹੈ, ਜਿਨ੍ਹਾਂ ਦੇ ਅਮਰੀਕਾ ’ਚ ਦਾਖ਼ਲੇ ’ਤੇ ਪੂਰੀ ਤਰ੍ਹਾਂ ਰੋਕ ਹੋਵੇਗੀ। ‘ਨਿਊਯਾਰਕ ਟਾਈਮਜ਼’ ਅਨੁਸਾਰ ਇਨ੍ਹਾਂ ਮੁਲਕਾਂ ’ਚ ਅਫ਼ਗਾਨਿਸਤਾਨ, ਭੂਟਾਨ, ਕਿਊਬਾ, ਇਰਾਨ, ਲਿਬੀਆ, ਉੱਤਰੀ ਕੋਰੀਆ, ਸੋਮਾਲੀਆ, ਸੂਡਾਨ, ਸੀਰੀਆ, ਵੈਨੇਜ਼ੁਏਲਾ ਅਤੇ ਯਮਨ ਸ਼ਾਮਲ ਹਨ।

ਦੂਜੀ ‘ਔਰੇਂਜ ਸੂਚੀ’ ਹੈ, ਜਿਸ ਦਾ ਮਤਲਬ ਹੈ ਕਿ ਵੀਜ਼ਿਆਂ ’ਤੇ ਸਖ਼ਤ ਪਾਬੰਦੀਆਂ ਲਾਈਆਂ ਜਾਣਗੀਆਂ। ‘ਔਰੇਂਜ’ ਸੂਚੀ ’ਚ 10 ਮੁਲਕ ਸ਼ਾਮਲ ਹਨ ਜਿਨ੍ਹਾਂ ਦੇ ਨਾਗਰਿਕਾਂ ਦੀ ਯਾਤਰਾ ’ਤੇ ਸਖ਼ਤ ਪਾਬੰਦੀ ਹੋਵੇਗੀ। ਉਂਜ ਇਨ੍ਹਾਂ ਮੁਲਕਾਂ ਦੇ ਨਾਗਰਿਕ ਕਾਰੋਬਾਰ ਸਮੇਤ ਕੁਝ ਹੋਰ ਵਿਸ਼ੇਸ਼ ਵੀਜ਼ੇ ਹਾਸਲ ਕਰਨ ਦੇ ਯੋਗ ਹੋਣਗੇ ਪਰ ਉਨ੍ਹਾਂ ਨੂੰ ਵਿਅਕਤੀਗਤ ਤੌਰ ’ਤੇ ਇੰਟਰਵਿਊ ’ਚ ਪੇਸ਼ ਹੋਣਾ ਹੋਵੇਗਾ। ਇਸ ਸੂਚੀ ’ਚ ਬੇਲਾਰੂਸ, ਐਰੀਟ੍ਰਿਆ, ਹੈਤੀ, ਲਾਓਸ, ਮਿਆਂਮਾਰ, ਪਾਕਿਸਤਾਨ, ਰੂਸ, ਸਿਏਰਾ ਲਿਓਨ, ਦੱਖਣੀ ਸੂਡਾਨ ਅਤੇ ਤੁਰਕਮੇਨਿਸਤਾਨ ਸ਼ਾਮਲ ਹਨ।

ਤੀਜੀ ਸ਼੍ਰੇਣੀ ‘ਯੈਲੋ’ ਹੈ ਅਤੇ ਇਸ ’ਚ 22 ਮੁਲਕ ਸ਼ਾਮਲ ਹਨ ਜਿਨ੍ਹਾਂ ਨੂੰ ਸੁਰੱਖਿਆ ਅਤੇ ਜਾਣਕਾਰੀ ਨਾਲ ਸਬੰਧਤ ਖ਼ਦਸ਼ਿਆਂ ਜਾਂ ਜੋਖਮਾਂ ਨੂੰ ਦਰੁੱਸਤ ਕਰਨ ਲਈ 60 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਇਨ੍ਹਾਂ ਮੁਲਕਾਂ ’ਚ ਅੰਗੋਲਾ, ਐਂਟੀਗੁਆ ਤੇ ਬਾਰਬੂਡਾ, ਬੇਨਿਨ, ਬੁਰਕੀਨਾ ਫਾਸੋ, ਕੰਬੋਡੀਆ, ਕੈਮਰੂਨ, ਕੇਪ ਵੇਰਡੇ, ਚਾਡ, ਰਿਪਬਲਿਕ ਆਫ਼ ਕਾਂਗੋ, ਡੈਮੋਕਰੈਟਿਕ ਰਿਪਬਲਿਕ ਆਫ਼ ਕਾਂਗੋ, ਡੋਮੀਨਿਕਾ, ਇਕੁਆਟੋਰੀਅਲ ਗਿਨੀ, ਗਾਂਬੀਆ, ਲਾਈਬੇਰੀਆ, ਮਾਲਾਵੀ, ਮਾਲੀ, ਮੌਰੀਟਾਨੀਆ, ਸੇਂਟ ਕਿਟਜ਼ ਐਂਡ ਨੇਵਿਸ, ਸੇਂਟ ਲੂਸੀਆ, ਸਾਓ ਟੋਮ ਤੇ ਪ੍ਰਿੰਸੀਪੇ, ਵਾਨੂਆਤੂ ਅਤੇ ਜ਼ਿੰਬਾਬਵੇ ਸ਼ਾਮਲ ਹਨ। ਵਿਦੇਸ਼ ਵਿਭਾਗ ਦੇ ਅਧਿਕਾਰੀ, ਸੁਰੱਖਿਆ ਮਾਹਿਰ ਅਤੇ ਖ਼ੁਫ਼ੀਆ ਏਜੰਸੀਆਂ ਖਰੜਾ ਸੂਚੀ ਦੀ ਨਜ਼ਰਸਾਨੀ ਕਰ ਰਹੇ ਹਨ। ਉਨ੍ਹਾਂ ਵੱਲੋਂ ਸੂਚੀਆਂ ’ਚ ਖਾਮੀਆਂ ਦੇ ਮੁਲਾਂਕਣ ਤੋਂ ਇਲਾਵਾ ਕੁਝ ਖਾਸ ਮੁਲਕਾਂ ਨਾਲ ਰਿਸ਼ਤਿਆਂ ’ਤੇ ਪੈਣ ਵਾਲੇ ਅਸਰ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਅਮਰੀਕੀ ਮੀਡੀਆ ਮੁਤਾਬਕ ਕੌਮਾਂਤਰੀ ਸਹਿਯੋਗ ਸਬੰਧੀ ਤਰਜੀਹਾਂ ਖਾਤਰ ਤਜਵੀਜ਼ ’ਚ ਸੋਧ ਕੀਤੀ ਜਾ ਸਕਦੀ ਹੈ।

ਟਰੰਪ ਨੇ ਪਹਿਲੇ ਕਾਰਜਕਾਲ ਦੌਰਾਨ ਵੀ ਲਾਈਆਂ ਸਨ ਪਾਬੰਦੀਆਂ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਦਾਲਤਾਂ ਨੇ ਯਾਤਰਾ ਪਾਬੰਦੀਆਂ ਨਾਲ ਸਬੰਧਤ ਹੁਕਮਾਂ ’ਤੇ ਰੋਕ ਲਗਾ ਦਿੱਤੀ ਸੀ ਪਰ ਬਾਅਦ ’ਚ ਸੁਪਰੀਮ ਕੋਰਟ ਨੇ ਅੱਠ ਮੁਲਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਸੋਧੇ ਫ਼ੈਸਲਿਆਂ ਨੂੰ ਬਹਾਲ ਰੱਖਿਆ ਸੀ। ਫਿਰ ਜੋਅ ਬਾਇਡਨ ਨੇ ਆਪਣੇ ਕਾਰਜਕਾਲ ਦੌਰਾਨ ਟਰੰਪ ਦੀਆਂ ਯਾਤਰਾ ਪਾਬੰਦੀਆਂ ਨੂੰ ਰੱਦ ਕਰ ਦਿੱਤਾ ਸੀ।

Advertisement
×