ਗਾਜ਼ਾ ਦੇ ਦੱਖਣੀ ਸ਼ਹਿਰ ਖ਼ਾਨ ਯੂਨਿਸ ’ਚ ਇਜ਼ਰਾਇਲੀ ਫੌਜ ਵੱਲੋਂ ਵੀਰਵਾਰ ਤੜਕੇ ਕੀਤੇ ਗਏ ਹਮਲਿਆਂ ’ਚ ਪੰਜ ਹੋਰ ਲੋਕ ਮਾਰੇ ਗਏ। ਫ਼ਲਤਸੀਨੀ ਇਲਾਕੇ ’ਚ ਇਜ਼ਰਾਈਲ ਵੱਲੋਂ ਬੀਤੇ 12 ਘੰਟਿਆਂ ਦੌਰਾਨ ਕੀਤੇ ਗਏ ਹਵਾਈ ਹਮਲਿਆਂ ’ਚ ਮੌਤਾਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। ਗੋਲੀਬੰਦੀ ਦਾ 10 ਅਕਤੂਬਰ ਨੂੰ ਸਮਝੌਤਾ ਹੋਣ ਮਗਰੋਂ ਇਜ਼ਰਾਈਲ ਨੇ ਕੁਝ ਜ਼ੋਰਦਾਰ ਹਮਲੇ ਕੀਤੇ ਹਨ। ਇਜ਼ਰਾਈਲ ਨੇ ਕਿਹਾ ਕਿ ਬੁੱਧਵਾਰ ਨੂੰ ਖ਼ਾਨ ਯੂਨਿਸ ’ਚ ਉਸ ਦੇ ਜਵਾਨਾਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਦੇ ਜਵਾਬ ’ਚ ਇਹ ਕਾਰਵਾਈ ਕੀਤੀ ਗਈ ਹੈ। ਨਾਸਿਰ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜ ਔਰਤਾਂ ਅਤੇ ਪੰਜ ਬੱਚਿਆਂ ਸਮੇਤ 17 ਲੋਕਾਂ ਦੀਆਂ ਲਾਸ਼ਾਂ ਪਹੁੰਚੀਆਂ ਹਨ। ਇਜ਼ਰਾਈਲ ਨੇ ਤੰਬੂਆਂ ’ਚ ਪਨਾਹ ਲੈਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਹਵਾਈ ਹਮਲੇ ਕੀਤੇ। ਅਲ-ਸ਼ਿਫ਼ਾ ਹਸਪਤਾਲ ਮੁਤਾਬਕ ਗਾਜ਼ਾ ਸਿਟੀ ’ਚ ਦੋ ਹਵਾਈ ਹਮਲਿਆਂ ’ਚ 16 ਜਣੇ ਮਾਰੇ ਗਏ ਜਿਨ੍ਹਾਂ ’ਚ ਸੱਤ ਬੱਚੇ ਅਤੇ ਤਿੰਨ ਔਰਤਾਂ ਸ਼ਾਮਲ ਹਨ। ਹਮਾਸ ਨੇ ਇਜ਼ਰਾਇਲੀ ਹਮਲਿਆਂ ਦੀ ਨਿਖੇਧੀ ਕਰਦਿਆਂ ਉਸ ਨੂੰ ਕਤਲੇਆਮ ਕਰਾਰ ਦਿੱਤਾ ਹੈ। ਹਮਾਸ ਨੇ ਬਿਆਨ ਜਾਰੀ ਕਰਕੇ ਇਜ਼ਰਾਇਲੀ ਫੌਜੀਆਂ ’ਤੇ ਗੋਲੀਆਂ ਚਲਾਉਣ ਤੋਂ ਇਨਕਾਰ ਕੀਤਾ। ਇਸ ਦੌਰਾਨ ਇਜ਼ਰਾਈਲ ਨੇ ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਕਿ ਡਰੋਨ ਹਮਲੇ ’ਚ ਹਿਜ਼ਬੁੱਲਾ ਦਾ ਕਾਰਕੁਨ ਮਾਰਿਆ ਗਿਆ। ਉਧਰ, ਇਜ਼ਰਈਲ ਨੇ ਬੈਥਲਹੈਮ ਨੇੜੇ ਗਸ਼ ਐਟਜ਼ਿਓਨ ’ਚ ਨਵੀਂ ਬਸਤੀ ਬਣਾਈ ਹੈ।
ਇਜ਼ਰਾਈਲ ’ਤੇ ਜੰਗੀ ਅਪਰਾਧ ਦੇ ਦੋਸ਼
ਯੇਰੂਸ਼ਲਮ: ਮਨੁੱਖੀ ਹੱਕਾਂ ਬਾਰੇ ਜਥੇਬੰਦੀ ਹਿਊਮਨ ਰਾਈਟਸ ਵਾਚ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਪੱਛਮੀ ਕੰਢੇ ਦੇ ਤਿੰਨ ਸ਼ਰਨਾਰਥੀ ਕੈਂਪਾਂ ’ਚੋਂ ਜਬਰੀ 32 ਹਜ਼ਾਰ ਫ਼ਲਸਤੀਨੀਆਂ ਨੂੰ ਕੱਢਣ ਦੌਰਾਨ ਜੰਗੀ ਅਤੇ ਮਨੁੱਖਤਾ ਵਿਰੋਧੀ ਅਪਰਾਧ ਕੀਤੇ ਹੋ ਸਕਦੇ ਹਨ। ਜਥੇਬੰਦੀ ਨੇ ਰਿਪੋਰਟ ’ਚ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਵਿੱਤ ਮੰਤਰੀ ਬੇਜ਼ਾਲੇਲ ਸਮੋਤਰਿਚ ਅਤੇ ਰੱਖਿਆ ਮੰਤਰੀ ਇਸਰਾਈਲ ਕਾਟਜ਼ ਸਮੇਤ ਹੋਰ ਇਜ਼ਰਾਇਲੀ ਅਧਿਕਾਰੀਆਂ ਖ਼ਿਲਾਫ਼ ਜੰਗੀ ਅਪਰਾਧਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੇ ਉਹ ਦੋਸ਼ੀ ਮਿਲਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਜ਼ਰਾਈਲ ਨੇ ਪੱਛਮੀ ਕੰਢੇ ਦੇ ਉੱਤਰ ’ਚ ਸ਼ਰਨਾਰਥੀ ਕੈਂਪਾਂ ’ਤੇ ਛਾਪੇ ਮਾਰ ਕੇ ਹਜ਼ਾਰਾਂ ਫ਼ਲਸਤੀਨੀਆਂ ਨੂੰ ਦਰ-ਬਦਰ ਕਰ ਦਿੱਤਾ ਸੀ ਜੋ 1967 ਦੀ ਮੱਧ-ਪੂਰਬੀ ਜੰਗ ਮਗਰੋਂ ਇਲਾਕੇ ’ਚ ਸਭ ਤੋਂ ਵੱਡਾ ਉਜਾੜਾ ਸੀ।

