ਦੀਨੇ ਤੋਂ ਔਰੰਗਜ਼ੇਬ ਵੱਲ ਜ਼ਫ਼ਰਨਾਮਾ
ਨੀਲੇ ਦੇ ਸ਼ਾਹ-ਅਸਵਾਰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਫ਼ੈਸਲਾਕੁਨ ਜੰਗ ਤੋਂ ਬਾਅਦ ਮਾਛੀਵਾੜੇ ਦੀ ਮਿੱਟੀ ਨੂੰ ਆਪਣੀ ਚਰਨ ਛੋਹ ਦੀ ਬਖ਼ਸ਼ਿਸ਼ ਕਰਦੇ ਹੋਏ ਪਿੰਡੋਂ-ਪਿੰਡੀ ਹੁੰਦੇ ਹੋਏ ਮਾਲਵੇ ਦੀ ਧਰਤੀ ਵੱਲ ਪਿੰਡ ਦੀਨੇ ਆ ਪਹੁੰਚੇ। ਮੁਅੱਰਿਖ਼ ਲਿਖਦਾ ਹੈ ਕਿ ਇੱਕ ਰੋਜ਼...
ਨੀਲੇ ਦੇ ਸ਼ਾਹ-ਅਸਵਾਰ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਫ਼ੈਸਲਾਕੁਨ ਜੰਗ ਤੋਂ ਬਾਅਦ ਮਾਛੀਵਾੜੇ ਦੀ ਮਿੱਟੀ ਨੂੰ ਆਪਣੀ ਚਰਨ ਛੋਹ ਦੀ ਬਖ਼ਸ਼ਿਸ਼ ਕਰਦੇ ਹੋਏ ਪਿੰਡੋਂ-ਪਿੰਡੀ ਹੁੰਦੇ ਹੋਏ ਮਾਲਵੇ ਦੀ ਧਰਤੀ ਵੱਲ ਪਿੰਡ ਦੀਨੇ ਆ ਪਹੁੰਚੇ। ਮੁਅੱਰਿਖ਼ ਲਿਖਦਾ ਹੈ ਕਿ ਇੱਕ ਰੋਜ਼ ਸੂਖਮ ਤੇ ਸੁਖਾਵੇਂ ਪਲਾਂ ਵਿੱਚ ਸਾਹਿਬ ਨੂੰ ਤਾਵੀਲ ਅਰਸੇ ਬਾਅਦ ਕਲਮ ਨਾਲ ਜੁੜਨ ਦੀ ਆਮਦ ਹੋਈ। ਉਨ੍ਹਾਂ ਦੀਆਂ ਸਿਮਰਤੀਆਂ ਵਿੱਚ ਅਤੀਤ ਦੇ ਭਿਆਨਕ, ਡਰਾਉਣੇ, ਅਣਮਨੁੱਖੀ, ਲਹੂ-ਲਿਬੜੇ ਮੰਜ਼ਰ ਪਏ ਹੋਏ ਸਨ, ਦੁਸ਼ਮਣ ਦੇ ਅਣਕਿਆਸੇ, ਅਕਹਿ, ਅਸਹਿ, ਘਿਨਾਉਣੇ ਕਾਰਜ ਚੇਤਿਆਂ ਵਿੱਚ ਰੜਕ ਰਹੇ ਸਨ।
ਮਗਰੋਂ ਤਲਵਾਰਾਂ-ਤੇਗ਼ਾਂ ਤੋਂ ਮੁਕਤ ਹੋਏ ਦੀਨੇ ਦੇ ਇੱਕ ਚੁਬਾਰੇ ਵਿੱਚ ਇੱਕ ਕਲਮਦਾਨ ਗੁਰੂ ਦੇ ਹਸਤ ਕਮਲਾਂ ਦਾ ਸ਼ਿੰਗਾਰ ਬਣ ਗਿਆ। ਗੁਰੂ ਦੇ ਮਨ-ਮਸਤਕ ਅੰਦਰ ਔਰੰਗਜ਼ੇਬ ਨੂੰ ਇੱਕ ਖ਼ਾਸ ਸੰਦੇਸ਼ ਭੇਜਣ ਦੀ ਆਮਦ ਹੋ ਚੁੱਕੀ ਹੁੰਦੀ ਹੈ। ਗੁਰੂ ਅਤੀਤ ਦੇ ਭਿਆਨਕ ਪਲਾਂ ਦਾ ਲੇਖਾ-ਜੋਖਾ ਕਰਦਿਆਂ ਔਰੰਗਜ਼ੇਬ ਨੂੰ ਉਸੇ ਦੀ ਭਾਸ਼ਾ ਫ਼ਾਰਸੀ ਵਿੱਚ ਉਸ ਦੀਆਂ ਕਰਨੀਆਂ ’ਤੇ ਚਾਨਣਾ ਪਾਉਂਦੇ ਹੋਏ ਦਿਲ-ਕੰਬਾਊ ਪੈਗ਼ਾਮ ਪੱਤਰ ਰਚਦੇ ਹਨ। ਉਦੋਂ ਉਹ ਪੱਤਰ, ਹਰਫ਼ਾਂ ਦੀ ਉਹ ਮਾਲਾ, ਸਾਹਿਬ ਦੀ ਉਹ ਤਹਿਰੀਰ ਇਤਿਹਾਸ ਦੇ ਪੰਨਿਆਂ ਵਿੱਚ ਸਦੀਵੀਂ ਦਸਤਾਵੇਜ਼ ਵਜੋਂ ਬ੍ਰਹਿਮੰਡੀ ਇਲਾਹੀ ਲਿਖਤ ਨੁਮਾਇਆਂ ਹੋ ਜਾਂਦੀ ਹੈ। ਉਹ ਰਚਨਾ ਤਵਾਰੀਖ਼ ਦੇ ਸੁਨਹਿਰੀ ਸਫ਼ਿਆਂ ’ਤੇ ਜ਼ਫ਼ਰਨਾਮਾ-ਫ਼ਤਹਿਨਾਮਾ ਦਾ ਲਕਬ ਹਾਸਲ ਕਰ ਜਾਂਦੀ ਹੈ।
ਜ਼ਫ਼ਰਨਾਮੇ ਵਿੱਚ ਗੁਰੂ ਸਾਹਿਬ ਦੇ ਸੰਦੇਸ਼ ਦਾ ਸਾਰ ਇਸ ਤਰ੍ਹਾਂ ਹੈ: ‘ਔਰੰਗਜ਼ੇਬ! ਤੇਰਾ ਜੋ ‘ਔਰੰਗਜ਼ੇਬ’ ਨਾਮ ਹੈ, ਇਸ ਦਾ ਸ਼ਬਦੀ ਅਰਥ ਹੈ ‘ਤਖ਼ਤ ਦਾ ਸ਼ਿੰਗਾਰ, ਖ਼ੁਦਾ ਦੇ ਰਾਹਾਂ ਦਾ ਪਾਂਧੀ, ਤਖ਼ਤ ਨੂੰ ਸ਼ੋਭਾ ਬਖ਼ਸ਼ਣ ਵਾਲਾ।’ ਪਰ ਔਰੰਗਜ਼ੇਬ! ਤੇਰੀਆਂ ਕਰਤੂਤਾਂ ਤੇ ਕਰਨੀਆਂ ਮੁਤਾਬਕ ਤੈਨੂੰ ਇਹ ‘ਔਰੰਗਜ਼ੇਬ’ ਨਾਮ ਹੁਣ ਫਬਦਾ ਨਹੀਂ। ਤੇਰੀ ਤਸਬੀਹ, ਮਣਕਿਆਂ ਤੇ ਧਾਗੇ ਤੋਂ ਵੱਧ ਕੋਈ ਹੈਸੀਅਤ ਨਹੀਂ ਰੱਖ ਸਕੀ। ਤੂੰ ਪੂਜਣ ਯੋਗ ਰਿਸ਼ਤਿਆਂ ਆਪਣੇ ਪਿਤਾ ਤੇ ਆਪਣੇ ਭਰਾਵਾਂ ਨੂੰ ਉਨ੍ਹਾਂ ਦੇ ਲਹੂ ਨਾਲ ਗੁੰਨ੍ਹਿਆ। ਖ਼ੁਦਾ ਨੂੰ ਇੱਕ ਪਾਸੇ ਰੱਖਦੇ ਹੋਏ ਤੈਨੂੰ ਫਿਰ ਵੀ ਆਪਣੇ ਤਖ਼ਤ ਰਾਜ ’ਤੇ ਮਾਣ ਹੈ। ਤੇਰੀਆਂ ਕਸਮਾਂ-ਵਾਅਦੇ ਤਮਾਮ ਬੇਇਤਬਾਰ ਹੋ ਚੁੱਕੇ, ਤੂੰ ਤਾ-ਉਮਰ ਚਲਾਕੀਆਂ ਤੇ ਕਪਟਾਂ ਦਾ ਲਿਬਾਦਾ ਹੀ ਓੜੀ ਰੱਖਿਆ।
ਔਰੰਗਜ਼ੇਬ, ਚਾਰ ਚੰਗਿਆੜੀਆਂ ਬੁਝਾਉਣ ਨਾਲ ਅੱਗ ਨਹੀਂ ਬੁੱਝਦੀ। ਮੇਰਾ ਖ਼ਾਲਸਾ ਪੰਥ ਪ੍ਰਕਾਸ਼ਮਾਨ ਹੋ ਚੁੱਕਿਆ। ਉਹ ਬ੍ਰਹਿਮੰਡੀ ਰੂਪ ਧਾਰ ਜ਼ਾਲਮ ਤੇ ਜ਼ੁਲਮ ਨਾਲ ਸਿੱਧਾ ਟੱਕਰੇਗਾ। ਯਾਦ ਰੱਖ, ਜੋ ਨਾਜਾਇਜ਼ ਤਲਵਾਰ ਚਲਾਉਂਦਾ, ਲਹੂ ਉਸ ਦਾ ਵੀ ਤਲਵਾਰ ਨਾਲ ਹੀ ਡੁੱਲ੍ਹਦਾ। ਤੂੰ ਬਾਦਸ਼ਾਹੀ ਰੁਤਬਾ ਤਾਂ ਪਾ ਲਿਆ ਪਰ ਈਮਾਨ ਤੋਂ ਖ਼ਾਲੀ ਰਹਿ ਗਿਆ। ਮੇਰੇ ਅਕਾਲ ਪੁਰਖ ਨੇ ਤੇ ਤੇਰੇ ਖ਼ੁਦਾ ਨੇ ਸਾਨੂੰ ਬੁੱਤ-ਪੂਜ ਨੂੰ ਠੁਕਰਾਉਣ ਦੀ ਹਦਾਇਤ ਦਿੱਤੀ ਪਰ ਤੂੰ ਉਨ੍ਹਾਂ ਬੁੱਤ-ਪੂਜਕਾਂ ਦਾ ਇਮਦਾਦੀ ਬਣਿਆ, ਸਗੋਂ ਸ਼ਹਿ ਵੀ ਦਿੱਤੀ। ਔਰੰਗਜ਼ੇਬ, ਜਦ ਦਾ ਤੂੰ ਸ਼ਾਹੀ ਤਖ਼ਤ ’ਤੇ ਬੈਠਾਂ, ਤੂੰ ਅਦਲ ਦਾ ਰਾਹ ਭੁੱਲ ਕੇ ਬੇਇਨਸਾਫ਼ੀ ਦਾ ਰਾਹ ਹੀ ਇਖ਼ਤਿਆਰ ਕਰ ਲਿਆ। ਮੇਰਾ ਇੱਕ ਪੱਥਰ (ਆਨੰਦਪੁਰੀ ਪਹਾੜੀ) ’ਤੇ ਬਸੇਰਾ ਸੀ; ਮੈਂ ਕਿਹੜਾ ਤੇਰਾ ਇਲਾਕਾ ਤੇ ਤੇਰੇ ਪਿੰਡ ਖਾ ਰਿਹਾ ਸੀ। ਤੂੰ ਕਪਟੀ ਪਹਾੜੀਆਂ ਨਾਲ ਸੰਗ ਕਰਕੇ ਮੇਰੇ ਸਿੰਘਾਂ ’ਤੇ ਫ਼ੌਜਾਂ ਚਾੜ੍ਹੀਆਂ। ਤੂੰ ਬੇਇਨਸਾਫ਼ ਪਹਾੜੀ ਰਾਜਿਆਂ ਦਾ ਬੇਇਨਸਾਫ਼ ਰਹਿਨੁਮਾ ਬਣਿਆ। ਤੂੰ ਔਰਤਾਂ ਮਾਰੀਆਂ, ਨਿਹੱਥੀ ਸੰਗਤ ਅਤੇ ਬੇਜ਼ੁਬਾਨ ਜਾਨਵਰ ਘੋੜੇ ਮਾਰ ਮੁਕਾਏ। ਪਰਵਰਦਗਾਰ ਦੀ ਅਦਾਲਤ ਲੱਗੇਗੀ ਤੇ ਤੈਨੂੰ ਉੱਥੇ ਜਦੋਂ ਪੁੱਛਿਆ ਜਾਵੇਗਾ, ‘ਔਰੰਗਜ਼ੇਬ ਦੱਸ! ਤੇਰਾ ਗੁਰੂ ਗੋਬਿੰਦ ਸਿੰਘ ਨੇ ਕੀ ਵਿਗਾੜਿਆ ਸੀ? ਤੂੰ ਉਸ ਨਾਲ ਜ਼ਿਆਦਤੀ ਦੀ ਇੰਤਹਾ ਹੀ ਕਰ ਦਿੱਤੀ।’ ਤਾਂ ਦੱਸਣ ਲਈ ਤੇਰੇ ਕੋਲ ਕੀ ਜਵਾਬ ਹੋਵੇਗਾ? ਤੂੰ ਬੇਅਦਲ ਹੋ ਕੇ ਇਹ ਸਾਰੇ ਪਾਪਾਂ-ਗੁਨਾਹਾਂ, ਦੋਜ਼ਖ਼ਾਂ ਦਾ ਭਾਗੀ ਬਣ ਚੁੱਕਿਆਂ। ਤੂੰ ਜੋ ਇਹ ਢੋਂਗ ਰਚਿਆ ਹੈ ਕਿ ਮੈਂ ਹੱਥੀਂ ਮਿਹਨਤ ਕਰਕੇ ਆਪਣਾ ਖਾਣਾ ਖਾਂਦਾ ਹਾਂ ਤੇ ਮੈਂ ਇਸੇ ਕਰਕੇ ਕੀਤੇ ਗੁਨਾਹਾਂ-ਪਾਪਾਂ ਤੋਂ ਮੁਕਤ ਹੋ ਜਾਵਾਂਗਾ, ਔਰੰਗਜ਼ੇਬ ਇਸ ਤਰ੍ਹਾਂ ਹੋਵੇਗਾ ਨਹੀਂ; ਅਮਲਾਂ ਬਿਨਾਂ ਨਬੇੜਾ ਨਹੀਂ ਹੋਇਆ ਕਰਦਾ।
ਤੈਨੂੰ ਗੁਮਾਨ ਹੋ ਗਿਆ ਕਿ ਮੈਂ ਵੱਡਾ ਬੰਦਗੀ-ਪ੍ਰਸਤ ਹਾਂ। ਅਸਲ ਵਿੱਚ ਤੂੰ ਬੰਦਗੀ ਦੇ ਅਸਲ ਅਰਥਾਂ ਤੋਂ ਬੇਸਮਝ ਰਹਿ ਗਿਆ। ਤੂੰ ਸੱਚ ਦੇ ਰਾਹ ਤੋਂ ਪਾਸੇ ਚੱਲ ਕੇ ਆਪਣੇ ਮਨ ਦੀ ਖ਼ੁਸ਼ੀ ਦੇ ਨਮਿਤ ਆਪਣੀ ਖ਼ਾਹਿਸ਼ ਪੂਰਤੀ ਲਈ ਆਪਣਾ ਬਾਪ ਮਾਰਿਆ, ਭਾਈ ਮਾਰੇ, ਦਾਰਾ, ਸ਼ਾਹ ਤੇ ਮੁਰਾਦ ਮਾਰ ਮੁਕਾਏ। ਦੱਸ ਤੇਰੀ ਬੰਦਗੀ ਦੇ ਕੀ ਇਹ ਹੀ ਅਰਥ ਨਿਕਲਦੇ ਹਨ? ਬੁੱਤ-ਪ੍ਰਸਤੀ ਦੂਰ ਕਰਨ ਵਾਲਾ ਤੇਰਾ ਗੁਮਾਨ ਕੋਰਾ ਝੂਠ ਹੈ। ਤੂੰ ਬੁੱਤ ਤੋੜੇ, ਬੇਅੰਤ ਮੰਦਰ ਢਾਹੇ; ਪਰ ਜੋ ਤੂੰ ਹੋਰ ਬੁੱਤ ਬਣਾਏ, ਮੋਮ ਦੇ, ਮਿੱਟੀ ਦੇ, ਤੇ ਆਟੇ ਦੇ, ਦੱਸ ਤੇਰੀ ਬੁੱਤ-ਪ੍ਰਸਤੀ ਦੇ ਫਿਰ ਕੀ ਅਰਥ ਜਾਣੀਏ, ਕੀ ਅਰਥ ਰਹਿ ਗਏ। ਤੈਨੂੰ ਗੁਮਾਨ ਹੈ ਲੋਕ ਤੇਰਾ ਜਸ ਕਰਦੇ ਹਨ। ਲੋਕ ਤਾਂ ਖ਼ੁਦਗਰਜ਼ੀ ਹਿੱਤ ਫ਼ਿਰਔਨ ਦਾ ਵੀ ਗੁਣ ਗਾਇਨ ਕਰਨੋਂ ਨਹੀਂ ਸੀ ਥੱਕਦੇ। ਉਸ ਫ਼ਿਰਔਨ ਨੂੰ ਫਿਰ ਪਰਵਰਦਗਾਰ ਨੇ ਦੋਜ਼ਖ਼ ਵਿੱਚ ਕਿਉਂ ਜਲਾਇਆ, ਇਬਰਤਨਾਕ ਬਣਾਇਆ? ਔਰੰਗਜ਼ੇਬ ਖ਼ਬਰਦਾਰ ਹੋ ਜਾ! ਖ਼ਾਲਸਾ ਪ੍ਰਕਾਸ਼ਮਾਨ ਹੋ ਚੁੱਕਿਐ, ਤੇਰੇ ਵਰਗੇ ਬੁੱਤਾਂ ਨੂੰ ਢਾਹੁਣ ਵਾਲਾ। ਯਾਦ ਰੱਖਣਾ, ਉਹ ਤੈਨੂੰ ਕੀ, ਤੇਰੀ ਰੂਹ ਨੂੰ ਵੀ ਚੈਨ ਨਹੀਂ ਲੈਣ ਦੇਵੇਗਾ।
ਮੁਅੱਰਿਖ਼ ਲਿਖਦਾ ਹੈ ਕਿ ਜਦੋਂ ਗੁਰੂ ਸਾਹਿਬ ਦਾ ਇਹ ਪੈਗ਼ਾਮ ਔਰੰਗਜ਼ੇਬ ਕੋਲ ਪਹੁੰਚਿਆ ਤਾਂ ਉਹ ਪੱਤਰ ਦੇ ਡੂੰਘੇ ਭਾਵਾਂ ਨੂੰ ਪੜ੍ਹ, ਵਾਚ, ਤਸੱਵਰ ਕਰ, ਸੋਚਾਂ ਦੇ ਆਲਮ ਵਿੱਚ ਡੁੱਬ ਗਿਆ। ਉਸ ਦਾ ਤਵਾਜ਼ੁਨ ਚਕਰਾ ਗਿਆ। ਉਸ ਦੀ ਰੂਹ ’ਚੋਂ ਹਜ਼ਾਰਾਂ ਗੁਨਾਹ ਕੂਕ ਉੱਠੇ। ਉਸ ਨੂੰ ਆਪਣਾ 50 ਸਾਲ ਕੀਤਾ ਤਾਵੀਲ ਰਾਜ ਫ਼ਜ਼ੂਲ ਲੱਗਿਆ। ਉਸ ਦੀ ਰੂਹ ਕੰਬ ਉੱਠੀ। ਉਸ ਦੇ ਮਨ ਵਿੱਚ ਇੱਕ ਵੱਡੀ ਤਾਂਘ ਉੱਠ ਖਲੋਤੀ; ਕਿਤੇ ਮੈਂ ਪਹਿਲਾਂ ਹੀ ਦੁਨੀਆਂ ਤੋਂ ਰੁਖ਼ਸਤ ਨਾ ਹੋ ਜਾਵਾਂ; ਛੇਤੀ ਤੋਂ ਛੇਤੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਹੋ ਜਾਵੇ, ਗੁਰੂ ਸਾਹਿਬ ਦੇ ਦੀਦਾਰ ਹੋ ਜਾਣ। ਉਸ ਨੇ ਆਪਣੇ ਵੱਡੇ ਅਹਿਲਕਾਰਾਂ ਨੂੰ ਸਖ਼ਤ ਹਦਾਇਤ ਕਰ ਦਿੱਤੀ ਕਿ ਗੁਰੂ ਸਾਹਿਬ ਨੂੰ ਹਰ ਹਾਲਤ ਰਾਜ਼ੀ ਕਰਕੇ, ਮਨਾ ਕੇ, ਮੇਰੇ ਕੋਲ ਦੱਖਣ ਲਿਆਂਦਾ ਜਾਵੇ। ਗੁਰੂ ਸਾਹਿਬ ਨੂੰ ਰਸਤੇ ਵਿੱਚ ਕੋਈ ਤਕਲੀਫ਼ ਨਾ ਆਵੇ, ਉਨ੍ਹਾਂ ਨੂੰ ਨਿਰਵਿਘਨ, ਸੁਖਾਵੇਂ ਰੂਪ ਵਿੱਚ ਮੇਰੇ ਕੋਲ ਲਿਆਂਦਾ ਜਾਵੇ। ਮੈਂ ਗੁਰੂ ਸਾਹਿਬ ਅੱਗੇ ਆਪਣੇ ਕੀਤੇ ਦੀ ਤੌਬਾ ਕਰਨੀ ਚਾਹੁੰਦਾ ਹਾਂ। ਪਰ ਖ਼ੁਦਾ ਦੀ ਰਜ਼ਾ ਔਰੰਗਜ਼ੇਬ ਨੂੰ, ਉਸ ਦੇ ਨਸੀਬਾਂ ਨੂੰ ਹਜ਼ੂਰ ਦੇ ਦੀਦਾਰ ਦੀ ਹਾਂ ਨਾ ਮਿਲ ਸਕੀ। ਔਰੰਗਜ਼ੇਬ ਗੁਰੂ ਦੇ ਮੁੱਖ ਦੀ ਝਲਕ ਪਾਉਣ ਤੋਂ ਪਹਿਲਾਂ ਹੀ ਤੜਪਦੀ ਰੂਹ ਲੈ ਕੇ ਗੁਰੂ-ਮਿਲਾਪ ਤੋਂ ਬਿਨਾਂ ਹੀ ਜਹਾਨੋਂ ਚਲਾ ਗਿਆ।
ਵਟਸਐਪ: 99151-06449