ਦਹਾਕੇ ’ਚ ਅਪਰਾਧਿਕ ਪਿਛੋਕੜ ਵਾਲੇ 17,600 ਵਿਅਕਤੀ ਕੈਨੇਡਾ ਪੁੱਜੇ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 6 ਜੁਲਾਈ
ਕੈਨੇਡਾ ਦੇ ਆਵਾਸ ਵਿਭਾਗ ਨੇ ਬੀਤੇ 10 ਸਾਲਾਂ ਦੌਰਾਨ ਅਪਰਾਧਿਕ ਪਿਛੋਕੜ ਵਾਲੇ 17,600 ਵਿਦੇਸ਼ੀਆਂ ਦੀਆਂ ਕੈਨੇਡਾ ਪੁੱਜਣ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਤੇ ਉਨ੍ਹਾਂ ਦਾ ਕੈਨੇਡਾ ਪੁੱਜਣ ’ਤੇ ਸਵਾਗਤ ਕੀਤਾ। ਇਸ ਦਹਾਕੇ ਦੌਰਾਨ ਅਪਰਾਧਿਕ ਪਿਛੋਕੜ ਵਾਲੇ 25,350 ਵਿਅਕਤੀਆਂ ਨੇ ਅਰਜ਼ੀਆਂ ਭਰੀਆਂ, ਜਿਨ੍ਹਾਂ ’ਚੋਂ 10 ਫੀਸਦ ਨੇ ਤਾਂ ਅਰਜ਼ੀਆਂ ਆਪੇ ਵਾਪਸ ਲੈ ਲਈਆਂ, ਜਦ ਕਿ 20 ਫੀਸਦ ਦੀਆਂ ਅਰਜ਼ੀਆਂ ਅਸਵੀਕਾਰ ਕਰਕੇ ਵੱਖ-ਵੱਖ ਵਰਗ ਦੀਆਂ 70 ਫੀਸਦ ਅਰਜ਼ੀਆਂ ਸਵੀਕਾਰ ਕਰ ਲਈਆਂ ਗਈਆਂ। ਅੰਕੜੇ ਜਾਰੀ ਕੀਤੇ ਜਾਣ ਮਗਰੋਂ ਬੀਤੇ 10 ਸਾਲਾਂ ਵਿੱਚ ਦੇਸ਼ ’ਚ ਹੋਏ ਅਪਰਾਧਿਕ ਵਾਧੇ ਨੂੰ ਵੀ ਇਸੇ ਗੱਲ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਹੈ। ਸੰਪਰਕ ਕਰਨ ’ਤੇ ਆਵਾਸ ਵਿਭਾਗ ਦੇ ਤਰਜਮਾਨ ਰੇਮੀ ਲੈਰੀਵੀਰੇ ਨੇ ਇਹ ਦੱਸਣ ਤੋਂ ਟਾਲਾ ਵੱਟਿਆ ਕਿ ਕੈਨੇਡਾ ਪੁੱਜਣ ’ਤੇ ਇਨ੍ਹਾਂ ’ਚੋਂ ਕਿੰਨਿਆਂ ’ਤੇ ਅਪਰਾਧਿਕ ਮਾਮਲੇ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਆਵਾਸ ਵਿਭਾਗ ਦੀਆਂ 2001 ਤੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਅਨੁਸਾਰ ਵੀਜ਼ਾ ਅਧਿਕਾਰੀ ਅਰਜ਼ੀਕਰਤਾ ਨੂੰ ਅਪਰਾਧ ਦੇ ਪੰਜ ਸਾਲ ਬਾਅਦ ਮੁੜ ਵਸੇਬੇ ਦਾ ਲਾਭ ਦਿੰਦਿਆਂ ਅਰਜ਼ੀ ਸਵੀਕਾਰ ਕਰ ਸਕਦਾ ਹੈ। ਅਜਿਹੇ ਵਿਅਕਤੀਆਂ ਕੋਲੋਂ ਲਿਖਤੀ ਲਿਆ ਜਾਂਦਾ ਹੈ ਕਿ ਉਹ ਕੈਨੇਡਾ ਪਹੁੰਚ ਕੇ ਕਿਸੇ ਵੀ ਗੈਰਕਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਏਗਾ। ਵਿਭਾਗ ’ਚੋਂ ਸੇਵਾਮੁਕਤ ਹੋਏ ਅਧਿਕਾਰੀ ਨੇ ਕਿਹਾ ਕਿ ਇਸ ਅਹਿਦ ਦੇ ਆਧਾਰ ’ਤੇ ਆਵਾਸ ਵਿਭਾਗ ਗੈਰਕਨੂੰਨੀ ਕੰਮ ਕਰਨ ਵਾਲੇ ਕਿਸੇ ਵੀ ਵਿਦੇਸ਼ੀ ਨੂੰ ਕਦੇ ਵੀ ਉਸ ਦੇ ਦੇਸ਼ ਵਾਪਸ ਭੇਜ (ਡਿਪੋਰਟ) ਸਕਦਾ ਹੈ, ਚਾਹੇ ਉਹ ਪੀਆਰ ਵੀ ਕਿਉਂ ਨਾ ਹੋ ਗਿਆ ਹੋਵੇ।