ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ’ਚ 17 ਹਲਾਕ
ਮ੍ਰਿਤਕਾਂ ਵਿੱਚ ਅੱਠ ਬੱਚੇ; ਮਕਾਨਾਂ, ਤੰਬੂਆਂ ਤੇ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ
ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲਿਆਂ ’ਚ ਅੱਜ ਘੱਟੋ-ਘੱਟ 17 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ, ਜੰਗਬੰਦੀ ਲਈ ਕੌਮਾਂਤਰੀ ਦਬਾਅ ਲਗਾਤਾਰ ਵਧ ਰਿਹਾ ਹੈ।
ਅਮਰੀਕਾ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਆਮ ਸਭਾ ਤੋਂ ਇਕ ਪਾਸੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਇਸ ਵਿਸ਼ਵਾਸ ਨਾਲ ਫਲਸਤੀਨੀ ਰਾਸ਼ਟਰ ਨੂੰ ਮਾਨਤਾ ਦਿੱਤੀ ਹੈ ਕਿ ਇਹ ‘ਹਮਾਸ’ ਨੂੰ ਵੱਖ ਕਰਨ ਦਾ ਇੱਕਮਾਤਰ ਤਰੀਕਾ ਹੈ ਜੋ ਆਪਣੇ ਕਈ ਆਗੂਆਂ ਦੇ ਮਾਰੇ ਜਾਣ ਤੋਂ ਬਾਅਦ ਵੀ ਖ਼ੁਦ ਨੂੰ ਪੁਨਰਜੀਵਿਤ ਕਰਨ ’ਚ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ, ‘‘ਗਾਜ਼ਾ ਵਿੱਚ ਚੱਲ ਰਹੀ ਜੰਗ ਨਾਲ ਨਾਗਰਿਕ ਮਰ ਰਹੇ ਹਨ ਪਰ ਇਸ ਨਾਲ ਹਮਾਸ ਦਾ ਅੰਤ ਨਹੀਂ ਹੋ ਸਕਦਾ। ਅਸਲ ਵਿੱਚ, ਇਹ ਇਕ ਅਸਫ਼ਲਤਾ ਹੈ।’’ ਉੱਧਰ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫਲਸਤੀਨੀ ਰਾਸ਼ਟਰ ਨੂੰ ਮਾਨਤਾ ਦੇਣ ਵਾਲੇ ਆਗੂਆਂ ਦੀ ਆਲੋਚਨਾ ਕੀਤੀ।
ਦੀਰ ਅਬ-ਬਲਾਹ ਸਥਿਤ ਅਲ-ਅਕਸਾ ਸ਼ਹੀਦ ਹਸਪਤਾਲ ਮੁਤਾਬਕ, ਮੱਧ ਸ਼ਹਿਰ ਜ਼ਵੈਦਾ ਵਿੱਚ ਇਕ ਇਜ਼ਰਾਇਲੀ ਹਮਲੇ ਵਿੱਚ 12 ਵਿਅਕਤੀ ਮਾਰੇ ਗਏ। ਇਸ ਹਮਲੇ ਵਿੱਚ ਇਕ ਤੰਬੂ ਅਤੇ ਇਕ ਘਰ ਨੂੰ ਨੁਕਸਾਨ ਪੁੱਜਿਆ। ਪੀੜਤਾਂ ’ਚ ਅੱਠ ਬੱਚੇ ਵੀ ਸ਼ਾਮਲ ਹਨ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਇਕ ਹੋਰ ਲੜਕੀ ਅਜੇ ਵੀ ਮਲਬੇ ਹੇਠ ਦੱਬੀ ਹੋਈ ਹੈ। ਹਸਪਤਾਲ ਨੇ ਕਿਹਾ ਕਿ ਦੀਰ ਅਲ-ਬਲਾਹ ਵਿੱਚ ਇਕ ਤੰਬੂ ’ਤੇ ਹੋਏ ਹਵਾਈ ਹਮਲੇ ’ਚ ਇਕ ਹੋਰ ਲੜਕੀ ਮਾਰੀ ਗਈ ਅਤੇ ਸੱਤ ਵਿਅਕਤੀ ਜ਼ਖ਼ਮੀ ਹੋ ਗਏ। ਉੱਧਰ, ਖਾਨ ਯੂਨਿਸ ਸ਼ਹਿਰ ’ਤੇ ਇਜ਼ਰਾਈਲ ਨੇ ਹਮਲਾ ਕੀਤਾ ਹੈ। ਨਾਸੇਰ ਹਸਪਤਾਲ ਮੁਤਾਬਕ, ਇਸ ਹਮਲੇ ਵਿੱਚ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ।