ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ
ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਬਰਾਬਰੀ ਲਈ ਆਪਾ ਵਾਰਨ ਵਾਲੇ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪਹਿਲੀ ਅਪਰੈਲ 1621 ਈ. ਨੂੰ ਗੁਰੂ ਹਰਿਗੋਬਿੰਦ ਜੀ ਅਤੇ ਮਾਤਾ ਨਾਨਕੀ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਉਹ ਆਪਣੇ ਪੰਜ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਬਚਪਨ...
ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਬਰਾਬਰੀ ਲਈ ਆਪਾ ਵਾਰਨ ਵਾਲੇ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪਹਿਲੀ ਅਪਰੈਲ 1621 ਈ. ਨੂੰ ਗੁਰੂ ਹਰਿਗੋਬਿੰਦ ਜੀ ਅਤੇ ਮਾਤਾ ਨਾਨਕੀ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਉਹ ਆਪਣੇ ਪੰਜ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਬਚਪਨ ਤੋਂ ਹੀ ਉਹ ਸਾਧੂ ਸੁਭਾਅ, ਸੋਚਵਾਨ, ਦਲੇਰ, ਤਿਆਗੀ ਅਤੇ ਪਰਉਪਕਾਰੀ ਤਬੀਅਤ ਦੇ ਮਾਲਕ ਸਨ। ਗੁਰਮਤਿ ਦੇ ਗੁਰ ਹਾਸਲ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਯੁੱਧ ਕਲਾ ਦੇ ਦਾਅ ਵੀ ਸਿੱਖ ਲਏ। ਗੁਰੂ ਪਿਤਾ ਵੱਲੋਂ ਬਖਸ਼ਿਆ ਸੰਤ ਤੇ ਸਿਪਾਹੀ ਦਾ ਸੰਕਲਪ (ਗੁਰੂ) ਤੇਗ ਬਹਾਦਰ ਦੀ ਸ਼ਖਸੀਅਤ ਵਿੱਚ ਪੁੂਰਨ ਰੂਪ ਵਿੱਚ ਉਜਾਗਰ ਹੋਣ ਲੱਗਾ। ਇਸ ਸੰਕਲਪ ਸਦਕਾ ਹੀ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੀ ਜੰਗ ਵੇਲੇ ਸੰਤ (ਤਿਆਗ ਮੱਲ) ਤੋਂ ਸਿਪਾਹੀ (ਤੇਗ ਬਹਾਦਰ) ਤੱਕ ਦਾ ਸਫਰ ਤੈਅ ਕੀਤਾ। ਦੁਸ਼ਮਣਾਂ ਨਾਲ ਦੋ ਹੱਥ ਕਰਨ ਤੋਂ ਬਾਅਦ ਗੁਰੂ ਹਰਿਗੋਬਿੰਦ ਜੀ ਸੰਨ 1635 ਦੇ ਜੇਠ ਮਹੀਨੇ ਵਿੱਚ ਕੀਰਤਪੁਰ ਸਾਹਿਬ ਆ ਗਏ। (ਗੁਰੂ) ਤੇਗ ਬਹਾਦਰ ਵੀ ਉਨ੍ਹਾਂ ਦੀ ਸੰਗਤ ਵਿੱਚ ਸਨ। ਕੀਰਤਪੁਰ ਸਾਹਿਬ ਵਿੱਚ ਲਗਪਗ ਦਹਾਕੇ ਦਾ ਸਮਾਂ ਗੁਜ਼ਾਰਨ ਕਰਕੇ ਨੌਵੇਂ ਗੁਰੂ ਉੱਪਰ ਗੁਰ-ਮਰਿਯਾਦਾ ਦਾ ਪੂਰਾ ਪ੍ਰਭਾਵ ਪੈ ਚੁੱਕਾ ਸੀ। ਇਸ ਪ੍ਰਭਾਵ ਸਦਕਾ ਉਨ੍ਹਾਂ ਦਾ ਦਿਲ ਦਰਦਵੰਦਾਂ ਅਤੇ ਲੋੜਵੰਦਾਂ ਲਈ ਧੜਕਣ ਲੱਗ ਪੈਂਦਾ ਸੀ। ਗਰੀਬ-ਗੁਰਬੇ ਦੀ ਮਦਦ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਦੀ ਇਸ ਯਤਨਸ਼ੀਲਤਾ ਨੂੰ ਦੇਖ ਕੇ ਜਿੱਥੇ ਗੁਰੂ ਪਿਤਾ ਪ੍ਰਸੰਨ-ਚਿੱਤ ਰਹਿੰਦੇ ਸਨ, ਉੱਥੇ ਨਾਲ ਹੀ ਗੁਰੂ ਨਾਨਕ ਦੇ ਘਰ ਦੀ ਵਡੇਰੀ ਜ਼ਿੰਮੇਵਾਰੀ (ਗੁਰਗੱਦੀ) ਨੂੰ ਸੰਭਾਲਣ ਦੇ ਯੋਗ ਵੀ ਸਮਝਦੇ ਸਨ। ਗੁਰੂ ਹਰਿਗੋਬਿੰਦ ਜੀ ਨੇ 1644 ਈ. ਨੂੰ ਆਪਣੇ ਪਰਿਵਾਰ (ਮਾਤਾ ਨਾਨਕੀ ਜੀ ਅਤੇ ਸਾਹਿਬਜ਼ਾਦਾ ਤੇਗ ਬਹਾਦਰ ਜੀ) ਨੂੰ ਬਕਾਲੇ ਨਗਰ ਦੀ ਧਰਤੀ ਨੂੰ ਭਾਗ ਲਗਾਉਣ ਲਈ ਕਿਹਾ। ਗੁਰੂ ਪਿਤਾ ਦੇ ਹੁਕਮ ਪ੍ਰਵਾਨ ਕਰਦਿਆਂ (ਗੁਰੂ) ਤੇਗ ਬਹਾਦਰ ਜੀ ਆਪਣੀ ਮਾਤਾ ਅਤੇ ਪਤਨੀ (ਮਾਤਾ ਗੁਜਰੀ ਜੀ) ਸਮੇਤ ਬਕਾਲੇ ਆ ਗਏ। ਇਹ ਉਨ੍ਹਾਂ ਦਾ ਨਾਨਕਾ ਪਿੰਡ ਸੀ।
ਬਕਾਲੇ ਪਹੁੰਚਣ ਸਮੇਂ (ਗੁਰੂ) ਤੇਗ ਬਹਾਦਰ ਦੀ ਉਮਰ 20 ਕੁ ਸਾਲ ਦੇ ਕਰੀਬ ਸੀ। ਸੇਵਾ ਤੇ ਸਿਮਰਨ ਦੇ ਨਾਲ-ਨਾਲ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ। ਪ੍ਰਸ਼ਾਦੇ-ਪਾਣੀ ਦੀ ਸੇਵਾ ਤੋਂ ਬਾਅਦ ਗੁਰੂ ਕੀਆਂ ਅਕੱਥ ਕਹਾਣੀਆਂ ਛੋਹੀਆਂ ਜਾਂਦੀਆਂ। ਜਦੋਂ (ਗੁਰੂ) ਤੇਗ ਬਹਾਦਰ ਬਕਾਲਾ ਨਗਰ ਤੋਂ ਆਪਣੇ ਸਾਲੇ ਭਾਈ ਕਿਰਪਾਲ ਚੰਦ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਜਾਂਦੇ ਤਾਂ ਉਹ ਸੱਤਵੇਂ ਗੁਰੂ ਹਰਿ ਰਾਏ ਸਾਹਿਬ ਦੇ ਦਰਬਾਰ ਦੀ ਹਾਜ਼ਰੀ ਵੀ ਭਰਦੇ। ਗੁਰੂ ਘਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦੇਖ ਕੇ ਸੱਤਵੇਂ ਪਾਤਸ਼ਾਹ ਨੇ (ਗੁਰੂ) ਤੇਗ ਬਹਾਦਰ ਨੂੰ 1656 ਈ. ਵਿੱਚ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਪੂਰਬੀ ਪ੍ਰਾਤਾਂ ਵਿੱਚ ਗੁਰਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਹ ਜ਼ਿੰਮੇਵਾਰੀ ਨਿਭਾਉਣ ਲਈ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਗੁਰੂ ਘਰਾਂ ਦੇ ਪ੍ਰੀਤਵਾਨਾਂ ਦਾ ਪ੍ਰਚਾਰਕ ਜਥਾ ਤਿਆਰ ਕਰ ਲਿਆ। ਇਸ ਜਥੇ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬਾਬੇਕਿਆਂ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਪੁੱਜਦਿਆਂ ਕੀਤਾ।
ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਆਪਣੇ ਜੋਤੀ-ਜੋਤ (30 ਮਾਰਚ 1664 ਈ.) ਸਮਾਉਣ ਤੋਂ ਇੱਕ ਦਿਨ ਪਹਿਲਾਂ ਗੁਰਤਾ-ਗੱਦੀ ਆਪਣੇ ਦਾਦਾ ਗੁਰੂ ਤੇਗ ਬਹਾਦਰ ਨੂੰ ਬਾਬਾ ਬਕਾਲੇ ਦੇ ਸ਼ਬਦਾਂ ਨਾਲ ਸੌਂਪ ਗਏ ਸਨ,ਪਰ ਇਸ ਐਲਾਨ ਦਾ ਵੱਡੇ ਪੱਧਰ ’ਤੇ ਪ੍ਰਚਾਰ ਨਾ ਹੋਣ ਕਰਕੇ ਇਸ ਮੌਕੇ ਦਾ ਲਾਭ ਕਈ ਸਵਾਰਥੀ ਅਤੇ ਭੇਖਧਾਰੀ ਲੋਕਾਂ ਨੇ ਵੀ ਲੈਣਾ ਚਾਹਿਆ। ਉਹ ਬਾਬਾ ਬਕਾਲਾ ਸਾਹਿਬ ਵਿੱਚ ਆਪੋ-ਆਪਣੀਆਂ ਗੱਦੀਆਂ ਲਾ ਕੇ ਬੈਠ ਗਏ ਅਤੇ ਗੁਰੂ ਨਾਨਕ ਦੇ ਘਰ ਦੇ ਸੱਚੇ ਵਾਰਸ ਹੋਣ ਦਾ ਢਕਵੰਜ ਕਰਨ ਲੱਗ ਗਏ। ਇਨ੍ਹਾਂ ਢਕਵੰਜੀਆਂ ਵਿੱਚ ਧੀਰਮੱਲ, ਜੋ ਗੁਰੂ ਹਰਕ੍ਰਿਸ਼ਨ ਜੀ ਦਾ ਚਾਚਾ ਲੱਗਦਾ ਸੀ, ਸਭ ਤੋਂ ਅੱਗੇ ਸੀ। ਇਸ ਤਰ੍ਹਾਂ ਇਨ੍ਹਾਂ ਨਕਲਧਾਰੀ ਗੁਰੂਆਂ ਦੀ ਤਾਦਾਦ 22 ਦੇ ਕਰੀਬ ਪਹੁੰਚ ਗਈ। ਸਿੱਖ ਸੰਗਤ ਲਈ ਇਹ ਸਮਾਂ ਜਿੱਥੇ ਇੱਕ ਇਮਤਿਹਾਨ ਦਾ ਸਮਾਂ ਸੀ, ਉੱਥੇ ਨਾਲ ਹੀ ਸਿਦਕਦਿਲੀ ਅਤੇ ਸਮਝਦਾਰੀ ਤੋਂ ਕੰਮ ਲੈਣ ਦਾ ਵੇਲਾ ਵੀ ਸੀ। ਇਹ ਸਮਝਦਾਰੀ ਦਾ ਸਬੂਤ ਗੁਰੂ-ਘਰ ਦੇ ਧਨੀ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਵੱਲੋਂ ਦਿੱਤਾ ਗਿਆ। 1664 ਈ. ਦੀ ਦੀਵਾਲੀ ਮੌਕੇ ਗੁਰੂ ਨਾਨਕ ਦਰਬਾਰ ਦਾ ਇਹ ਅਨਿਨ ਸ਼ਰਧਾਲੂ ਮਸੰਦ ਆਪਣੀ ਪਤਨੀ ਸੋਲਜਹੀ ਅਤੇ ਆਪਣੇ ਪੁੱਤਰਾਂ ਲਾਲ ਚੰਦ ਅਤੇ ਚੰਦੂ ਲਾਲ ਸਮੇਤ ਬਾਬੇ ਬਕਾਲੇ ਆਇਆ। ਵਪਾਰੀ ਮੱਖਣ ਸ਼ਾਹ ਨੇ ਦੇਖਿਆ ਕਿ ਇੱਥੇ ਕੋਈ ਇੱਕ ਨਹੀਂ, ਸਗੋਂ ਬਹੁਗਿਣਤੀ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਦੀ ਗੱਦੀ-ਨਸ਼ੀਨ ਦੱਸ ਰਹੀ ਸੀ। ਇਸ ਭੰਬਲਭੂਸੇ ’ਚੋਂ ਬਾਹਰ ਨਿਕਲਣ ਲਈ ਭਾਈ ਮੱਖਣ ਸ਼ਾਹ ਨੇ ਵਿਉਂਤਬੰਦੀ ਕੀਤੀ। ਇਸ ਵਿਉਂਤਬੰਦੀ ਤਹਿਤ ਉਸ ਨੇ ਹਰੇਕ ਦਾਅਵੇਦਾਰ ਅੱਗੇ ਦੋ-ਦੋ ਮੋਹਰਾਂ ਰੱਖ ਦਿੱਤੀਆਂ। ਉਨ੍ਹਾਂ ਮੋਹਰਾਂ ਨੂੰ ਦੇਖ ਕੇ ਸਾਰੇ ਗੱਦੀਦਾਰ ਪ੍ਰਸੰਨ ਤਾਂ ਹੋ ਰਹੇ ਸਨ, ਪਰ ਅਸਲ ਦਸਵੰਧ ਦੀ ਮਾਇਆ ਕੋਈ ਨਹੀਂ ਮੰਗ ਰਿਹਾ ਸੀ। ਨਿਰਾਸ਼ ਹੋਏ ਭਾਈ ਮੱਖਣ ਸ਼ਾਹ ਨੂੰ ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਟਿਕਾਣੇ ਦੀ ਦੱਸ ਪਾ ਦਿੱਤੀ। ਜਦੋਂ ਉਹ ਉਸ ਟਿਕਾਣੇ ’ਤੇ ਪਹੁੰਚਿਆ ਤਾਂ ਗੁਰੂ ਜੀ ਨਾਮ ਸਿਮਰਨ ਵਿੱਚ ਜੁੜੇ ਹੋਏ ਸਨ। ਜਦੋਂ ਮੱਖਣ ਸ਼ਾਹ ਨੇ ਇੱਥੇ ਵੀ ਦੋ ਮੋਹਰਾਂ ਰੱਖ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਤਾਂ ਦਿਲਾਂ ਦੀਆਂ ਜਾਣਨ ਵਾਲੇ ਬਾਬੇ ਨੇ ਕਿਹਾ ਕਿ ਗੁਰੂ ਘਰ ਵਿੱਚ ਮਾਇਆ ਦਾ ਕੋਈ ਲਾਲਚ ਨਹੀਂ, ਪਰ ਇਹ ਤਾਂ ਦੱਸੋ ਕਿ ਦਸਵੰਧ ਦੀ ਬਾਕੀ ਮਾਇਆ ਕਿੱਥੇ ਗਈ ਹੈ? ਇਹ ਬਚਨ ਸੁਣ ਕੇ ਮੱਖਣ ਸ਼ਾਹ ਲੁਬਾਣੇ ਦੀ ਖੁਸ਼ੀ ਉਛਾਲਾ ਮਾਰ ਗਈ ਅਤੇ ਉਹ ਇੱਕ ਛੱਤ ਉੱਪਰ ਚੜ੍ਹ ਕੇ ਬੁਲੰਦ ਆਵਾਜ਼ ਵਿੱਚ ਕਹਿਣ ਲੱਗਾ ਗੁਰੂ ਲਾਧੋ ਰੇ! ਗੁਰੂ ਲਾਧੋ ਰੇ!
1665 ਈ. ਵਿੱਚ ਗੁਰੂ ਜੀ ਨੇ ਚੱਕ ਨਾਨਕੀ ਨਗਰ ਵਸਾਇਆ, ਜੋ ਬਾਅਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਅਖਵਾਇਆ। ਉਨ੍ਹਾਂ ਨੇ ਲੋਕਾਈ ਨੂੰ ਨਿਰਭੈ ਹੋ ਕੇ ਅਣਖ, ਇੱਜ਼ਤ ਅਤੇ ਆਜ਼ਾਦੀ ਵਾਲਾ ਜੀਵਨ ਜਿਊਣ ਦਾ ਉਪਦੇਸ਼ ਦਿੱਤਾ।
ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕੱਟੜ ਨੀਤੀ ਕਾਰਨ ਹਿੰਦੂਆਂ ’ਤੇ ਬਹੁਤ ਜ਼ੁਲਮ ਹੋ ਰਹੇ ਸਨ। ਉਸ ਨੇ ਹਿੰਦੂਆਂ ’ਤੇ ਜਜ਼ੀਆ ਲਗਾਇਆ, ਉਨ੍ਹਾਂ ਦੇ ਮੰਦਰ ਢਾਹ ਦਿੱਤੇ ਅਤੇ ਪਾਠਸ਼ਾਲਾਵਾਂ ਬੰਦ ਕਰਵਾ ਦਿੱਤੀਆਂ। ਖ਼ਾਸ ਕਰਕੇ ਕਸ਼ਮੀਰ ਦਾ ਸੂਬੇਦਾਰ ਇਫਤਿਖਾਰ ਖਾਨ ਪੰਡਿਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ।
ਇਨ੍ਹਾਂ ਜ਼ੁਲਮਾਂ ਤੋਂ ਤੰਗ ਆ ਕੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤਾਂ ਦਾ ਇੱਕ ਜਥਾ 25 ਮਈ 1675 ਈ. ਨੂੰ ਆਨੰਦਪੁਰ ਸਾਹਿਬ ਗੁਰੂ ਜੀ ਕੋਲ ਫਰਿਆਦ ਲੈ ਕੇ ਪਹੁੰਚਿਆ। ਉਨ੍ਹਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਧਰਮ ਦੀ ਰੱਖਿਆ ਲਈ ਕਿਸੇ ਮਹਾਨ ਆਤਮਾ ਦੀ ਕੁਰਬਾਨੀ ਦੀ ਲੋੜ ਹੈ। ਕੋਲ ਬੈਠੇ ਬਾਲਕ ਗੋਬਿੰਦ ਰਾਏ (ਉਮਰ 9 ਸਾਲ) ਨੇ ਕਿਹਾ, ‘ਪਿਤਾ ਜੀ, ਇਸ ਸਮੇਂ ਆਪ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੈ?’
ਇਹ ਸੁਣ ਕੇ ਗੁਰੂ ਜੀ ਨੇ ਪੰਡਿਤਾਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਨੂੰ ਕਹਿ ਦੇਣ ਕਿ ਜੇ ਉਹ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਹਿੰਦੂ ਇਸਲਾਮ ਕਬੂਲ ਕਰ ਲੈਣਗੇ। ਇਸ ਤੋਂ ਬਾਅਦ ਗੁਰੂ ਜੀ ਨੇ ਗੁਰਿਆਈ ਗੁਰੂ ਗੋਬਿੰਦ ਸਿੰਘ ਨੂੰ ਸੌਂਪੀ ਅਤੇ ਆਪਣੇ ਸਾਥੀਆਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਦਿੱਲੀ ਵੱਲ ਚਾਲੇ ਪਾ ਦਿੱਤੇ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
4 ਨਵੰਬਰ 1675 ਈ. ਨੂੰ ਗੁਰੂ ਤੇਗ ਬਹਾਦਰ ਨੂੰ ਸੂਬੇਦਾਰ ਸਾਫ਼ੀ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੇ ਗੁਰੂ ਜੀ ਨੂੰ ਕੋਈ ਮੁਅੱਜਜ਼ਾ (ਕਰਾਮਾਤ) ਕਰਨ ਲਈ ਕਿਹਾ, ਪਰ ਗੁਰੂ ਜੀ ਨੇ ਕਿਹਾ ਕਿ ਕਰਾਮਾਤ ਦਾ ਪਰਮੇਸ਼ਰ ਦੀ ਭਗਤੀ ਨਾਲ ਕੋਈ ਸਬੰਧ ਨਹੀਂ, ਇਹ ਤਾਂ ਕੇਵਲ ਮਨੁੱਖੀ ਹਉਮੈ ਦਾ ਹੀ ਪ੍ਰਗਟਾਵਾ ਹੈ। 5 ਨਵੰਬਰ ਨੂੰ ਗੁਰੂ ਸਾਹਿਬ ਨੂੰ ਫਿਰ ਕਰਾਮਾਤ ਵਿਖਾਉਣ ਜਾਂ ਇਸਲਾਮੀ ਮੱਤ ਨੂੰ ਗ੍ਰਹਿਣ ਕਰਨ ਲਈ ਕਿਹਾ ਗਿਆ ਪਰ ਗੁਰੂ ਤੇਗ ਬਹਾਦਰ ਨੇ ਮੁੜ ਇਸ ਤਜਵੀਜ਼ ਨੂੰ ਠੁਕਰਾ ਦਿੱਤਾ। 6 ਨਵੰਬਰ ਵਾਲੇ ਦਿਨ ਕਾਜ਼ੀ ਕੋਤਵਾਲੀ ਆਧਮਕਿਆ। ਉਸ ਨੇ ਦਰੋਗੇ ਨੂੰ ਗੁਰੂ ਸਾਹਿਬ ਨੂੰ ਖ਼ੌਫ਼ਨਾਕ ਤਸੀਹੇ ਦੇਣ ਦੀ ਸਲਾਹ ਦਿੱਤੀ ਤਾਂ ਜੋ ਉਹ ਆਪਣੀ ਹਾਰ ਮੰਨ ਕੇ ਇਸਲਾਮੀ ਕਦਰਾਂ-ਕੀਮਤਾਂ ਨੂੰ ਅਪਣਾ ਲੈਣ। ਕਾਜ਼ੀ ਦੇ ਹੁਕਮ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਦਰੋਗੇ ਨੇ ਲਗਾਤਾਰ ਤਿੰਨ ਦਿਨ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਗੁਰੂ ਸਾਹਿਬ ਨੂੰ ਈਨ ਮਨਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਨਵੰਬਰ ਮਹੀਨੇ ਦੇ ਦਸਵੇਂ ਦਿਨ ਤਾਂ ਮੁਗ਼ਲੀਆ ਹਕੂਮਤ ਦੇ ਤਸ਼ੱਦਦ ਵਾਲੀ ਹੱਦ ਹੀ ਹੋ ਗਈ। ਇਸ ਦਿਨ ਗੁਰੂ ਸਾਹਿਬ ਨੂੰ ਤੱਤੇ ਥੰਮ੍ਹ ਨਾਲ ਲਾਇਆ ਗਿਆ। ਅਡੋਲ ਚਿੱਤ ਗੁਰੂ ਸਾਹਿਬ ਨੇ ਹਕੂਮਤੀ ਜ਼ਬਰ ਨੂੰ ਅਕਾਲ-ਪੁਰਖ ਦੇ ਭਾਣੇ ਵੱਜੋਂ ਖਿੜੇ ਮੱਥੇ ਪ੍ਰਵਾਨ ਕਰ ਲਿਆ ਜਿਸ ਕਾਰਨ ਭਿਆਨਕ ਤੋਂ ਭਿਆਨਕ ਤਸੀਹੇ ਦੇ ਕੇ ਵੀ ਕਾਜ਼ੀ ਦੀ ਕੋਈ ਪੇਸ਼ ਨਹੀਂ ਚੱਲ ਸਕੀ। ਥੱਕ-ਹਾਰ ਕੇ ਉਸ ਨੇ ਇੱਕ ਹੋਰ ਘਟੀਆ ਪੈਂਤੜਾ ਵਰਤੋਂ ਵਿੱਚ ਲਿਆਂਦਾ ਜਿਸ ਤਹਿਤ ਉਸ ਨੇ ਗੁਰੂ ਘਰ ਦੇ ਤਿੰਨ ਸਿਦਕੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਘੋਰ ਤਸੀਹੇ ਦੇ ਕੇ ਗੁਰੂ ਤੇਗ ਬਹਾਦਰ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ। 11 ਨਵੰਬਰ 1675 ਈ. ਨੂੰ ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਨੂੰ ਕੋਤਵਾਲੀ ਵਿੱਚੋਂ ਬਾਹਰ ਲਿਆਂਦਾ ਗਿਆ। ਗੁਰੂ ਸਾਹਿਬ ਵੱਲੋਂ ਤਸੀਹਿਆਂ ਅੱਗੇ ਨਾ ਝੁਕਣ ਕਾਰਨ ਕਾਜ਼ੀ ਅਬਦੁਲ ਵਹਾਬ ਨੇ ਗੁਰੂ ਤੇਗ ਬਹਾਦਰ ਦਾ ਸੀਸ ਧੜ ਤੋਂ ਤਲਵਾਰ ਨਾਲ ਜੁਦਾ ਕਰ ਦੇਣ ਦਾ ਫ਼ਤਵਾ ਜਾਰੀ ਕਰ ਦਿੱਤਾ। ਕਾਜ਼ੀ ਅਬਦੁਲ ਵਹਾਬ ਦੇ ਫ਼ਤਵੇ ਮੁਤਾਬਕ ਚਾਂਦਨੀ ਚੌਕ ਦੇ ਕੋਤਵਾਲੀ ਵਾਲੇ ਬੋਹੜ ਹੇਠਾਂ ਬੈਠੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਨ ਦਾ ਅਮਲ ਆਰੰਭ ਕਰ ਦਿੱਤਾ ਗਿਆ। ਸਮਾਣਾ ਦੇ ਰਹਿਣ ਵਾਲੇ ਜੱਲਾਦ ਜਲਾਲ-ਉਦ-ਦੀਨ ਨੇ ਕਾਜ਼ੀ ਦਾ ਸੰਕੇਤ ਪਾ ਕੇ ਤਲਵਾਰ ਦੇ ਜ਼ੋਰਦਾਰ ਵਾਰ ਨਾਲ ਗੁਰੂ ਸਾਹਿਬ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ। ਉਸ ਵੇਲੇ ਗੁਰੂ ਸਾਹਿਬ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ।
ਮਨੁੱਖਤਾ ਦੇ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਇੱਕ ਅਦੁੱਤੀ ਸ਼ਹੀਦੀ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ। ਕਿਉਂਕਿ ਇਹ ਸ਼ਹਾਦਤ ਕੱਟੜਵਾਦੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਹੱਕਾਂ ਦੀ ਬਰਾਬਰੀ ਹਿੱਤ ਦਿੱਤੀ ਗਈ ਹੈ, ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਨਾ ਦੇ ਬਰਾਬਰ ਹੀ ਮਿਲਦੀ ਹੈ।
ਸੰਪਰਕ: 94631-32719

