ਲਹਿੰਦੇ ਪੰਜਾਬ ਵਿੱਚ ਤੂਫਾਨ ਤੇ ਭਾਰੀ ਮੀਂਹ ਕਾਰਨ 20 ਮੌਤਾਂ
ਲਾਹੌਰ, 25 ਮਈ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਬੀਤੀ ਸ਼ਾਮ ਆਏ ਤੂਫਾਨ ਅਤੇ ਭਾਰੀ ਮੀਂਹ ਕਾਰਨ ਘੱਟੋ-ਘੱਟ 20 ਲੋਕ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋ ਗਏ। ਤੂਫ਼ਾਨ ਕਾਰਨ ਸੜਕੀ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਪੰਜਾਬ ਸਰਕਾਰ ਅਨੁਸਾਰ 13 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਸੂਬੇ ਵਿੱਚ ਜ਼ਿਆਦਾਤਰ ਮੌਤਾਂ ਖਸਤਾ ਹਾਲ ਮਕਾਨ ਢਹਿਣ ਜਾਂ ਬਿਲਬੋਰਡਾਂ ਦੇ ਹੇਠਾਂ ਫਸਣ ਕਾਰਨ ਹੋਈਆਂ ਹਨ। ਸੂਬਾ ਸਰਕਾਰ ਨੇ ਅੱਜ ਕਿਹਾ, ‘ਹਨੇਰੀ ਅਤੇ ਭਾਰੀ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਚਿਆਂ ਸਮੇਤ ਘੱਟੋ-ਘੱਟ 20 ਵਿਅਕਤੀ ਮਾਰੇ ਗਏ ਅਤੇ 150 ਤੋਂ ਵੱਧ ਹੋਰ ਜ਼ਖਮੀ ਹੋਏ ਹਨ।’
ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਰਾਜਧਾਨੀ ਇਸਲਾਮਾਬਾਦ ਅਤੇ ਖੈਬਰ ਪਖਤੂਨਖਵਾ ਸੂਬੇ ਵਿੱਚ ਵੀ ਕਾਫੀ ਨੁਕਾਸਨ ਹੋਇਆ। ਇਸ ਦੌਰਾਨ ਫਸਲਾਂ ਨੁਕਸਾਨੀਆਂ ਗਈਆਂ ਅਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਭਾਰੀ ਮੀਂਹ ਨਾਲ ਆਏ ਤੂਫ਼ਾਨ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਕਈ ਥਾਵਾਂ ’ਤੇ ਦਰੱਖਤ ਡਿੱਗ ਗਏ।
ਕਰਾਚੀ ਤੋਂ ਲਾਹੌਰ ਜਾ ਰਹੀ ਇੱਕ ਪ੍ਰਾਈਵੇਟ ਏਅਰਲਾਈਨ ਦੀ ਉਡਾਣ ਐੱਫਐੱਲ-842 ਲਾਹੌਰ ਹਵਾਈ ਅੱਡੇ ’ਤੇ ਉਤਰਦੇ ਸਮੇਂ ਤੂਫਾਨ ਵਿੱਚ ਫਸ ਗਈ। ਇਸ ਮਗਰੋਂ ਹਵਾਈ ਆਵਾਜਾਈ ਕੰਟਰੋਲ ਨੇ ਪਾਇਲਟ ਨੂੰ ਜਹਾਜ਼ ਮੁੜ ਕਰਾਚੀ ਵਾਪਸ ਲਿਜਾਣ ਦੀ ਸਲਾਹ ਦਿੱਤੀ। ਇਸ ਤਰ੍ਹਾਂ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਜਹਾਜ਼ ਵਿੱਚ ਸਵਾਰ ਯਾਤਰੀਆਂ ਦੀਆਂ ਕੁਰਾਨ ਪੜ੍ਹਦਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਪੰਜਾਬ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐੱਮਏ) ਅਨੁਸਾਰ ਮਕਾਨ ਢਹਿਣ ਅਤੇ ਦਰੱਖਤ ਡਿੱਗਣ ਕਾਰਨ ਲਾਹੌਰ ਅਤੇ ਜੇਹਲਮ ਵਿੱਚ ਤਿੰਨ-ਤਿੰਨ, ਸਿਆਲਕੋਟ ਅਤੇ ਮੁਜ਼ੱਫਰਗੜ੍ਹ ਵਿੱਚ ਦੋ-ਦੋ, ਜਦਕਿ ਸ਼ੇਖੂਪੁਰਾ, ਨਨਕਾਣਾ ਸਾਹਿਬ, ਅਟਕ, ਮੁਲਤਾਨ, ਰਾਜਨਪੁਰ, ਹਾਫਿਜ਼ਾਬਾਦ, ਮੀਆਂਵਾਲੀ ਤੇ ਝੰਗ ਗੁਜਰਾਂਵਾਲਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। -ਪੀਟੀਆਈ