DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਬਾ ਦੀਪ ਸਿੰਘ ਦੀ ਲਾਸਾਨੀ ਸ਼ਹਾਦਤ

ਸ਼ਹੀਦ ਉਸ ਕੌਮ ਦਾ ਸਰਮਾਇਆ ਅਤੇ ਉਸ ਮਿੱਟੀ ਦਾ ਮਾਣ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦਾ ਜਨਮ ਹੁੰਦਾ ਹੈ। ਉਹ ਕੌਮਾਂ ਵੀ ਧੰਨਤਾ ਦੇ ਯੋਗ ਹੁੰਦੀਆਂ ਹਨ, ਜਿਹੜੀਆਂ ਆਪਣੇ ਪੁਰਖਿਆਂ ਦੀਆਂ ਘਾਲਣਾਵਾਂ ਨੂੰ ਅਕਸਰ ਚਿੱਤਵਦੀਆਂ ਰਹਿੰਦੀਆਂ ਹਨ। ਸ਼ਹੀਦ ਅਤੇ ਸ਼ਹਾਦਤ...

  • fb
  • twitter
  • whatsapp
  • whatsapp
Advertisement

ਸ਼ਹੀਦ ਉਸ ਕੌਮ ਦਾ ਸਰਮਾਇਆ ਅਤੇ ਉਸ ਮਿੱਟੀ ਦਾ ਮਾਣ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦਾ ਜਨਮ ਹੁੰਦਾ ਹੈ। ਉਹ ਕੌਮਾਂ ਵੀ ਧੰਨਤਾ ਦੇ ਯੋਗ ਹੁੰਦੀਆਂ ਹਨ, ਜਿਹੜੀਆਂ ਆਪਣੇ ਪੁਰਖਿਆਂ ਦੀਆਂ ਘਾਲਣਾਵਾਂ ਨੂੰ ਅਕਸਰ ਚਿੱਤਵਦੀਆਂ ਰਹਿੰਦੀਆਂ ਹਨ। ਸ਼ਹੀਦ ਅਤੇ ਸ਼ਹਾਦਤ ਅਰਬੀ ਜ਼ਬਾਨ ਦੇ ਸ਼ਬਦ ਹਨ। ਸ਼ਹਾਦਤ ਦਾ ਸ਼ਬਦੀ ਅਰਥ ਗਵਾਹੀ ਦੇਣੀ ਜਾਂ ਸਾਖੀ ਭਰਨੀ ਹੁੰਦਾ ਹੈ। ਇਸ ਤਰ੍ਹਾਂ ਸ਼ਹੀਦ ਕਿਸੇ ਕੌਮ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਸਦੀਵੀ ਅਤੇ ਸੱਚੇ ਗਵਾਹ ਹੁੰਦੇ ਹਨ।

ਦੀਨ-ਦੁਖੀਆਂ ਦੀ ਰਖਵਾਲੀ, ਸਤਿ ਧਰਮ ਤੇ ਮਨੁੱਖਤਾ ਦੀ ਖਾਤਰ ਸਮੇਂ-ਸਮੇਂ ਦੇਸ਼, ਕੌਮ ਅਤੇ ਸਮਾਜ ਉੱਪਰ ਆਏ ਸੰਕਟਾਂ ਦਾ ਖਿੜੇ ਮੱਥੇ ਸਵਾਗਤ ਕਰਨਾ, ਇਨ੍ਹਾਂ ਸੰਕਟਾਂ ਦਾ ਡੱਟ ਕੇ ਮੁਕਾਬਲਾ ਕਰਨਾ, ਇਸ ਮੁਕਾਬਲੇ ਨੂੰ ਕਿਸੇ ਨਿਰਣਾਇਕ ਮੋੜ ’ਤੇ ਲਿਜਾਣ ਤੱਕ ਆਪਣੇ ਕਦਮ ਪਿਛਾਂਹ ਨਾ ਪੁੱਟਣੇ ਅਤੇ ਆਪਣੇ ਮਨੋਰਥ ਦੀ ਸਿੱਧੀ ਲਈ ਆਪਾ ਤੱਕ ਵਾਰ ਦੇਣਾ ਹੀ ਸ਼ਹੀਦਾਂ ਦੀ ਪਛਾਣ ਹੁੰਦੀ ਹੈ। ਇਹ ਪਛਾਣ ਮੌਤ ਦੀਆਂ ਵਾਦੀਆਂ ਵਿੱਚੋਂ ਲੰਘ ਕੇ ਹੀ ਕਰਵਾਈ ਜਾ ਸਕਦੀ ਹੈ।

Advertisement

ਸ਼ਹੀਦ ਦੀ ਆਤਮਾ ਨਿਰਮਲ ਅਤੇ ਉਦੇਸ਼ ਸਪੱਸ਼ਟ ਹੁੰਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਇਸ ਤਰ੍ਹਾਂ ਤਸਦੀਕ ਕਰਦੇ ਹਨ:

Advertisement

ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ॥

ਸ਼ਹੀਦ ਫੌਲਾਦੀ ਇਰਾਦੇ ਦਾ ਮਾਲਕ ਹੁੰਦਾ ਹੈ, ਜਿਸ ਦੇ ਵਿਚਾਰਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਇਰਾਦੇ ਅਤੇ ਵਿਚਾਰਾਂ ਦੀ ਮਲਕੀਅਤ ਰੱਖਣ ਵਾਲੇ ਸਨ ਬਾਬਾ ਦੀਪ ਸਿੰਘ ਜੀ ਸ਼ਹੀਦ।

ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ (ਹੁਣ ਤਰਨ ਤਾਰਨ) ਦੀ ਤਹਿਸੀਲ ਪੱਟੀ ਦੇ ਪਿੰਡ ਪਹੂਵਿੰਡ ਵਿੱਚ ਭਾਈ ਭਗਤੂ ਅਤੇ ਮਾਤਾ ਜਿਊਣੀ ਦੇ ਘਰ ਹੋਇਆ। ਬਾਬਾ ਜੀ ਦੇ ਬਚਪਨ ਦਾ ਨਾਮ ਦੀਪਾ ਸੀ। ਜਦੋਂ ਦੀਪੇ ਦੀ ਉਮਰ 18 ਸਾਲ ਦੀ ਹੋਈ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਲਈ ਗਿਆ। ਕੁਝ ਦਿਨ ਰਹਿ ਕੇ ਦੀਪੇ ਦੇ ਮਾਤਾ-ਪਿਤਾ ਤਾਂ ਵਾਪਸ ਪਹੂਵਿੰਡ ਆ ਗਏ ਪਰ ਦੀਪਾ ਇੱਥੇ ਹੀ ਰਹਿ ਪਿਆ। ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੀਪੇ ਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆ ਗਿਆ ਅਤੇ ਉਹ ਦੀਪੇ ਤੋਂ ਦੀਪ ਸਿੰਘ ਬਣ ਗਿਆ। ਆਨੰਦਪੁਰ ਸਾਹਿਬ ਰਹਿ ਕੇ ਦੀਪ ਸਿੰਘ ਨੇ ਸ਼ਸਤਰ ਤੇ ਸ਼ਾਸਤਰ ਵਿੱਦਿਆ ਵਿੱਚ ਬਰਾਬਰੀ ਨਾਲ ਮੁਹਾਰਤ ਹਾਸਲ ਕੀਤੀ। 20-22 ਸਾਲ ਦੀ ਉਮਰ ਤੱਕ ਦੀਪ ਸਿੰਘ ਨੇ ਜਿੱਥੇ ਭਾਈ ਮਨੀ ਸਿੰਘ ਵਰਗੇ ਉਸਤਾਦ ਕੋਲੋਂ ਗੁਰਬਾਣੀ ਦਾ ਚੋਖਾ ਗਿਆਨ ਹਾਸਲ ਕੀਤਾ, ਉੱਥੇ ਉਹ ਨਿਪੁੰਨ ਸਿਪਾਹੀ ਵੀ ਬਣ ਗਿਆ। ਕੁਝ ਸਮੇਂ ਬਾਅਦ ਦੀਪ ਸਿੰਘ ਪਹੂਵਿੰਡ ਆ ਗਿਆ। ਪਿੰਡ ਆ ਕੇ ਉਸ ਨੇ ਆਸ-ਪਾਸ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਦੇ ਕਾਰਜ ਨੂੰ ਬੜੀ ਹੀ ਲਗਨ ਅਤੇ ਸ਼ਰਧਾ-ਭਾਵਨਾ ਨਾਲ ਕਰਨਾ ਆਰੰਭ ਕਰ ਦਿੱਤਾ, ਜਿਸ ਦਾ ਨੌਜਵਾਨ ਤਬਕੇ ’ਤੇ ਬਹੁਤ ਹੀ ਸਾਰਥਕ ਅਤੇ ਸੁਚੱਜਾ ਪ੍ਰਭਾਵ ਪੈਣ ਲੱਗਾ।

ਜਦੋਂ ਦਸਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਦੇ ਨਾਲ-ਨਾਲ ਬਾਬਾ ਦੀਪ ਸਿੰਘ ਦਾ ਵੀ ਭਰਪੂਰ ਸਹਿਯੋਗ ਲਿਆ। ਬਾਬਾ ਜੀ ਤੋਂ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਵਾਉਣ ਦੀ ਸੇਵਾ ਲਈ ਗਈ। ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਕਰਕੇ ਚਾਰੇ ਤਖ਼ਤਾਂ ਨੂੰ ਭੇਜੇ। ਦੱਖਣ ਵੱਲ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਪੂਰਨ ਰੂਪ ਵਿੱਚ ਬਾਬਾ ਜੀ ਨੂੰ ਸੌਂਪ ਦਿੱਤੀ। ਇਸ ਜ਼ਿੰਮੇਵਾਰੀ ਨੂੰ ਬਾਬਾ ਦੀਪ ਸਿੰਘ ਨੇ ਬੜੀ ਹੀ ਤਨਦੇਹੀ ਅਤੇ ਸਿਦਕਦਿਲੀ ਨਾਲ ਨਿਭਾਇਆ।

1709 ਈ: ਵਿੱਚ ਜਦੋਂ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਮਾਂ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦਾ ਹਿਸਾਬ ਚੁਕਤਾ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਮਰਜੀਵੜਿਆਂ ਦੀ ਫ਼ੌਜ ਨਾਲ ਲੈ ਕੇ ਉਨ੍ਹਾਂ ਦਾ ਡੱਟਵਾਂ ਸਾਥ ਦਿੱਤਾ। ਇਸ ਸਾਥ ਸਦਕਾ ਹੀ ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਬਾਬਾ ਦੀਪ ਸਿੰਘ ਸ਼ਹੀਦੀ ਮਿਸਲ ਦੇ ਜਥੇਦਾਰ ਵੀ ਸਨ।

ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ’ਤੇ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਫ਼ੌਜਾਂ ਦਾ ਰਾਹ ਰੋਕਣ ਵਾਲੇ ਸਿੱਖਾਂ ਤੋਂ ਉਹ ਬਹੁਤ ਪ੍ਰੇਸ਼ਾਨ ਅਤੇ ਦੁਖੀ ਸੀ। ਆਪਣੀ ਪ੍ਰੇਸ਼ਾਨੀ ਅਤੇ ਦੁੱਖ ਘੱਟ ਕਰਨ ਭਾਵ ਸਿੱਖੀ ਦਾ ਖੁਰਾ-ਖੋਜ ਮਿਟਾਉਣ ਲਈ ਉਸ ਨੇ ਆਪਣੇ ਪੁੱਤਰ ਤੈਮੂਰ ਨੂੰ ਪੰਜਾਬ ਦਾ ਗਵਰਨਰ ਥਾਪ ਦਿੱਤਾ ਅਤੇ ਉਸ ਦੇ ਸਹਿਯੋਗ ਲਈ ਇੱਕ ਜ਼ਾਲਮ ਸੁਭਾਅ ਦੇ ਸੈਨਾਪਤੀ ਜਹਾਨ ਖਾਂ ਦੀ ਨਿਯੁਕਤੀ ਕਰ ਦਿੱਤੀ।

ਜਹਾਨ ਖਾਂ ਨੂੰ ਕਿਸੇ ਨੇ ਦੱਸਿਆ ਕਿ ਜਦੋਂ ਤੱਕ ਅੰਮ੍ਰਿਤਸਰ ਵਿੱਚ ਪਵਿੱਤਰ ਸਰੋਵਰ ਅਤੇ ਦਰਬਾਰ ਸਾਹਿਬ ਦੀ ਹੋਂਦ ਕਾਇਮ ਹੈ, ਸਿੱਖਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਨ੍ਹਾਂ ਦੋਹਾਂ ਸੋਮਿਆਂ ਤੋਂ ਉਨ੍ਹਾਂ ਨੂੰ ਨਵਾਂ ਜੀਵਨ ਅਤੇ ਉਤਸ਼ਾਹ ਮਿਲਦਾ ਹੈ। 1757 ਈ. ਵਿੱਚ ਜਹਾਨ ਖਾਂ ਨੇ ਅੰਮ੍ਰਿਤਸਰ ਨੂੰ ਸਦਰ ਮੁਕਾਮ ਬਣਾ ਲਿਆ। ਇਸ ਮੁਕਾਮ ਦੌਰਾਨ ਉਸ ਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ।

ਜਦੋਂ ਜਹਾਨ ਖਾਂ ਦੀ ਇਸ ਵਧੀਕੀ ਦੀ ਖ਼ਬਰ ਜਥੇਦਾਰ ਭਾਗ ਸਿੰਘ ਨੇ ਤਲਵੰਡੀ ਸਾਬੋ ਆ ਕੇ ਬਾਬਾ ਦੀਪ ਸਿੰਘ ਨੂੰ ਦਿੱਤੀ ਤਾਂ ਉਨ੍ਹਾਂ ਦਾ ਖ਼ੂਨ ਉਬਾਲੇ ਖਾਣ ਲੱਗਾ। ਅਰਦਾਸ ਕਰਕੇ ਬਾਬਾ ਜੀ ਨੇ 18 ਸੇਰ ਦਾ ਖੰਡਾ ਚੁੱਕ ਲਿਆ ਅਤੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ। ਦਮਦਮਾ ਸਾਹਿਬ ਤੋਂ ਚੱਲਣ ਵੇਲੇ ਉਨ੍ਹਾਂ ਨਾਲ ਕੁਝ ਗਿਣਤੀ ਦੇ ਹੀ ਸਿੰਘ ਸਨ ਪਰ ਰਸਤੇ ਵਿੱਚ ਜਥੇਦਾਰ ਗੁਰਬਖਸ਼ ਸਿੰਘ ਆਨੰਦਪੁਰੀ ਵੀ ਆ ਰਲਿਆ। ਚੱਲਦਿਆਂ-ਚਲਦਿਆਂ ਕਾਫ਼ਲਾ ਵਧਦਾ ਗਿਆ। ਬਾਬਾ ਜੀ ਨੇ ਇਸ ਢੰਗ ਨਾਲ ਵੰਗਾਰਿਆ ਕਿ ਤਰਨ ਤਾਰਨ ਤੱਕ ਪਹੁੰਚ ਕੇ ਲਾੜੀ ਮੌਤ ਨੂੰ ਵਾਰਨ ਜਾ ਰਹੇ ਸਿੰਘਾਂ ਦੀ ਗਿਣਤੀ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਪਹੁੰਚ ਗਈ। ਇੱਥੇ ਆ ਕੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਲਕੀਰ ਵਾਹ ਦਿੱਤੀ ਤੇ ਕਿਹਾ, ‘ਜਿਸ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ ਉਹ ਟੱਪ ਜਾਵੇ ਅਤੇ ਜਿਸ ਨੂੰ ਮੌਤ ਤੋਂ ਡਰ ਲੱਗਦਾ ਹੈ ਉਹ ਪਿਛਾਂਹ ਹਟ ਜਾਵੇ।’ ਪਰ ਜਿਹੜਾ ਵੀ ਕਾਫ਼ਲਾ ਹੁਣ ਤੱਕ ਬਾਬਾ ਜੀ ਨਾਲ ਜੁੜ ਚੁੱਕਿਆ ਸੀ, ਉਹ ਸਾਰਾ ਹੀ ਸ਼ਹੀਦੀਆਂ ਦਾ ਚਾਅ ਲੈ ਕੇ ਆਇਆ ਸੀ। ਇਸ ਕਰਕੇ ਸਾਰਾ ਕਾਫ਼ਲਾ ਹੀ ਲਕੀਰ ਪਾਰ ਕਰ ਗਿਆ ਅਤੇ ਬਾਬਾ ਜੀ ਨੇ ਖ਼ੁਸ਼ੀ ਵਿੱਚ ਜੈਕਾਰਾ ਛੱਡ ਦਿੱਤਾ। ਦੂਜੇ ਪਾਸੇ ਜਹਾਨ ਖਾਂ ਨੂੰ ਜਦੋਂ ਬਾਬਾ ਜੀ ਦੇ ਕਾਫ਼ਲੇ ਦੀ ਅੰਮ੍ਰਿਤਸਰ ਵੱਲ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਜਰਨੈਲ ਅਤਾਈ ਖਾਂ ਦੀ ਅਗਵਾਈ ਹੇਠ ਵੱਡੀ ਫ਼ੌਜ ਸਿੰਘਾਂ ਦਾ ਰਾਹ ਰੋਕਣ ਲਈ ਭੇਜ ਦਿੱਤੀ। ਗੋਹਲਵੜ ਦੇ ਸਥਾਨ ’ਤੇ ਲਹੂ-ਡੋਲਵੀਂ ਲੜਾਈ ਹੋਈ। ਸਿੰਘਾਂ ਦੇ ਜੈਕਾਰਿਆਂ ਅਤੇ ਲਲਕਾਰਿਆਂ ਨਾਲ ਅਫ਼ਗਾਨੀ ਫ਼ੌਜਾਂ ਦੇ ਹੌਸਲੇ ਪਸਤ ਹੋਣ ਲੱਗੇ ਅਤੇ ਉਹ ਪਿਛਲਖ਼ੁਰੀ ਹੋਣ ਲੱਗੀਆਂ।

ਇਸ ਸਮੇਂ ਦੌਰਾਨ ਯਾਕੂਬ ਖਾਂ ਅਤੇ ਸਾਬਕ ਅਲੀ ਖਾਂ ਵੀ ਬਾਬਾ ਦੀਪ ਸਿੰਘ ਨਾਲ ਮੁਕਾਬਲੇ ’ਤੇ ਆ ਗਏ। ਯਾਕੂਬ ਖਾਂ ਅਤੇ ਬਾਬਾ ਜੀ ਵਿਚਾਲੇ ਫਸਵੀਂ ਟੱਕਰ ਹੋਈ ਪਰ ਯਾਕੂਬ ਖਾਂ ਬਾਬਾ ਜੀ ਦੇ ਵਾਰ ਦੀ ਤਾਬ ਨਾ ਝੱਲ ਸਕਿਆ। ਯਾਕੂਬ ਖਾਂ ਨੂੰ ਢੇਰੀ ਹੁੰਦਿਆਂ ਦੇਖ ਕੇ ਇੱਕ ਹੋਰ ਅਫ਼ਗਾਨੀ ਜਵਾਨ ਅਸਮਾਨ ਖਾਂ ਵੀ ਮੈਦਾਨ-ਏ-ਜੰਗ ਵਿੱਚ ਆ ਨਿੱਤਰਿਆ। ਸਾਂਝੇ ਵਾਰ ਨਾਲ ਬਾਬਾ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਨਾਲ ਦੇ ਇੱਕ ਸਿੰਘ ਨੇ ਜਦੋਂ ਬਾਬਾ ਦੀਪ ਸਿੰਘ ਨੂੰ ਅਰਦਾਸ ਸਮੇਂ ਕੀਤਾ ਹੋਇਆ ਪ੍ਰਣ ਯਾਦ ਕਰਵਾਇਆ ਤਾਂ ਉਹ ਕੱਟੇ ਹੋਏ ਸੀਸ ਨੂੰ ਆਪਣੇ ਖੱਬੇ ਹੱਥ ਦਾ ਆਸਰਾ ਦੇ ਕੇ ਸੱਜੇ ਹੱਥ ਵਿੱਚ ਫੜੇ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁਣ ਲੱਗ ਪਏ। ਆਪਣੇ ਕੀਤੇ ਹੋਏ ਪ੍ਰਣ ਨੂੰ ਨਿਭਾ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਭੇਟ ਕਰ ਦਿੱਤਾ ਅਤੇ 11 ਨਵੰਬਰ 1757 ਈ. ਨੂੰ ਸ਼ਹਾਦਤ ਦਾ ਜਾਮ ਪੀ ਗਏ।

ਸੰਪਰਕ: 94631-32719

Advertisement
×