ਗਾਜ਼ਾ ’ਤੇ ਇਜ਼ਰਾਇਲੀ ਹਮਲਿਆਂ ਵਿੱਚ 21 ਵਿਅਕਤੀ ਹਲਾਕ
ਗਾਜ਼ਾ ’ਤੇ ਲੰਘੀ ਦੇਰ ਰਾਤ ਅਤੇ ਅੱਜ ਤੜਕੇ ਹੋਏ ਇਜ਼ਰਾਇਲੀ ਹਮਲਿਆਂ ਵਿੱਚ ਘੱਟੋ-ਘੱਟ 21 ਵਿਅਕਤੀ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਅੱਧੇ ਤੋਂ ਵੱਧ ਬੱਚੇ ਤੇ ਔਰਤਾਂ ਹਨ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਗਾਜ਼ਾ ’ਤੇ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ। ਸ਼ਿਫ਼ਾ ਹਸਪਤਾਲ ਅਨੁਸਾਰ ਗਾਜ਼ਾ ਦੇ ਉੱਤਰ-ਪੱਛਮ ਵਿੱਚ ਇਕ ਘਰ ’ਤੇ ਹੋਏ ਇਜ਼ਰਾਇਲੀ ਹਮਲੇ ਵਿੱਚ ਘੱਟੋ ਘੱਟ 12 ਵਿਅਕਤੀ ਮਾਰੇ ਗਏ। ਸਿਹਤ ਮੰਤਰਾਲੇ ਦੀ ਸੂਚੀ ਮੁਤਾਬਕ ਮਰਨ ਵਾਲਿਆਂ ਵਿੱਚ ਛੇ ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਹੋਰ ਹਮਲਾ ਉੱਤਰੀ ਗਾਜ਼ਾ ਵਿੱਚ ਤਲ ਅਲ-ਹਵਾ ਇਲਾਕੇ ਵਿੱਚ ਇਕ ਘਰ ’ਤੇ ਹੋਇਆ, ਜਿਸ ਵਿੱਚ ਛੇ ਵਿਅਕਤੀ ਹਲਾਕ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਅਤੇ ਦੋ ਔਰਤਾਂ ਸ਼ਾਮਲ ਸਨ। ਇਨ੍ਹਾਂ ’ਚੋਂ ਇਕ ਔਰਤ ਗਰਭਵਤੀ ਸੀ। ਇਸ ਘਟਨਾ ਵਿੱਚ ਅੱਠ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਤੀਜਾ ਹਮਲਾ ਗਾਜ਼ਾ ਸ਼ਹਿਰ ਦੇ ਗੁਆਂਢ ’ਚ ਨਾਸੇਰ ਵਿੱਚ ਇਕ ਤੰਬੂ ’ਤੇ ਕੀਤਾ ਗਿਆ। ਇਸ ਹਮਲੇ ਵਿੱਚ ਤਿੰਨ ਬੱਚੇ ਮਾਰੇ ਗਏ।
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ, ਇਜ਼ਰਾਈਲ ਤੇ ਹਮਾਸ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 59,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ ਹਨ। ਹਮਾਸ ਵੱਲੋਂ ਚਲਾਈ ਜਾਂਦੀ ਸਰਕਾਰ ਦਾ ਹਿੱਸਾ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਅਤਿਵਾਦੀਆਂ ਤੇ ਆਮ ਨਾਗਰਿਕਾਂ ਵਿੱਚ ਫ਼ਰਕ ਨਹੀਂ ਕਰ ਸਕਦਾ ਹੈ ਪਰ ਮੰਤਰਾਲੇ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਅੱਧੇ ਤੋਂ ਵੱਧ ਔਰਤਾਂ ਤੇ ਬੱਚੇ ਸ਼ਾਮਲ ਹਨ। ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਇਸ ਨੂੰ ਮੌਤਾਂ ਸਬੰਧੀ ਅੰਕੜਿਆਂ ਦਾ ਕਾਫੀ ਭਰੋਸੇਮੰਦ ਸਰੋਤ ਮੰਨਦੀਆਂ ਹਨ।
ਕਰੀਬ 20 ਲੱਖ ਲੋਕ ਹੋ ਰਹੇ ਨੇ ਭੁੱਖਮਰੀ ਦਾ ਸ਼ਿਕਾਰ
ਇਜ਼ਰਾਈਲ ਵੱਲੋਂ ਕੀਤੀ ਗਈ ਨਾਕਾਬੰਦੀ ਤੇ ਦੋ ਸਾਲ ਤੋਂ ਜਾਰੀ ਫੌਜੀ ਕਾਰਵਾਈ ਦਰਮਿਆਨ ਖੇਤਰ ਵਿੱਚ ਕਰੀਬ 20 ਲੱਖ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਕਾਨੂੰਨ-ਵਿਵਸਥਾ ਡਾਵਾਂਡੋਲ ਹੋਣ ਕਾਰਨ ਰਾਹਤ ਸਮੱਗਰੀ ਦੀ ਵੰਡ ਦੌਰਾਨ ਵੱਡੀ ਪੱਧਰੀ ’ਤੇ ਹਿੰਸਾ ਅਤੇ ਲੁੱਟ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਲੰਘੇ ਦਿਨ ਕਿਹਾ ਸੀ ਕਿ ਮਈ ਤੋਂ ਲੈ ਕੇ ਹੁਣ ਤੱਕ ਗਾਜ਼ਾ ਪੱਟੀ, ਖ਼ਾਸ ਕਰ ਕੇ ਅਮਰੀਕੀ ਠੇਕੇਦਾਰ ਵੱਲੋਂ ਚਲਾਏ ਜਾਂਦੇ ਸਹਾਇਤਾ ਕੇਂਦਰਾਂ ਨੇੜੇ ਖਾਣਾ ਲੈਣ ਦੀ ਕੋਸ਼ਿਸ਼ ਕਰਦੇ 1,000 ਤੋਂ ਵੱਧ ਫਲਸਤੀਨੀਆਂ ਦੀ ਇਜ਼ਰਾਇਲੀ ਬਲਾਂ ਵੱਲੋਂ ਹੱਤਿਆ ਕੀਤੀ ਜਾ ਚੁੱਕੀ ਹੈ।