ਨਾਮਧਾਰੀ ਸੰਪਰਦਾ ਵਿਚ ‘ਜਪ-ਪ੍ਰਯੋਗ’ ਦੀ ਮਹਾਨਤਾ
ਦੁਨੀਆ ਦੇ ਜਿੰਨੇ ਵੀ ਧਰਮ ਹਨ, ਉਹ ਸਾਰੇ ਕਿਸੇ ਰੂਪ ਵਿੱਚ ਇਨਸਾਨ ਨੂੰ ਪ੍ਰਭੂ-ਭਗਤੀ ਕਰਨ ਲਈ ਪ੍ਰੇਰਦੇ ਹਨ, ਤਰੀਕਾ ਭਾਵੇਂ ਕਿਹੋ ਜਿਹਾ ਵੀ ਹੋਵੇ। ਸਿੱਖ ਧਰਮ ਵਿੱਚ ਦੋ ਗੱਲਾਂ ਦੀ ਵਿਸ਼ੇਸ਼ ਮਹਾਨਤਾ ਹੈ, ਉਹ ਹੈ ਭਗਤੀ ਅਤੇ ਸ਼ਕਤੀ ਦੀ। ਭਗਤੀ...
ਦੁਨੀਆ ਦੇ ਜਿੰਨੇ ਵੀ ਧਰਮ ਹਨ, ਉਹ ਸਾਰੇ ਕਿਸੇ ਰੂਪ ਵਿੱਚ ਇਨਸਾਨ ਨੂੰ ਪ੍ਰਭੂ-ਭਗਤੀ ਕਰਨ ਲਈ ਪ੍ਰੇਰਦੇ ਹਨ, ਤਰੀਕਾ ਭਾਵੇਂ ਕਿਹੋ ਜਿਹਾ ਵੀ ਹੋਵੇ। ਸਿੱਖ ਧਰਮ ਵਿੱਚ ਦੋ ਗੱਲਾਂ ਦੀ ਵਿਸ਼ੇਸ਼ ਮਹਾਨਤਾ ਹੈ, ਉਹ ਹੈ ਭਗਤੀ ਅਤੇ ਸ਼ਕਤੀ ਦੀ। ਭਗਤੀ ਵੀ ਤਾਂ ਹੀ ਹੋ ਸਕਦੀ ਹੈ ਜੇ ਇਨਸਾਨ ਅੰਦਰ ਆਤਮਿਕ ਸ਼ਕਤੀ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨੇ ਵੀ ਕਠਿਨ ਤਪੱਸਿਆ ਕੀਤੀ ਤੇ ਇਸ ਪਿੱਛੋਂ ਉਨ੍ਹਾਂ ਚਾਰ ਉਦਾਸੀਆਂ ਕਰਕੇ ਦੁਨੀਆ ਨੂੰ ਤਾਰਿਆ। ਭਾਈ ਗੁਰਦਾਸ ਜੀ ਲਿਖਦੇ ਹਨ:
ਰੇਤੁ ਅਕੁ ਆਹਾਰੁ ਕਰਿ ਰੋੜਾ ਕੀ ਗੁਰ ਕਰੀ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ।
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੀ ਨਾਮ ਸਿਮਰਨ ਬਾਰੇ ਲਿਖਦੇ ਹਨ:
ਸਭ ਕਰਮ ਫੋਕਟ ਜਾਨ।।
ਸਭ ਧਰਮ ਨਿਹਫਲ ਮਾਨ।।
ਬਿਨੁ ਏਕ ਨਾਮ ਅਧਾਰ।।
ਸਭ ਕਰਮ ਭਰਮ ਬਿਚਾਰ।।
ਭਗਤੀ ਦੀ ਇਸ ਪ੍ਰੰਪਰਾ ਨੂੰ ਨਾਮਧਾਰੀ ਸੰਪਰਦਾ ਨੇ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਨਾਮਧਾਰੀ ਸੰਪਰਦਾ ਨੇ ਜਿੱਥੇ ਦੇਸ਼ ਅਤੇ ਧਰਮ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਉਥੇ ਉਹ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਆਪਣਾ ਸਮਾਂ ਪ੍ਰਭੂ ਭਗਤੀ ਵਿਚ ਵੀ ਬਤੀਤ ਕਰਦੇ ਹਨ। ਨਾਮਧਾਰੀ ਮੁਖੀ ਸਤਿਗੁਰੂ ਰਾਮ ਸਿੰਘ ਹੁਰਾਂ ਨੇ ਸ੍ਰੀ ਭੈਣੀ ਸਾਹਿਬ ਦੇ ਅਕਾਲ ਬੁੰਗੇ ਵਿਚ ਲਗਾਤਾਰ 20 ਸਾਲ ਤਪ ਕੀਤਾ।
ਇਸ ਸੰਪਰਦਾ ਵਿਚ ਭਾਵੇਂ ਹਰ ਰੋਜ਼ ਹੀ ਨਿਤਨੇਮ ਅਤੇ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਚਲਦਾ ਰਹਿੰਦਾ ਹੈ ਪਰ ਸਮੁੱਚੇ ਰੂਪ ਵਿਚ ਅੱਸੂ ਦੇ ਮਹੀਨੇ ਨਿਰੰਤਰ 30-31 ਦਿਨ ‘ਨਾਮ ਸਿਮਰਨ ਜਪ ਪ੍ਰਯੋਗ’ ਸਮਾਗਮ ਹੋਣਾ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਨਾਮ ਸਿਮਰਨ ਦੀ ਇਹ ਪ੍ਰੰਪਰਾ 1906 ਵਿਚ ਨਾਮਧਾਰੀ ਮੁਖੀ ਸਤਿਗੁਰੂ ਪ੍ਰਤਾਪ ਸਿੰਘ ਹੁਰਾਂ ਵੱਲੋਂ ਸ਼ੁਰੂ ਕੀਤੀ ਗਈ। ਸਭ ਤੋਂ ਪਹਿਲਾਂ ਦੋਰਾਹੇ ਤੋਂ ਦਸ ਕਿਲੋਮੀਟਰ ਦੀ ਦੂਰੀ ’ਤੇ ਸਰਹਿੰਦ ਨਹਿਰ ਕੰਢੇ (ਪਿੰਡ ਢੰਡੇ ਨੇੜੇ) ਸਾਉਣ ਦੇ ਮਹੀਨੇ ਇਹ ਪ੍ਰੋਗਰਾਮ ਕੀਤਾ ਗਿਆ। ਕਈ ਸਾਲ ਇਹ ਭਾਦਰੋਂ ਮਹੀਨੇ ਵਿਚ ਹੁੰਦਾ ਰਿਹਾ, ਪਰ ਬਾਅਦ ਵਿਚ ਮੌਸਮ ਦੀ ਸਹੂਲਤ ਨੂੰ ਵੇਖਦਿਆਂ ਇਹ ਮੇਲਾ ਅੱਸੂ ਮਹੀਨੇ (ਸਤੰਬਰ ਅੱਧ ਤੋਂ ਅਕਤੂਬਰ ਅੱਧ ਤੱਕ) ਹੋਣ ਲੱਗ ਪਿਆ, ਜਿਸ ਕਰਕੇ ਇਸ ਭਗਤੀ ਕਰਨ ਵਾਲੇ ਮਹੀਨੇ ਨੂੰ ‘ਅੱਸੂ ਦਾ ਮੇਲਾ’ ਕਰਕੇ ਵੀ ਜਾਣਿਆ ਜਾਂਦਾ ਹੈ। ਭਾਵੇਂ ਇਹ ਮੇਲਾ ਸਮਾਗਮ ਦੇਸ਼ ਅਤੇ ਵਿਦੇਸ਼ ਵਿਚ ਵੱਖ ਵੱਖ ਥਾਵਾਂ ’ਤੇ ਹੁੰਦਾ ਰਹਿੰਦਾ ਹੈ ਪਰ ਵਧੇਰੇ ਕਰਕੇ ਸ੍ਰੀ ਭੈਣੀ ਸਾਹਿਬ ਵਿਖੇ ਹੀ ਇਹ ਸਮਾਗਮ ਹੁੰਦਾ ਹੈ।
ਮੌਜੂਦਾ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਹੁਰਾਂ ਦੀ ਸਰਪ੍ਰਸਤੀ ਹੇਠਾਂ ਇਸ ਵਾਰ 119ਵਾਂ ‘ਨਾਮ ਸਿਮਰਨ ਜਪ ਪ੍ਰਯੋਗ’ ਸਮਾਗਮ 16 ਸਤੰਬਰ ਤੋਂ ਅਰੰਭ ਹੋ ਚੁੱਕਾ ਹੈ, ਜੋ 17 ਅਕਤੂਬਰ ਤੱਕ ਚੱਲੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੇਵਕ ਹਰਪਾਲ ਸਿੰਘ ਦੱਸਦੇ ਹਨ ਕਿ ਸਤਿਗੁਰੂ ਜੀ ਆਪ ਨਾਮ ਜਪਦੇ ਅਤੇ ਜਪਾਉਂਦੇ ਹਨ। ਕਰੀਬ ਇਕ ਮਹੀਨਾ ਚੱਲਣ ਵਾਲੇ ਇਸ ਪ੍ਰਭੂ ਭਗਤੀ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂ ਪੂਰੀ ਤਰ੍ਹਾਂ ਸੰਸਾਰਕ ਵਿਹਾਰ ਅਤੇ ਮੋਹ ਮਾਇਆ ਤੋਂ ਨਿਰਲੇਪ ਰਹਿ ਕੇ ਆਉਂਦੇ ਹਨ। ਆਤਮ ਰਸ ਲੈਣ ਲਈ ਨੀਂਦ ਅਤੇ ਭੋਜਨ ਘਟਾ ਕੇ ਵੱਧ ਤੋਂ ਵੱਧ ਸਮਾਂ ਨਾਮ ਬਾਣੀ ਦਾ ਅਭਿਆਸ ਕੀਤਾ ਜਾਂਦਾ ਹੈ। ਸਤਿਗੁਰੂ ਜੀ ਵੱਲੋਂ ਵਿਸ਼ੇਸ਼ ਕਿਹਾ ਹੁੰਦਾ ਹੈ ਕਿ ਇਨ੍ਹੀਂ ਦਿਨੀਂ ਕੋਈ ਵੀ ਵਿਹਾਰੀ ਅਰਜ਼ ਬੇਨਤੀ ਨਾ ਕਰੇ। ਜਪ-ਪ੍ਰਯੋਗ ਦੇ ਦਿਨਾਂ ਵਿਚ ਪੂਰੀ ਤਰ੍ਹਾਂ ਬ੍ਰਹਮਚਰਜ ਧਾਰਨ ਕਰਨਾ ਜ਼ਰੂਰੀ ਹੈ।
ਇਸ ਸਮਾਗਮ ਵਿਚ ਸ਼ਾਮਲ ਸਾਰੇ ਸ਼ਰਧਾਲੂ ਅੰਮ੍ਰਿਤ ਵੇਲੇ ਇਕ ਵਜੇ (ਅੱਧੀ ਰਾਤ ਸਮੇਂ) ਕੇਸੀ ਇਸ਼ਨਾਨ ਕਰਕੇ ਦੋ ਵਜੇ ਸਮਾਗਮ ਵਿਚ ਸ਼ਾਮਲ ਹੋ ਜਾਂਦੇ ਹਨ। ਨਾਮ ਸਿਮਰਨ ਸਮੇਂ ਚਿੱਟੇ ਦੁੱਧ ਕਪੜਿਆਂ ਵਿਚ ਚੌਂਕੜੇ ਮਾਰ ਕੇ ਬੈਠੇ ਸ਼ਰਧਾਲੂ ਜਦੋਂ ਉੱਨ ਦੀ ਚਿੱਟੀ ਮਾਲਾ ਫੇਰਦੇ, ਨਾਮ ਸਿਮਰਨ ਕਰ ਰਹੇ ਹੁੰਦੇ ਹਨ ਤਾਂ ਇਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ਤਾਰਿਆਂ ਦੀ ਲੋਅ ਵਿਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਸੂਰਜ ਦੀ ਟਿੱਕੀ ਨਿਕਲਦੇ ਹੀ ਸਾਰੇ ਸ਼ਰਧਾਲੂ ਚੰਡੀ ਦੀ ਵਾਰ ਦਾ ਪਾਠ ਕਰਦੇ ਹਨ।
ਨਾਮ ਜਪਦਿਆਂ ਤੇ ਬਾਣੀ ਪੜ੍ਹਦਿਆਂ ਲੰਗਰ ਤਿਆਰ ਕੀਤਾ ਜਾਂਦਾ ਹੈ। ਦੁਪਹਿਰ ਸਮੇਂ ਸੂਰਜ ਪ੍ਰਕਾਸ਼ ਅਤੇ ਸਤਿਗੁਰ ਬਿਲਾਸ ਦੀ ਕਥਾ, ਹੁਕਮਨਾਮਿਆਂ ਦਾ ਪਾਠ, ਨਾਮ ਸਿਮਰਨ ਦੌਰਾਨ ਸਤਿਗੁਰੂ ਪ੍ਰਤਾਪ ਸਿੰਘ ਅਤੇ ਸਤਿਗੁਰ ਜਗਜੀਤ ਸਿੰਘ ਜੀ ਦੇ ਰਿਕਾਰਡ ਕੀਤੇ ਹੋਏ ਉਪਦੇਸ਼, ਫ਼ਿਰ ਸ਼ਾਮ ਸਮੇਂ ਵੱਖ ਵੱਖ ਰਾਗਾਂ ਵਿਚ ਗੁਰਬਾਣੀ ਦਾ ਰਸ ਭਿੰਨਾ ਕੀਰਤਨ, ਜੋਟੀਆਂ ਦੇ ਸ਼ਬਦ, ਸ਼ਾਮ ਸਮੇਂ ਰਹਿਰਾਸ ਦਾ ਪਾਠ, ਹੱਲੇ ਦੇ ਦੀਵਾਨ, ਗਿਆਨ ਚਰਚਾ, ਗੁਰੂ ਨਾਨਕ ਦੇਵ ਜੀ ਤੋਂ ਆਰੰਭ ਕਰਕੇ ਸਾਰੇ ਗੁਰੂਆਂ ਦੀ ਸਾਖੀਆਂ ਅਤੇ ਹੋਰ ਨਿਰੋਲ ਭਗਤੀ ਰੰਗ ਵਿਚ ਰੰਗਿਆ ਪ੍ਰੋਗਰਾਮ ਭਾਵ ਕਿ ਸਾਰਾ ਸਮਾਂ ਹੀ ਨਾਮ ਬਾਣੀ ਤੇ ਸੇਵਾ ਸਿਮਰਨ ਕਰਦਿਆਂ ਅਧਿਆਤਮਕ ਵਾਤਾਵਰਨ ਵਿਚ ਗੁਜ਼ਰਦਾ ਹੈ।
ਇਸ ਸਮਾਗਮ ਵਿਚ ਜਿਹੜੇ ਨਾਮਧਾਰੀ ਤੇ ਹੋਰ ਸ਼ਰਧਾਲੂ ਦੂਜੇ ਸੂਬਿਆਂ ਜਾਂ ਦੂਰ ਦੇ ਮੁਲਕਾਂ ਵਿਚ ਬੈਠੇ ਹਨ, ਉਹ ਵੀ ਵਿਸ਼ੇਸ਼ ਯਤਨ ਕਰਕੇ ਹਰ ਵਰ੍ਹੇ ਇਸ ਸਮਾਗਮ ਵਿਚ ਪੁੱਜ ਜਾਂਦੇ ਹਨ ਪਰ ਜਿਹੜੇ ਨਹੀਂ ਪੁੱਜ ਸਕਦੇ ਉਹ ਆਪਣੀ-ਆਪਣੀ ਥਾਂ ’ਤੇ ਇਸ ਪ੍ਰਭੂ ਭਗਤੀ ਵਿਚ ਲੀਨ ਹੁੰਦੇ ਹਨ ਅਤੇ ਉਨ੍ਹਾਂ ਦੀ ਹਾਜ਼ਰੀ ਵੀ ਗੁਰੂ ਘਰ ਵਿਚ ਪ੍ਰਵਾਨ ਹੁੰਦੀ ਹੈ। ਇਸ ਸਮਾਗਮ ਵਿਚ ਕੋਈ ਭਿੰਨ ਭੇਦ ਨਹੀਂ ਹੁੰਦਾ। ਮਰਦਾਂ ਦੇ ਨਾਲ ਨਾਲ ਔਰਤਾਂ ਤੇ ਕਈ ਬੱਚੇ ਵੀ ਸ਼ਾਮਲ ਹੋ ਕੇ ਆਪਣਾ ਜੀਵਨ ਸਫ਼ਲ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅਤੇ ਵਿਦੇਸ਼ਾਂ ਵਿਚ ਬੈਠੇ ਖਾਸ ਕਰਕੇ ਤਨਜ਼ਾਨੀਆ, ਬੈਂਕਾਕ, ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਵਿਚ ਲੱਖਾਂ ਨਾਮਧਾਰੀ ਤੇ ਇਸ ਗੁਰੂ ਘਰ ਨਾਲ ਜੁੜੇ ਹੋਰ ਪ੍ਰੇਮੀ ਇਸ ਪ੍ਰਭੂ ਭਗਤੀ ਨਾਲ ਜੁੜ ਕੇ ਆਪਣੇ ਆਪ ਦੇ ਧੰਨਭਾਗ ਸਮਝਦੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ ਆਰੰਭਤਾ ਵਾਲੇ ਦਿਨ 8 ਹਜ਼ਾਰ ਤੋਂ ਵਧੇਰੇ ਨਾਮਧਾਰੀ ਸੰਗਤ ਨੇ ਇਸ ਜਪ ਪ੍ਰਯੋਗ ਵਿਚ ਹਿੱਸਾ ਲਿਆ ਅਤੇ ਹੁਣ ਹਰ ਰੋਜ਼ ਦੋ ਤੋਂ ਢਾਈ ਹਜ਼ਾਰ ਦੇ ਕਰੀਬ ਨਾਮਧਾਰੀ ਨਿਰੰਤਰ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਕਰੀਬ 160 ਥਾਵਾਂ ਵਿਚ ਵੀ ਇਹ ਜਪ ਪ੍ਰਯੋਗ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਹਨ, ਜਿੱਥੇ ਹਜ਼ਾਰਾਂ ਨਾਮਧਾਰੀ ਹਾਜ਼ਰ ਹੁੰਦੇ ਹਨ। ਸਮਾਗਮ ਦੀ ਸਮਾਪਤੀ 19 ਅਕਤੂਬਰ ਨੂੰ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਮਗਰੋਂ ਹੋਵੇਗੀ ਅਤੇ ਇਸ ਮੌਕੇ ਨਾਮਧਾਰੀ ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਵੀ ਸਿੱਖ ਪ੍ਰੰਪਰਾਵਾਂ ਅਨੁਸਾਰ ਕੀਤੇ ਜਾਣਗੇ।
ਸੰਪਰਕ: 98769-24513