ਠੀਕਰ ਫੋਰਿ ਦਿਲੀਸ ਸਿਰਿ...
ਭਾਰਤੀ ਇਤਿਹਾਸ ਗਵਾਹ ਹੈ ਕਿ ਮੁਗ਼ਲ ਸਮਰਾਟ ਔਰੰਗਜ਼ੇਬ ਬੇਹੱਦ ਜ਼ਾਲਮ, ਕੱਟੜ ਅਤੇ ਸੰਕੀਰਣ ਸੋਚ ਵਾਲਾ ਸ਼ਾਸਕ ਸੀ। ਸੱਤਾ ਖਾਤਰ ਉਸ ਨੇ ਆਪਣੇ ਪਿਤਾ, ਭਰਾਵਾਂ ਅਤੇ ਸੂਫ਼ੀ ਫ਼ਕੀਰ ਸਰਮਦ ਵਰਗੇ ਨੇਕ ਲੋਕਾਂ ’ਤੇ ਵੀ ਘੋਰ ਤਸ਼ੱਦਦ ਕੀਤੇ। ਉਸ ਦਾ ਮੁੱਖ ਮਕਸਦ...
ਭਾਰਤੀ ਇਤਿਹਾਸ ਗਵਾਹ ਹੈ ਕਿ ਮੁਗ਼ਲ ਸਮਰਾਟ ਔਰੰਗਜ਼ੇਬ ਬੇਹੱਦ ਜ਼ਾਲਮ, ਕੱਟੜ ਅਤੇ ਸੰਕੀਰਣ ਸੋਚ ਵਾਲਾ ਸ਼ਾਸਕ ਸੀ। ਸੱਤਾ ਖਾਤਰ ਉਸ ਨੇ ਆਪਣੇ ਪਿਤਾ, ਭਰਾਵਾਂ ਅਤੇ ਸੂਫ਼ੀ ਫ਼ਕੀਰ ਸਰਮਦ ਵਰਗੇ ਨੇਕ ਲੋਕਾਂ ’ਤੇ ਵੀ ਘੋਰ ਤਸ਼ੱਦਦ ਕੀਤੇ। ਉਸ ਦਾ ਮੁੱਖ ਮਕਸਦ ਪੂਰੇ ਭਾਰਤ ਨੂੰ ਇਸਲਾਮ ਦੇ ਰੰਗ ਵਿੱਚ ਰੰਗਣਾ ਸੀ। ਆਪਣੀ ਇਸੇ ਕੱਟੜਤਾ ਤਹਿਤ ਉਸ ਨੇ 1668 ਈ: ਵਿੱਚ ਦਰਬਾਰੀ ਸੰਗੀਤ ’ਤੇ ਪਾਬੰਦੀ ਲਾ ਦਿੱਤੀ ਅਤੇ 1669 ਈ: ਵਿੱਚ ਹਿੰਦੂ ਮੰਦਰ ਢਾਹੁਣ ਅਤੇ ਧਾਰਮਿਕ ਰਸਮਾਂ ਬੰਦ ਕਰਨ ਦੇ ਹੁਕਮ ਚਾੜ੍ਹ ਦਿੱਤੇ।
ਉਸ ਦੌਰ ’ਚ ਕਿਸਾਨਾਂ ਦੀ ਹਾਲਤ ਵੀ ਤਰਸਯੋਗ ਸੀ। ਹਕੂਮਤ ਫਸਲ ਦਾ ਅੱਧਾ ਹਿੱਸਾ ਜਬਰਨ ਮਾਲੀਏ ਵਜੋਂ ਵਸੂਲਦੀ ਸੀ ਅਤੇ ਨਾ ਦੇਣ ’ਤੇ ਅੱਤਿਆਚਾਰ ਕਰਦੀ ਸੀ। ਇਸ ਆਰਥਿਕ ਲੁੱਟ ਅਤੇ ਧਾਰਮਿਕ ਅਸਹਿਣਸ਼ੀਲਤਾ ਤੋਂ ਤੰਗ ਆ ਕੇ 1669 ਈ: ਵਿੱਚ ਗੋਕੁਲ/ਮਥੁਰਾ ਦੇ ਜਾਟਾਂ ਅਤੇ 1672 ਈ: ਵਿੱਚ ਸਤਨਾਮੀਆਂ ਨੇ ਬਗਾਵਤਾਂ ਕੀਤੀਆਂ। ਇਨ੍ਹਾਂ ਵਿਦਰੋਹਾਂ ਦਾ ਮੂਲ ਕਾਰਨ ਸਿਰਫ ਆਰਥਿਕ ਤੰਗੀ ਨਹੀਂ, ਸਗੋਂ ਮੁਗ਼ਲ ਹਕੂਮਤ ਦੀਆਂ ਫਿਰਕੂ ਨੀਤੀਆਂ ਸਨ, ਜਿਸ ਕਾਰਨ ਗੈਰ-ਮੁਸਲਿਮ ਲੋਕਾਂ ਵਿੱਚ ਭਾਰੀ ਡਰ, ਸਹਿਮ ਅਤੇ ਨਿਰਾਸ਼ਾ ਫੈਲ ਚੁੱਕੀ ਸੀ।
ਅਜਿਹੇ ਭਿਆਨਕ ਮਾਹੌਲ ਵਿੱਚ ਗੁਰੂ ਤੇਗ਼ ਬਹਾਦਰ ਦੀ ਸ਼ਖ਼ਸੀਅਤ ਅਤੇ ਬਾਣੀ ਦੀ ਮਹੱਤਤਾ ਬਹੁਤ ਵੱਧ ਜਾਂਦੀ ਹੈ। ਸੰਸਾਰ ਦੀ ਨਾਸ਼ਮਾਨਤਾ, ਤਿਆਗ, ਕੁਰਬਾਨੀ, ਸੰਜਮ, ਪਿਆਰ ਅਤੇ ਵੈਰਾਗ ਦੇ ਭਾਵਾਂ ਨਾਲ ਲਬਰੇਜ਼ ਉਨ੍ਹਾਂ ਦੀ ਸਮੁੱਚੀ ਬਾਣੀ ਦੀ ਮੀਰੀ ਵਿਸ਼ੇਸ਼ਤਾਈ ਇਹ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ‘ਸਬਲ ਭਗਤੀ’ ਜਾਂ ‘ਪ੍ਰੇਮਾ-ਭਗਤੀ’ ਦੇ ਸਿਧਾਂਤ ਅਤੇ ਮਾਰਗ ਨੂੰ ਨਾ ਸਿਰਫ ਅੱਗੇ ਤੋਰਦੀ ਹੈ ਸਗੋਂ ਨਵੀਆਂ ਸਿਖਰਾਂ ’ਤੇ ਵੀ ਪਹੁੰਚਾਉਂਦੀ ਹੈ।
ਉਨ੍ਹਾਂ ਦੀ ਬਾਣੀ ਅਤੇ ਸਮਝ ਦਾ ਸਪੱਸ਼ਟ ਨਿਰਣਾ ਹੈ ਕਿ ਕਿਸੇ ਵੀ ਮਨੁੱਖ ਨੇ ਜੇ ਆਪਣੇ ਮਨ ਨੂੰ ਇਕਾਗਰ ਅਤੇ ਚੜ੍ਹਦੀ ਕਲਾ ਵਿੱਚ ਰੱਖਣਾ ਹੈ ਤਾਂ ਉਸ ਨੂੰ ਸਰੀਰ ਅਤੇ ਸੰਸਾਰ ਦੀ ਨਾਸ਼ਮਾਨਤਾ ਦਾ ਸ਼ਿੱਦਤੀ ਅਹਿਸਾਸ ਹੋਣਾ ਚਾਹੀਦਾ ਹੈ। ਜੇ ਅਜਿਹਾ ਹੋਵੇਗਾ ਤਾਂ ਸੁਭਾਵਕ ਹੀ ਉਸ ਦੇ ਮਨ ਅੰਦਰ ਸੰਸਾਰ ਪ੍ਰਤੀ ਤਿਆਗ, ਵੈਰਾਗ ਅਤੇ ਬੇਨਿਆਜ਼ੀ ਦਾ ਭਾਵ ਪੈਦਾ ਹੋ ਜਾਵੇਗਾ। ਸੁਭਾਵਕ ਹੈ ਕਿ ਜਦੋਂ ਮਨੁੱਖ ਦੇ ਮਨ ਅੰਦਰ ਤਿਆਗ, ਵੈਰਾਗ ਅਤੇ ਕੁਰਬਾਨੀ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ ਤਾਂ ਉਹ ਹਰ ਤਰ੍ਹਾਂ ਦੇ ਸਵਾਰਥ ਅਤੇ ਮੇਰ-ਤੇਰ ਦੀ ਭਾਵਨਾ ਤੋਂ ਉੱਪਰ ਉਠ ਕੇ, ਪੂਰੀ ਖੁੱਲ੍ਹਦਿਲੀ ਨਾਲ ਸਰਬੱਤ ਦੇ ਭਲੇ ਲਈ ਕਿਰਿਆਸ਼ੀਲ ਹੋ ਜਾਂਦਾ ਹੈ। ਇਸ ਪ੍ਰਸੰਗ ਵਿੱਚ ਗੁਰੂ ਤੇਗ਼ ਬਹਾਦਰ ਜੀ ਵੱਲੋਂ ਆਪਣੀ ਬਾਣੀ ਰਾਹੀਂ ਦਰਸਾਏ ਸੰਸਾਰ ਦੀ ਨਾਸ਼ਮਾਨਤਾ ਅਤੇ ਤਿਆਗ/ਵੈਰਾਗ ਦੇ ਸਿਧਾਂਤ ਦੀ ਖ਼ਾਸੀਅਤ ਇਹ ਹੈ ਕਿ ਇਹ ਵਿਹਾਰਕ ਪੱਧਰ ’ਤੇ ਮਨੁੱਖ ਨੂੰ ਹਰ ਤਰ੍ਹਾਂ ਦੀਆਂ ਦੁਨਿਆਵੀ ਚਿੰਤਾਵਾਂ ਤੋਂ ਹੀ ਮੁਕਤ (ਬੇਲਾਗ) ਨਹੀਂ ਕਰਦਾ ਸਗੋਂ ਹਰ ਤਰ੍ਹਾਂ ਦੀ ਨਿਰਾਸ਼ਤਾ, ਹਤਾਸ਼ਾ ਅਤੇ ਢਹਿੰਦੀ ਕਲਾ ਤੋਂ ਵੀ ਬਚਾਉਂਦਾ ਹੈ:
‘‘ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਇ॥
ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥’’
ਪ੍ਰਭੂ ਭਗਤੀ ਵਿੱਚ ਲੀਨ ਮਨੁੱਖ ‘ਨਿਰਭੈ’ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਅਜਿਹਾ ਗਿਆਨਵਾਨ ਪੁਰਖ ਨਾ ਕਿਸੇ ਨੂੰ ਡਰਾਉਂਦਾ ਹੈ ਅਤੇ ਨਾ ਹੀ ਕਿਸੇ ਤੋਂ ਡਰਦਾ ਹੈ। ਗੁਰੂ ਤੇਗ਼ ਬਹਾਦਰ ਜੀ ਵਰਗੇ ਮਹਾਪੁਰਖ ਇਸੇ ਅਵਸਥਾ ਵਿੱਚ ਵਿਚਰਦੇ ਹੋਏ ਮਨੁੱਖੀ ਅਧਿਕਾਰਾਂ, ਸੱਚ ਅਤੇ ਨਿਆਂ ਦੀ ਰਾਖੀ ਲਈ ਸ਼ਹਾਦਤ ਦੇਣ ਅਤੇ ਇਨਕਲਾਬ ਲਿਆਉਣ ਲਈ ਵੀ ਤਿਆਰ ਰਹਿੰਦੇ ਹਨ।
1658 ਈਸਵੀ ਤੋਂ ਆਰੰਭ ਹੋਇਆ ਔਰੰਗੇਜ਼ੇਬ ਦਾ ਫ਼ਿਰਕੂ ਅਤੇ ਜ਼ੁਲਮੀ ਰਾਜ ਸੰਨ 1675 ਈਸਵੀ ਤੱਕ ਪੁੱਜਦਿਆਂ ਸਾਰੇ ਹੱਦ-ਬੰਨੇ ਟੱਪ ਗਿਆ। 1675 ਵਿੱਚ ਉਸ ਨੇ ਮੰਦਰ ਢਾਹੁਣ ਦੇ ਨਾਲ-ਨਾਲ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲੈ ਆਂਦੀ। ਸ਼ਾਤਰ ਦਿਮਾਗ ਔਰੰਗਜ਼ੇਬ ਭਲੀਭਾਂਤ ਜਾਣਦਾ ਸੀ ਕਿ ਵਰਣ-ਵੰਡ (ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ) ਅਨੁਸਾਰ ਸਮੁੱਚੇ ਹਿੰਦੂ ਸਮਾਜ ਵਿੱਚ ਬ੍ਰਾਹਮਣ/ਪ੍ਰੋਹਤ ਵਰਗ ਦਾ ਚੰਗਾ ਦਬਦਬਾ ਹੈ। ਸੋ ਹਿੰਦੂਆਂ ਨੂੰ ਡਰਾ ਕੇ ਮੁਸਲਮਾਨ ਬਣਾਉਣ ਦਾ ਸਭ ਤੋਂ ਕਾਰਗਰ ਅਤੇ ਵਧੀਆ ਤਰੀਕਾ ਇਹੋ ਹੋਵੇਗਾ ਕਿ ਪਹਿਲਾ ਵਾਰ, ਇਨ੍ਹਾਂ ਦੇ ਸਭ ਤੋਂ ਉੱਚੇ ਮੰਨੇ ਜਾਂਦੇ ਵਰਗ ਪੰਡਤ/ਪ੍ਰੋਹਤ ਭਾਵ ਗਿਆਨਵਾਨ ਵਰਗ ’ਤੇ ਕੀਤਾ ਜਾਵੇ। ਜੇ ਇਹ ਤਬਕਾ ਮੁਸਲਮਾਨ ਹੋ ਗਿਆ ਤਾਂ ਬਾਕੀ ਆਪੇ ਮੁਸਲਮਾਨ ਹੋ ਜਾਣਗੇ।
ਇਤਿਹਾਸਕ ਤੱਥ ਹੈ ਕਿ ਕਸ਼ਮੀਰ ਦਾ ਇਲਾਕਾ ਉਸ ਸਮੇਂ ਪੰਡਤਾਂ/ਬ੍ਰਾਹਮਣਾਂ ਅਰਥਾਤ ਵਿਦਵਾਨ ਲੋਕਾਂ ਦਾ ਵੱਡਾ ਗੜ੍ਹ ਸੀ ਅਤੇ ਇਫਤਖਾਰ ਖ਼ਾਨ (1671-1675 ਈਸਵੀ) ਇਸ ਇਲਾਕੇ ਦਾ ਸੂਬੇਦਾਰ ਸੀ। ਸਾਰੇ ਭਾਰਤ ਨੂੰ ਦਰ-ਉਲ ਇਸਲਾਮ ਬਣਾਉਣ ਦੀ ਔਰੰਗਜ਼ੇਬ ਦੀ ਅਤਿ ਉਲਾਰ, ਅਣਮਨੁੱਖੀ ਅਤੇ ਜ਼ਾਲਮਾਨਾ ਨੀਤੀ ਦਾ ਉਹ ਅੰਧ ਪੈਰੋਕਾਰ/ਭਗਤ ਸੀ। ਇਸ ਮਾਮਲੇ ਵਿੱਚ ਔਰੰਗਜ਼ੇਬ ਦੀ ਖ਼ੁਸ਼ਨੂਦੀ ਹਾਸਲ ਕਰਨ ਲਈ ਜਦੋਂ ਉਸ ਨੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਢਾਹ ਕੇ ਅਤੇ ਹੋਛੇ ਤੋਂ ਹੋਛੇ ਹੱਥਕੰਢੇ ਅਪਣਾ ਕੇ ਕਸ਼ਮੀਰੀ ਪੰਡਤਾਂ ਨੂੰ ਵਰਗਲਾਉਣ, ਸਤਾਉਣ, ਡਰਾਉਣ, ਧਮਕਾਉਣ ਅਤੇ ਜਰਕਾਉਣ ਦੇ ਨਾਲ-ਨਾਲ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਜਬਰ ਤੋਂ ਅੱਕੇ, ਥੱਕੇ ਅਤੇ ਤੰਗ ਆਏ ਪੰਡਤਾਂ ਨੇ ਬਚਾਅ ਲਈ ਇਧਰ-ਉਧਰ ਬੜੇ ਹੱਥ-ਪੈਰ ਮਾਰੇ। ਸਰਕਾਰੇ-ਦਰਬਾਰੇ ਫ਼ਰਿਆਦਾਂ ਕੀਤੀਆਂ ਪਰ ਕਿਤੇ ਸੁਣਵਾਈ ਨਾ ਹੋਈ।
ਆਖ਼ਰਕਾਰ ਬਾਬੇ ਨਾਨਕ ਦੇ ਨਿਰਮਲ ਪੰਥ ਅਰਥਾਤ ਗੁਰੂ-ਘਰ ਦੇ ਦਸਤੂਰ ਤੋਂ ਜਾਣੂ ਕਿਸੇ ਸਿਆਣੇ ਨੇ ਮੋਹਤਬਰ ਪੰਡਤਾਂ ਨੂੰ ਸਲਾਹ ਦਿੱਤੀ ਕਿ ਉਹ ਮਦਦ ਲਈ ਆਨੰਦਪੁਰ ਸਾਹਿਬ ਜਾਣ। ਉੱਥੇ ਬਿਰਾਜਮਾਨ ਬਾਬੇ ਨਾਨਕ ਦੀ ਨੌਵੀਂ ਜੋਤ ਗੁਰੂ ਤੇਗ਼ ਬਹਾਦਰ ਜ਼ਰੂਰ ਉਨ੍ਹਾਂ ਦੀ ਬਾਂਹ ਫੜਨਗੇ। ਇਹ ਸੂਝਵਾਨ ਸੱਜਣ ਭਲੀਭਾਂਤ ਜਾਣਦਾ ਸੀ ਕਿ ਬਾਬੇ ਨਾਨਕ ਦੇ ਸਮੇਂ ਤੋਂ ਹੀ ਗੁਰੂ-ਘਰ, ਨਾ ਸਿਰਫ ਹਰ ਤਰ੍ਹਾਂ ਦੇ ਜਬਰ-ਜ਼ੁਲਮ, ਅਨਿਆਂ, ਅਸਹਿਣਸ਼ੀਲਤਾ ਅਤੇ ਧੱਕੇ ਵਿਰੁੱਧ ਲੜਦਾ ਰਿਹਾ ਹੈ ਸਗੋਂ ਹੱਕ-ਸੱਚ, ਨਿਆਂ, ਮਨੁੱਖੀ ਸੁਤੰਤਰਤਾ, ਕਦਰਾਂ-ਕੀਮਤਾਂ ਅਤੇ ਮਜ਼ਲੂਮਾਂ ਦੀ ਰਖਵਾਲੀ ਹਿੱਤ ਡੱਟ ਕੇ ਖੜ੍ਹਦਾ ਵੀ ਰਿਹਾ ਹੈ ਅਤੇ ਲੋੜ ਪੈਣ ’ਤੇ ਕੁਰਬਾਨੀਆਂ ਵੀ ਕਰਦਾ ਰਿਹਾ ਹੈ।
ਉੱਚਾ-ਸੁੱਚਾ ਗੁਰ-ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਸਮੇਂ ਦੀਆਂ ਜਾਬਰ ਹਕੂਮਤਾਂ ਦੇ ਸਤਾਏ ਕਿਸੇ ਖੁਸਰੋ ਅਤੇ ਦਾਰਾ ਸ਼ਿਕੋਹ ਵਰਗੇ ਪੀੜਤ ਨੇ ਗੁਰੂ ਘਰ ਕੋਲੋਂ ਮਦਦ/ਸ਼ਰਨ ਮੰਗੀ ਜਾਂ ਅਤਿਆਚਾਰੀ ਹਕੂਮਤਾਂ ਦੇ ਜਬਰ, ਜ਼ੁਲਮ, ਅਨਿਆਂ ਅਤੇ ਧੱਕੇ ਵਿਰੁੱਧ ਜੂਝਣ ਦਾ ਜਜ਼ਬਾ ਵਿਖਾਉਂਦਿਆਂ ਬਗ਼ਾਵਤ/ਵਿਦਰੋਹ ਅਥਵਾ ਨਾਬਰੀ ਦਾ ਔਖਾ ਰਾਹ ਚੁਣਿਆ ਤਾਂ ਮਨੁੱਖਤਾ, ਮਨੁੁੱਖੀ ਆਜ਼ਾਦੀ, ਅਣਖ, ਧਰਮ ਅਤੇ ਨੈਤਿਕਤਾ (ਕਦਰਾਂ-ਕੀਮਤਾਂ) ਨੂੰ ਪ੍ਰਣਾਏ ਗੁਰੂ-ਘਰ ਨੇ ਅਜਿਹੇ ਪੀੜਤਾਂ, ਮਜ਼ਲੂਮਾਂ ਅਤੇ ਜੁਝਾਰੂਆਂ ਨੂੰ ਨਾ ਸਿਰਫ ਸੀਨੇ ਨਾਲ ਲਾਇਆ ਸਗੋਂ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਨਿਧੜਕ ਹੋ ਕੇ ਸਾਥ ਵੀ ਦਿੱਤਾ।
ਇਤਿਹਾਸ ਦੱਸਦਾ ਹੈ ਕਿ ਕਸ਼ਮੀਰੀ ਪੰਡਤਾਂ/ਵਿਦਵਾਨਾਂ ਦਾ ਉੱਚ ਪੱਧਰੀ ਵਫ਼ਤ ਪੰਡਤ ਕਿਰਪਾ ਰਾਮ ਜੀ ਮਟਨ ਨਿਵਾਸੀ ਦੀ ਅਗਵਾਈ ਹੇਠ ਆਨੰਦਪੁਰ ਪਹੁੰਚਿਆ। ਉਨ੍ਹਾਂ 25 ਮਈ 1675 ਈਸਵੀ ਨੂੰ ਗੁਰੂ ਤੇਗ਼ ਬਹਾਦਰ ਨੂੰ ਮਿਲ ਕੇ ਆਪਣਾ ਦੁੱਖੜਾ ਦੱਸਿਆ। ਦੇਸ਼ ਭਰ ਵਿੱਚ ਔਰੰਗਜ਼ੇਬ ਦੇ ਜਬਰ-ਜ਼ੁਲਮ ਦੀ ਚੱਲ ਰਹੀ ਹਨੇਰੀ ਤੋਂ ਗੁਰੂ ਸਾਹਿਬ ਪਹਿਲਾਂ ਹੀ ਵਾਕਿਫ਼ ਸਨ। ਪੰਡਤਾਂ ਦਾ ਦੁੱਖ-ਦਰਦ ਧਿਆਨ ਪੂਰਵਕ ਸੁਣਨ ਮਗਰੋਂ ਉਹ ਆਪਣੇ ਅੰਤਰ-ਆਤਮੇ ਸਮਝ ਗਏ ਕਿ ਔਰੰਗਜ਼ੇਬ ਦੇ ਜ਼ੁਲਮ ਦੇ ਅਮੋੜ ਰੱਥ ਨੂੰ, ਉਸ ਦੇ ਹੰਕਾਰ ਨੂੰ ਤੋੜਨ ਦਾ ਵੇਲਾ ਆ ਗਿਆ ਹੈ। ਭਾਵ ਉਨ੍ਹਾਂ ਦਾ ਸ਼ਹਾਦਤ ਦੇਣ ਦਾ ਸਮਾਂ ਆ ਗਿਆ ਹੈ। ਉਹ ਸਮਝਦੇ ਸਨ ਕਿ ਕਸ਼ਮੀਰੀ ਪੰਡਤਾਂ ਨੂੰ ਦਰਪੇਸ਼ ਮਸਲਾ ਕਿਸੇ ਮਨੁੱਖ, ਭਾਈਚਾਰੇ, ਜਾਤ-ਬਰਾਦਰੀ ਜਾਂ ਧਰਮ ਦਾ ਨਹੀਂ ਸਗੋਂ ਸਮੁੱਚੀ ਮਨੁੱਖਤਾ, ਮੂਲ ਮਨੁੱਖੀ ਹੱਕਾਂ, ਆਜ਼ਾਦੀ ਅਤੇ ਸਵੈਮਾਣ ਨਾਲ ਜਿਊਣ ਦਾ ਹੈ। ਕਿਸੇ ਹਾਕਮ ਨੂੰ ਇਹ ਹੱਕ ਹਾਸਲ ਨਹੀਂ ਕਿ ਉਹ ਕਿਸੇ ਉੱਪਰ ਜਬਰਦਸਤੀ ਆਪਣਾ ਧਰਮ ਥੋਪੇ। ਇਸ ਲਈ ਦੂਜਿਆਂ ਦੀ ਮੂਲ ਮਨੁੱਖੀ ਆਜ਼ਾਦੀ, ਹੋਂਦ ਅਤੇ ਹੱਕਾਂ ਨੂੰ ਨਕਾਰਣ ਅਤੇ ਉਨ੍ਹਾਂ ਨੂੰ ਬਣਦਾ ਥਾਂ, ਮਹੱਤਵ ਅਤੇ ਇੱਜ਼ਤ-ਮਾਣ ਨਾ ਦੇਣ ਵਾਲੇ ਇਸ ਅਤਿ ਦੇ ਅਣਮਨੁੱਖੀ, ਫ਼ਿਰਕੂ ਅਤੇ ਅਸਹਿਣਸ਼ੀਲ ਜਾਬਰ ਵਰਤਾਰੇ ਨੂੰ ਹਰ ਹੀਲੇ ਰੋਕਣਾ ਹੁਣ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਗੁਰੂ ਸਾਹਿਬ ਨੇ ਸਹਿਮੇ ਪੰਡਤਾਂ ਨੂੰ ਗਲਵਕੜੀ ਵਿੱਚ ਲਿਆ। ਸੰਕਟ ਦੀ ਘੜੀ ਉਨ੍ਹਾਂ ਦੀ ਬਾਂਹ ਫੜਦਿਆਂ, ਧਿਰ ਬਣਦਿਆਂ ਅਤੇ ਧੀਰਜ, ਸੁਰੱਖਿਆ ਅਤੇ ਹੌਂਸਲਾ ਦਿੰਦਿਆਂ ਵਚਨ ਦਿੱਤਾ, ਵਿਸ਼ਵਾਸ ਦਵਾਇਆ ਕਿ ਉਹ ਔਰੰਗਜ਼ੇਬ ਨੂੰ ਕਿਸੇ ਵੀ ਕੀਮਤ ’ਤੇ ਅਜਿਹਾ ਨਹੀਂ ਕਰਨ ਦੇਣਗੇ। ਉਨ੍ਹਾਂ ਆਖਿਆ ਕਿ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਕਿ ਜੇ ਉਹ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾਉਣ, ਝੁਕਾਉਣ ਅਤੇ ਈਨ ਮਨਾਉਣ ਵਿੱਚ ਕਾਮਯਾਬ ਹੋ ਗਏ ਤਾਂ ਉਹ ਖੁਦ ਹੀ ਮੁਸਲਮਾਨ ਬਣ ਜਾਣਗੇ।
ਦਿੱਲੀ ਦੇ ਤਖ਼ਤ ’ਤੇ ਬੈਠਾ ਔਰੰਗਜ਼ੇਬ, ਜੋ ਹਮੇਸ਼ਾਂ ਆਪਣੀ ਜੈ-ਜੈਕਾਰ ਸੁਣਨ ਦਾ ਆਦੀ ਸੀ ਅਤੇ ਹੰਕਾਰ ਵਿੱਚ ਡੁੱਬਿਆ ਹੋਇਆ ਸੀ, ਗੁਰੂ ਸਾਹਿਬ ਦੀ ਇਸ ਵੰਗਾਰ ਨੂੰ ਬਰਦਾਸ਼ਤ ਨਾ ਕਰ ਸਕਿਆ। ਗੁਰੂ ਤੇਗ਼ ਬਹਾਦਰ ਵੱਲੋਂ ਮਨੁੱਖੀ ਆਜ਼ਾਦੀ, ਸੱਚ ਅਤੇ ਕਦਰਾਂ-ਕੀਮਤਾਂ ਦੀ ਰਾਖੀ ਲਈ ਅਪਣਾਇਆ ਗਿਆ ਇਹ ਨਿਡਰ ਅਤੇ ਜੁਝਾਰੂ ਰਵੱਈਆ ਉਸ ਨੂੰ ਬਿਲਕੁਲ ਪਸੰਦ ਨਾ ਆਇਆ। ਗੁਰੂ ਜੀ ਵੱਲੋਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਇਸ ਚੁਣੌਤੀ ਨੇ ਉਸ ਦੀ ਹਉਮੈ ’ਤੇ ਗਹਿਰੀ ਸੱਟ ਮਾਰੀ। ਉਸ ਨੇ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਉਣ ਦਾ ਹੁਕਮ ਚਾੜ੍ਹ ਦਿੱਤਾ।
ਬਾਦਸ਼ਾਹ ਦੇ ਹੁਕਮ ਦੀ ਤਾਮੀਲ ਕਰਦਿਆਂ ਜਦੋਂ ਉਸ ਦੇ ਅਹਿਲਕਾਰ, ਫ਼ੌਜਦਾਰ ਅਤੇ ਸਿਪਾਹੀ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਆਨੰਦਪੁਰ ਸਾਹਿਬ ਪੁੱਜੇ ਤਾਂ ਗੁਰੂ ਸਾਹਿਬ ਨੇ ਆਖਿਆ, ‘‘ਤੁਹਾਨੂੰ ਧੱਕੇ ਨਾਲ ਅਸਾਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਲੋੜ ਨਹੀਂ। ਅਸੀਂ ਖ਼ੁਦ ਚੱਲ ਕੇ ਦਿੱਲੀ ਜਾਵਾਂਗੇ ਅਤੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਲਈ ਪੇਸ਼/ਸਮਰਪਿਤ ਕਰਾਂਗੇ।’’ ਕਾਫ਼ਲੇ ਸਮੇਤ ਦਿੱਲੀ ਨੂੰ ਜਾਂਦਿਆਂ ਜਦੋਂ ਗੁਰੂ ਜੀ ਆਗਰੇ ਪਹੁੰਚੇ ਤਾਂ ਹੁਕਮ ਦੇ ਬੱਧੇ ਮੁਗ਼ਲ ਸੈਨਿਕਾਂ ਨੇ ਉੁਨ੍ਹਾਂ ਨੂੰ ਅਤੇ ਉਨ੍ਹਾਂ ਦੇ ਤਿੰਨ ਨਜ਼ਦੀਕੀ ਸਾਥੀਆਂ/ਗੁਰਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਨੂੰ ਗ੍ਰਿਫ਼ਤਾਰ ਕਰ ਲਿਆ। ਮਗਰੋਂ ਚਾਰਾਂ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਬਿਲਕੁਲ ਲਾਗੇ ਸਥਿਤ ਇੱਕ ਕੋਤਵਾਲੀ (ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ) ਵਿੱਚ ਨਜ਼ਰਬੰਦ ਕਰ ਦਿੱਤਾ।
ਕੈਦ ਦੌਰਾਨ ਗੁਰੂ ਸਾਹਿਬ ਨੂੰ ਡਰਾਉਣ, ਧਮਕਾਉਣ ਅਤੇ ਇਸਲਾਮ ਕਬੂਲਣ ਲਈ ਮਜਬੂਰ ਕਰਨ ਵਾਸਤੇ ਕਈ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਦਿੱਤੇ ਗਏ। ਜਦੋਂ ਗੁਰੂ ਜੀ ਕਿਸੇ ਵੀ ਡਰ ਜਾਂ ਕਰਾਮਾਤ ਦਿਖਾਉਣ ਦੀ ਮੰਗ ਅੱਗੇ ਨਾ ਝੁਕੇ, ਤਾਂ ਔਰੰਗਜ਼ੇਬ ਨੇ ਨਵਾਂ ਪੈਂਤੜਾ ਵਰਤਿਆ। ਉਸ ਨੇ ਗੁਰੂ ਜੀ ਨੂੰ ਦਹਿਲਾਉਣ ਲਈ ਉਨ੍ਹਾਂ ਦੇ ਤਿੰਨ ਪਿਆਰੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ। ਜ਼ੁਲਮ ਦੀ ਹੱਦ ਪਾਰ ਕਰਦਿਆਂ ਗੁਰੂ ਸਾਹਿਬ ਅਤੇ ਆਮ ਲੋਕਾਂ ਦੇ ਸਾਹਮਣੇ ਚਾਂਦਨੀ ਚੌਕ ਵਿੱਚ ਬੇਹੱਦ ਦਰਿੰਦਗੀ ਵਰਤੀ ਗਈ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸਾੜਿਆ ਗਿਆ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ।
ਗੁਰੂ ਸਾਹਿਬ ਨੂੰ ਥਿੜਕਾਉਣ ਦੇ ਇਰਾਦੇ ਨਾਲ ਸਿਰਜੇ ਗਏ ਅਜਿਹੇ ਦ੍ਰਿਸ਼ ਵੇਖ ਕੇ ਵੀ ਗੁਰੂ ਸਾਹਿਬ ਆਪਣੇ ਅਕੀਦੇ ’ਤੇ ਬਿਲਕੁਲ ਅਡਿਗ ਅਤੇ ਅਡੋਲ ਰਹੇ। ਅਖੀਰ ਆਪਣੀਆਂ ਸਾਰੀਆਂ ਚਾਲਾਂ ਨਾਕਾਮ ਹੁੰਦੀਆਂ ਵੇਖ ਔਰੰਗਜ਼ੇਬ ਨੇ 25 ਨਵੰਬਰ, 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਜਲਾਦ ਕੋਲੋਂ ਤਲਵਾਰ ਦੇ ਵਾਰ ਨਾਲ ਗੁਰੂ ਸਾਹਿਬ ਦਾ ਸੀਸ ਧੜ ਤੋਂ ਵੱਖ ਕਰਵਾ ਦਿੱਤਾ।
ਗੁਰੂ ਤੇਗ਼ ਬਹਾਦਰ ਵੱਲੋਂ ਸਵੈ-ਇੱਛਾ ਨਾਲ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤੀ ਇਹ ਕੁਰਬਾਨੀ ਉਹ ਲਾਸਾਨੀ ‘ਸ਼ਕਤੀ’ ਜਾਂ ‘ਕਰਾਮਾਤ’ ਸੀ ਜਿਸ ਨੇ ਨਾ ਸਿਰਫ ਔਰੰਗਜ਼ੇਬ ਦੀ ‘ਅਤਿ’ ਦਾ ਹੀ ਖ਼ਾਤਮਾ ਕੀਤਾ ਸਗੋਂ ਆਮ ਲੋਕਾਈ ਦੇ ਮਨਾਂ ਵਿੱਚ ਘਰ ਕਰ ਚੁੱਕੇ ਹਕੂਮਤ ਦੇ ਡਰ ਅਤੇ ਸਹਿਮ ਨੂੰ ਖ਼ਤਮ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਵਾਪਰਣ ਵਾਲੇ ਵੱਡੇ ਬਦਲਾਅ (ਸਭਿਆਚਾਰਕ ਇਨਕਲਾਬ) ਦਾ ਧਰਾਤਲ ਅਤੇ ਰਾਹ ਵੀ ਤਿਆਰ ਕਰ ਦਿੱਤਾ। ਸਪਸ਼ਟ ਹੈ ਕਿ ਇਹ ‘ਸ਼ਕਤੀ’ ਕੋਈ ਅਸਮਾਨੋਂ ਉੱਤਰੀ ਗ਼ੈਬੀ ਕਰਾਮਾਤ ਨਹੀਂ, ਸਗੋਂ ਬਾਬੇ ਨਾਨਕ ਦੇ ਦਰਸਾਏ ਭਾਉ-ਭਗਤੀ/ਪ੍ਰੇਮਾ-ਭਗਤੀ ਦੇ ਗਾਡੀ-ਰਾਹ ਅਰਥਾਤ ‘ਸਮਾਧੀ’ (ਬੰਦਗੀ ਅਤੇ ਧਿਆਨ-ਸਾਧਨਾ ਦੀ ਉੱਚੀ ਰੂਹਾਨੀ ਅਵਸਥਾ) ਦੀ ਸਹਿਜ ਉਪਜ ਸੀ।
ਗੁਰੂ ਸਾਹਿਬ ਨੇ ‘ਠੀਕਰ ਫੋਰਿ ਦਿਲੀਸ ਸਿਰਿ’ ਅਨੁਸਾਰ ਆਪਣੇ ਸਰੀਰ ਦਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਭੰਨ ਕੇ ਆਪਣਾ ਧਰਮ ਨਿਭਾਇਆ। ਉਨ੍ਹਾਂ ਨੇ ਮਨੁੱਖੀ ਆਜ਼ਾਦੀ, ਅਣਖ, ਹੱਕ-ਸੱਚ ਅਤੇ ਧਰਮ ਦੀ ਰਾਖੀ ਲਈ ਜਿਸ ਢੰਗ ਨਾਲ ਸ਼ਹਾਦਤ ਦਿੱਤੀ, ਉਸ ਦੀ ਮਿਸਾਲ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ। ਜੋ ਕੰਮ ਗੁਰੂ ਸਾਹਿਬ ਨੇ ਕੀਤਾ, ਉਹ ਕੋਈ ਹੋਰ ਨਹੀਂ ਕਰ ਸਕਦਾ ਸੀ।
ਸੰਪਰਕ: 99143-01328

