DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਅਰਜਨ ਦੇਵ ਦੀ ਲਾਸਾਨੀ ਸ਼ਹਾਦਤ

        ਡਾ. ਅਮਨਦੀਪ ਸਿੰਘ ਟੱਲੇਵਾਲੀਆ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ 1563 ਈ. ਨੂੰ ਮਾਤਾ ਭਾਨੀ ਦੀ ਕੁੱਖੋਂ ਹੋਇਆ। ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਉਨ੍ਹਾਂ ਦੇ ਬਾਕੀ ਦੋ ਭਰਾਵਾਂ ਦਾ...
  • fb
  • twitter
  • whatsapp
  • whatsapp
Advertisement

Advertisement

ਡਾ. ਅਮਨਦੀਪ ਸਿੰਘ ਟੱਲੇਵਾਲੀਆ

ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ 1563 ਈ. ਨੂੰ ਮਾਤਾ ਭਾਨੀ ਦੀ ਕੁੱਖੋਂ ਹੋਇਆ। ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ। ਉਨ੍ਹਾਂ ਦੇ ਬਾਕੀ ਦੋ ਭਰਾਵਾਂ ਦਾ ਨਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਸੀ। ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਿਸ (ਗੁਰੂ) ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਨਾਲ ਕੰਮ-ਕਾਜ ਵਿਚ ਪੂਰਾ ਹੱਥ ਵਟਾਉਂਦੇ। ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਅਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤ ਵੱਲੋਂ ਦਿੱਤੀ ਮਾਇਆ ਨਾਲ ਚੱਲਣ ਲੱਗਾ। ਜਿਹੜੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ, ਪ੍ਰਿਥੀ ਚੰਦ ਉਨ੍ਹਾਂ ਨਾਲ ਦੁਰ-ਵਿਹਾਰ ਕਰਦਾ। ਇੱਕ ਦਿਨ ਭਾਈ ਗੁਰਦਾਸ ਜੀ (ਬੀਬੀ ਭਾਨੀ ਦੇ ਚਾਚੇ ਦੇ ਪੁੱਤਰ) ਜੋ ਕਿ ਧਰਮ ਪ੍ਰਚਾਰ ਲਈ ਆਗਰੇ ਕੰਮ ਕਰ ਰਹੇ ਸਨ, ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਉਥੇ ਹੀ ਰਹਿਣ ਲੱਗ ਪਏ। ਸਿੱਖੀ ਦਾ ਬੂਟਾ ਫੈਲ ਚੁੱਕਾ ਸੀ। ਦੇਸ਼ ਦੇ ਕੋਨੇ-ਕੋਨੇ ਵਿਚ ਸਿੱਖ ਵਸੇ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਹੁਕਮ ਕੀਤਾ ਕਿ ਉਹ ਦਸਵੰਧ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਅਤੇ ਉਹ ਮਸੰਦ ਹਰ ਵਿਸਾਖੀ ’ਤੇ ਹਾਜ਼ਰ ਹੋ ਕੇ ਗੁਰੂ ਸਾਹਮਣੇ ਪੈਸਾ ਹਾਜ਼ਰ ਕਰੇਗਾ। ਇਸ ਤਰ੍ਹਾਂ ਪ੍ਰਿਥੀ ਚੰਦ ਦਾ ਸੰਗਤ ਨੂੰ ਤੰਗ ਕਰਨਾ ਥੋੜ੍ਹਾ ਘਟਿਆ ਪਰ ਗੁਰੂ ਜੀ ਨਾਲ ਉਸ ਦੀ ਰੰਜਿਸ਼ ਹੋਰ ਵਧ ਗਈ।

1589 ਵਿਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਕੋਲੋਂੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। ਗੁਰੂ ਅਰਜਨ ਦੇਵ ਜੀ ਨੇ ਸਖੀ ਸਰਵਰ ਦੇ ਵਧ ਰਹੇ ਪ੍ਰਭਾਵ ਨੂੰ ਠੱਲ੍ਹ ਪਾਉਣ ਦਾ ਯਤਨ ਕੀਤਾ। ਸਮਾਜ ਸੁਧਾਰ ਵਜੋਂ ਉਨ੍ਹਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਇੱਕ ਵਿਧਵਾ ਨਾਲ ਵਿਆਹ ਕੀਤਾ।

1590 ’ਚ ਤਰਨ ਤਾਰਨ ਅਤੇ 1594 ’ਚ ਕਰਤਾਰਪੁਰ ਸ਼ਹਿਰ ਵਸਾਇਆ। ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਨਾਲ ਹੋਇਆ। ਗੰਗਾ ਦੇਈ ਦੇ ਕੁੱਖੋਂ (ਗੁਰੂ) ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਿਗੋਬਿੰਦ ਨੂੰ ਮੁਕਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਕਿ ਗੱਦੀ ਦਾ ਮਾਲਕ ਉਹ ਆਪ ਬਣੇ ਪਰ ਅਸਫ਼ਲ ਰਿਹਾ।

ਹੁਣ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਸੰਪੂਰਨ ਕਰਨ ਲਈ ਲਾ ਦਿੱਤਾ। ਇਹ ਕਾਰਜ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਪਹਿਲੇ, ਦੂਜੇ ਅਤੇ ਤੀਜੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ। ਗੁਰੂ ਜੀ ਨੂੰ ਕਾਨ੍ਹਾ, ਛੱਜੂ, ਸ਼ਾਹ ਹੁਸੈਨ ਅਤੇ ਪੀਲੂ ਵਰਗੇ ਬਹੁਤ ਸਾਰੇ ਲੇਖਕਾਂ ਦੀਆਂ ਲਿਖਤਾਂ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰਨੀਆਂ ਪਈਆਂ। ਇਸ ਤਰ੍ਹਾਂ ਬਾਣੀ ਇਕੱਠੀ ਕਰ ਕੇ ਭਾਈ ਗੁਰਦਾਸ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ। 1604 ਈ. ਵਿਚ ਇਹ ਕਾਰਜ ਸੰਪੂਰਨ ਹੋ ਗਿਆ। ਗੁਰਬਾਣੀ 30 ਰਾਗਾਂ ਵਿਚ ਰਚੀ ਗਈ। ਇਕੱਤੀਵਾਂ ਰਾਗ ਜੈਜਾਵੰਤੀ ਨੌਵੇਂ ਗੁਰੂ ਸਾਹਿਬ ਨੇ ਜੋੜਿਆ।

ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉੁਸ ਵੇਲੇ ਦੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ ਹੈ, ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤਾਂ ਉਸ ਨੂੰ ਅਜਿਹਾ ਕੁੱਝ ਨਾ ਲੱਗਿਆ, ਸਗੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਊਂਦਾ ਰਿਹਾ, ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ।

ਅਕਬਰ ਦੀ ਮੌਤ ਤੋਂ ਪਿੱਛੋਂ ਉਸ ਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਿਸ ਬਣਿਆ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਸ ਦਾ ਪੁੱਤਰ ਖੁਸਰੋ ਬਗ਼ਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰਕੇ ਇਹ ਗੱਲ ਪੱਕੀ ਕਰ ਦਿੱਤੀ ਕਿ ਖੁਸਰੋ ਦੀ ਬਗ਼ਾਵਤ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਮਦਦ ਕੀਤੀ। ਇਸ ’ਤੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ’ਤੇ ਹੋਰ ਦੋਸ਼ ਵੀ ਮੜ੍ਹੇ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫ਼ਲਤਾ ਲਈ ਅਰਦਾਸ ਕੀਤੀ ਅਤੇ ਉਸ ਨੂੰ ਰਕਮ ਦਿੱਤੀ। ਇਨ੍ਹਾਂ ਕਾਰਨਾਂ ਕਰਕੇ ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਸਿੱਖ ਲਿਖਤਾਂ ਅਨੁਸਾਰ ਚੰਦੂ ਦੀ ਗੁਰੂ ਘਰ ਨਾਲ ਪਹਿਲਾਂ ਕੋਈ ਨਿੱਜੀ ਦੁਸ਼ਮਣੀ ਸੀ। ਗੁਰੂ ਅਰਜਨ ਦੇਵ ਜੀ ਨੂੰ ਜੇਠ-ਹਾੜ੍ਹ ਦੀ ਤਪਦੀ ਦੁਪਹਿਰ ਵਿਚ ‘ਯਾਸ਼ਾ ਵਿਧੀ’ ਰਾਹੀਂ ਲਾਹੌਰ ਵਿੱਚ ਤੱਤੀ ਤਵੀ ’ਤੇ ਬਿਠਾਇਆ ਗਿਆ ਅਤੇ ਉੱਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ ਪਰ ਗੁਰੂ ਸਾਹਿਬ ਅਡੋਲ ਰਹੇ ਅਤੇ ਮੁੱਖੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਰਹੇ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖ਼ਮਾਂ ਨਾਲ ਭਰ ਗਿਆ ਤਾਂ ਉਨ੍ਹਾਂ ਦੀਆਂ ਪੀੜਾਂ ਵਿਚ ਹੋਰ ਵਾਧਾ ਕਰਨ ਲਈ ਉਨ੍ਹਾਂ ਨੂੰ ਰਾਵੀ ਦੇ ਠੰਢੇ ਪਾਣੀ ਵਿਚ ਸੁੱਟ ਦਿੱਤਾ ਗਿਆ। ਇਹ ਘਟਨਾ 30 ਮਈ 1606 ਨੂੰ ਵਾਪਰੀ।

ਹਿੰਦੋਸਤਾਨ ਬਹੁ ਜਾਤੀ ਬਹੁ ਕੌਮੀ ਬਹੁ ਧਰਮੀ ਦੇਸ਼ ਹੈ। ਇੱਥੇ ਦਾ ਰਾਜ ਪ੍ਰਬੰਧ ਬਹੁ ਕੇਂਦਰਿਤ ਹੋਣਾ ਚਾਹੀਦਾ ਹੈ ਪਰ ਕੋਸ਼ਿਸ਼ ਹਮੇਸ਼ਾ ਏਕਾ ਕੇਂਦਰਿਤ ਰਾਜ ਸਥਾਪਿਤ ਕਰਨ ਦੀ ਰਹੀ ਹੈ ਪਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਏਕਾ ਕੇਂਦਰਤ ਦੀ ਥਾਂ ਬਹੁ ਕੇਂਦਰਤ ਸੀ, ਜੋ ਮਨੁੱਖ ਨੂੰ ਜਾਤਾਂ, ਕੌਮਾਂ ਤੇ ਮਜ਼ਹਬਾਂ ਵਿੱਚ ਵੰਡ ਕੇ ਨਹੀਂ ਵੇਖਦੀ ਸੀ, ਸਗੋਂ ਸਭ ਨੂੰ ਇੱਕ ਜੋਤ ਦਾ ਪਸਾਰਾ ਮੰਨਦੀ ਸੀ।

ਬੇਸ਼ੱਕ ਗੁਰੂ ਸਾਹਿਬ ਦੀ ਸ਼ਹੀਦੀ ਦੇ ਤਤਕਾਲੀ ਕਾਰਨ ਤਾਂ ਬਹੁਤ ਹੋ ਸਕਦੇ ਹਨ। ਇਨ੍ਹਾਂ ’ਚੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਨੂੰ ਵੀ ਪ੍ਰਮੁੱਖ ਕਾਰਨ ਮੰਨਿਆ ਜਾ ਸਕਦਾਹੈ। ਉਸ ਸਮੇਂ ਜਦੋਂ ਸਮਾਜ ਵਰਨਾਂ ਅਤੇ ਜਾਤਾਂ ਵਿਚ ਵੰਡਿਆ ਹੋਇਆ ਸੀ, ਪੁਜਾਰੀਵਾਦ ਦਾ ਦਬਦਬਾ ਸੀ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਰਾਬਰਤਾ ਦੇ ਸਿਧਾਂਤ ਦੀ ਗੱਲ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਉੱਪਰ ਕਰਾਰੀ ਚੋਟ, ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ। ਦੂਸਰਾ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ, ਜਿਥੇ ਬਿਨਾਂ ਕਿਸੇ ਭੇਦ-ਭਾਵ, ਕੁਲ, ਜਾਤ ਦੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਹੋਇਆ ਕਿਉਂਕਿ ਜਿਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਵਜੋਂ ਹੋਈ, ਉਥੇ ਪੁਜਾਰੀਵਾਦ ਦੀ ਆਰਥਿਕਤਾ ’ਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ’ਤੇ ਜਾਂਦੇ ਸਨ ਅਤੇ ਚੜ੍ਹਾਵੇ ਚੜ੍ਹਾਉਂਦੇ ਸਨ, ਉਹ ਚੜ੍ਹਾਵਾ ਹੁਣ ਸੰਗਤ ਵਿਚ ਵਰਤਣਾ ਸ਼ੁਰੂ ਹੋ ਗਿਆ, ਊਚ-ਨੀਚ ਦਾ ਭੇਦ-ਭਾਵ ਖ਼ਤਮ ਹੋ ਗਿਆ। ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗਿਆ। ਅਜਿਹਾ ਵੇਖ ਕੇ ਪੁਜਾਰੀਵਾਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪੈਣੇ ਹਨ ਅਤੇ ਧਰਮ ਨੂੰ ਖ਼ਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ ‘ਧਰਮ ਸੰਕਟ’ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ।

ਸੰਪਰਕ: 98146-99446

Advertisement
×