ਰੂਸ ਵੱਲੋਂ ਯੂਕਰੇਨ ’ਚ ਜੇਲ੍ਹ ਅਤੇ ਮੈਡੀਕਲ ਕੇਂਦਰ ’ਤੇ ਰਾਤ ਭਰ ਕੀਤੇ ਹਮਲਿਆਂ ’ਚ ਘੱਟੋ-ਘੱਟ 22 ਵਿਅਕਤੀ ਮਾਰੇ ਗਏ। ਰੂਸ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਬੰਦੀਆਂ ਅਤੇ ਟੈਕਸ ਲਾਉਣ ਦੀ ਧਮਕੀ ਦੇ ਬਾਵਜੂਦ ਰਿਹਾਇਸ਼ੀ ਇਲਾਕਿਆਂ ’ਚ ਹਮਲੇ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਦੇ ਦੱਖਣੀ-ਪੂੂਰਬੀ ਜ਼ੈਪੋਰਿਜ਼ੀਆ ਇਲਾਕੇ ’ਚ ਇੱਕ ਜੇਲ੍ਹ ’ਤੇ ਚਾਰ ਸ਼ਕਤੀਸ਼ਾਲੀ ਗਲਾਈਡ ਬੰਬਾਂ ਨਾਲ ਕੀਤੇ ਹਮਲੇ ’ਚ ਘੱਟੋ-ਘੱਟ 17 ਕੈਦੀ ਮਾਰੇ ਗਏ ਅਤੇ 80 ਤੋਂ ਵੱਧ ਜ਼ਖਮੀ ਹੋਏ ਹਨ।ਅਧਿਕਾਰੀਆਂ ਮੁਤਾਬਕ ਯੂਕਰੇਨ ਦੇ ਕੇਂਦਰੀ ਇਲਾਕੇ ਦਿਨਪਰੋ ’ਚ ਰੂਸੀ ਮਿਜ਼ਾਈਲਾਂ ਨਾਲ ਤਿੰਨ ਮੰਜ਼ਿਲਾ ਇਮਾਰਤ ਤੇ ਨੇੜੇ ਸਥਿਤ ਮੈਡੀਕਲ ਕੇਂਦਰ, ਜਿਨ੍ਹਾਂ ’ਚ ਮੈਟਰਨਿਟੀ ਹਸਪਤਾਲ ਤੇ ਸਿਟੀ ਹਸਪਤਾਲ ਦਾ ਵਾਰਡ ਸ਼ਾਮਲ ਹੈ, ਨੁਕਸਾਨੇ ਗਏ। ਉਨ੍ਹਾਂ ਕਿਹਾ ਕਿ ਹਮਲੇ ’ਚ ਘੱਟੋ-ਘੱਟ ਚਾਰ ਵਿਅਕਤੀ ਮਾਰੇ ਗਏ ਤੇ ਅੱਠ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਇੱਕ ਗਰਭਵਤੀ ਦੀ ਹਾਲਤ ਗੰਭੀਰ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਦੇਸ਼ ਭਰ ’ਚ 73 ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਤੇ ਰੂਸੀ ਹਮਲਿਆਂ ’ਚ 22 ਵਿਅਕਤੀ ਮਾਰੇ ਗਏ ਹਨ। ਉਨ੍ਹਾਂ ਨੇ ਟੈਲੀਗ੍ਰਾਮ ’ਤੇ ਕਿਹਾ, ‘‘ਇਹ ਹਮਲੇ ਅਚਾਨਕ ਨਹੀਂ ਬਲਕਿ ਜਾਣਬੁੱਝ ਕੇ ਕੀਤੇ ਗਏ ਹਨ।’’ਟਰੰਪ ਨੇ ਰੂਸ ਨੂੰ ਜੰਗ ਲਈ ਦਿੱਤੀ ਸਮਾਂ-ਸੀਮਾ ਘਟਾਈਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਖ਼ਿਲਾਫ਼ ਤਿੰਨ ਵਰ੍ਹਿਆਂ ਤੋਂ ਚੱਲ ਰਹੀ ਜੰਗ ਰੋਕਣ ਲਈ ਦਿੱਤੀ ਗਈ 50 ਦਿਨਾਂ ਦੀ ਸਮਾਂ-ਸੀਮਾ ਘਟਾ ਕੇ ਹੁਣ ਸਿਰਫ 10 ਤੋਂ 12 ਦਿਨ ਦਾ ਵਕਤ ਦੇ ਰਹੇ ਹਨ। ਉਨ੍ਹਾਂ ਨੇ ਦੋ ਹਫ਼ਤੇ ਪਹਿਲਾਂ ਰੂਸ ਨੂੰ ਜੰਗ ਰੋਕਣ ਲਈ 50 ਦਿਨਾਂ ਦਾ ਸਮਾਂ ਦਿੱਤਾ ਸੀ। ਟਰੰਪ ਦੇ ਇਸ ਕਦਮ ਦਾ ਮਤਲਬ ਹੈ ਕਿ ਉਹ ਚਾਹੁੰਦੇ ਹਨ ਕਿ 7 ਤੋਂ 9 ਅਗਸਤ ਤੱਕ ਸ਼ਾਂਤੀ ਦੀਆਂ ਕੋਸ਼ਿਸ਼ਾਂ ’ਚ ਠੋਸ ਪ੍ਰਗਤੀ ਹੋਵੇ। ਸਕਾਟਲੈਂਡ ਦੇ ਦੌਰੇ ਦੌਰਾਨ ਟਰੰਪ ਨੇ ਕਿਹਾ, ‘‘ਮੈਂ, ਰਾਸ਼ਟਰਪਤੀ ਪੂਤਿਨ ਤੋਂ ਨਿਰਾਸ਼ ਹਾਂ।’’ ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਟਰੰਪ ਵੱਲੋਂ ਸਮਾਂ-ਸੀਮਾ ਘਟਾਉਣ ਦੇ ਕਦਮ ਦਾ ਸਵਾਗਤ ਕੀਤਾ ਹੈ। ਜੇਲੈਂਸਕੀ ਨੇ ਕਿਹਾ, ‘‘ਹਰ ਕਿਸੇ ਨੂੰ ਸ਼ਾਂਤੀ ਦੀ ਲੋੜ ਹੈ।’’