ਸੇਵਾ ਦੇ ਪੁੰਜ ਭਗਤ ਪੂਰਨ ਸਿੰਘ
ਕਰਨੈਲ ਸਿੰਘ ਐੱਮਏ
ਕਿਸੇ ਦੇਸ਼ ਜਾਂ ਕੌਮ ਦੀ ਸ਼ਕਤੀ ਦੌਲਤ ਦੀਆਂ ਭਰੀਆਂ ਬੋਰੀਆਂ ਵਿੱਚ ਨਹੀਂ ਸਗੋਂ ਉਥੋਂ ਦੇ ਲੋਕਾਂ ਦੇ ਆਚਰਨ ਵਿੱਚ, ਉਨ੍ਹਾਂ ਦੇ ਸੁੱਖ-ਆਰਾਮ ਕੁਰਬਾਨ ਕਰਨ ਦੀ ਸਵੈ-ਇੱਛਾ ਵਿੱਚ ਅਤੇ ਲੋਕ-ਭਲਾਈ ਲਈ ਪਾਏ ਗਏ ਯੋਗਦਾਨ ਵਿੱਚ ਹੁੰਦੀ ਹੈ। ਹਰ ਸਮਾਜ ਵਿੱਚ ਕੁਝ ਅਭਾਗੇ ਲੋਕ ਹੁੰਦੇ ਹਨ, ਜੋ ਬਿਮਾਰ ਅਤੇ ਅੰਗਹੀਣ ਹੁੰਦੇ ਹਨ। ਇਨ੍ਹਾਂ ਵਿੱਚ ਕੁਝ ਉਹ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਦਾਖ਼ਲ ਨਹੀਂ ਕੀਤਾ ਜਾਂਦਾ ਅਤੇ ਉਹ ਸੜਕਾਂ ’ਤੇ ਹੀ ਰੁਲ-ਰੁਲ ਕੇ ਮਰ ਜਾਂਦੇ ਹਨ ਪਰ ਭਗਤ ਪੂਰਨ ਸਿੰਘ ਨੇ ਇਨ੍ਹਾਂ ਦੀ ਬਾਂਹ ਫੜੀ।
ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਈ: ਨੂੰ ਪਿੰਡ ਰਾਜੇਵਾਲ ਰੋਹਣੋਂ, ਜ਼ਿਲ੍ਹਾ ਲੁਧਿਆਣਾ ਵਿੱਚ ਪਿਤਾ ਸ਼ਿੱਬੂ ਮੱਲ ਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਕ ਸੀ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਭਗਤ ਪੂਰਨ ਸਿੰਘ ਬਿਨਾਂ ਤਨਖਾਹ ਤੋਂ ਸੇਵਾ ਕਰਨ ਲੱਗੇ। ਉੱਥੋਂ ਦੇ ਮਹੰਤ ਤੇਜਾ ਸਿੰਘ, ਭਗਤ ਜੀ ਨੂੰ ਲਾਡ ਨਾਲ ‘ਪੂਰਨ ਸਿੰਘ ਪ੍ਰੇਮੀ’ ਕਹਿ ਕੇ ਬੁਲਾਉਂਦੇ। ਭਗਤ ਜੀ ਨੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ 20 ਸਾਲ ਲਗਾਤਾਰ ਸੇਵਾ ਕੀਤੀ।
ਭਗਤ ਪੂਰਨ ਸਿੰਘ ਜੀ ਦਾ ਬਚਪਨ ਦਾ ਨਾਂ ‘ਰਾਮ ਜੀ ਦਾਸ’ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਵਾਰਸ ਰੋਗੀਆਂ ਦੀ ਸੇਵਾ-ਸੰਭਾਲ ਨੇ ਉਨ੍ਹਾਂ ਨੂੰ ‘ਰਾਮ ਜੀ ਦਾਸ’ ਤੋਂ ‘ਭਗਤ ਪੂਰਨ ਸਿੰਘ’ ਬਣਾ ਦਿੱਤਾ। ਗਿਆਨੀ ਕਰਤਾਰ ਸਿੰਘ ਤੇ ਭਗਤ ਜੀ ਦੀ ਮਾਤਾ ਮਹਿਤਾਬ ਕੌਰ ਨੇ ਇਨ੍ਹਾਂ ਦੀ ਸੇਵਾ ਨੂੰ ਦੇਖ ਕੇ ‘ਭਗਤ ਜੀ’ ਕਹਿ ਕੇ ਸੰਬੋਧਨ ਕੀਤਾ। ਮਾਤਾ ਮਹਿਤਾਬ ਕੌਰ ਨੇੇ ਬਚਪਨ ਤੋਂ ਹੀ ਉਨ੍ਹਾਂ ਨੂੰ ਧਰੂ ਭਗਤ, ਹਨੂਮਾਨ ਜੀ, ਸ਼ਿਵ ਜੀ, ਭਰਥਰੀ ਭਗਤ, ਗੁਰੂਆਂ, ਪੀਰਾਂ ਅਤੇ ਸੰਤਾਂ ਦੇ ਇਤਿਹਾਸ ਤੇ ਕਿੱਸੇ-ਕਹਾਣੀਆਂ ਸੁਣਾ ਕੇ ਇਸ ਪਾਸੇ ਵੱਲ ਲਾਇਆ ਹੋਇਆ ਸੀ।
ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਈ: ਵਿੱਚ ਚਾਰ ਸਾਲ ਦੇ ਬੱਚੇ ਪਿਆਰਾ ਸਿੰਘ ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪੰਗ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਡਿਓਢੀ ਅੱਗੇ ਕੋਈ ਚੋਰੀ-ਚੋਰੀ ਛੱਡ ਗਿਆ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰਕੇ ਆਖਿਆ, ‘ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।’ ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ, ਜਿਸ ਕਰਕੇ ਉਸ ਦਾ ਨਾਂ ‘ਪਿਆਰਾ ਸਿੰਘ’ ਹੋ ਗਿਆ। ਭਗਤ ਪੂਰਨ ਸਿੰਘ 14 ਸਾਲ ਤੱਕ ਇਸ ਬੱਚੇ ਨੂੰ ਵੱਖ-ਵੱਖ ਥਾਵਾਂ ’ਤੇ ਆਪਣੇ ਮੋਢਿਆਂ ’ਤੇ ਚੁੱਕ ਕੇ ਫਿਰਦੇ ਰਹੇ। ਉਸ ਸਮੇਂ ਉਨ੍ਹਾਂ ਕੋਲ ਕੋਈ ਪੱਕੀ ਜਗ੍ਹਾ ਨਹੀਂ ਸੀ। ਇਸ ਦੌਰਾਨ ਭਗਤ ਪੂਰਨ ਸਿੰਘ ਜੀ ਨੂੰ ਜੋ ਵੀ ਸਮਾਂ ਮਿਲਦਾ, ਉਹ ਵੱਖ-ਵੱਖ ਲਾਇਬਰੇਰੀਆਂ ਵਿੱਚ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਦੇ ਅਤੇ ਉਨ੍ਹਾਂ ਦੇ ਹੱਲ ਬਾਰੇ ਸੋਚਦੇ।
ਇੱਕ ਦਿਨ ਭਗਤ ਪੂਰਨ ਸਿੰਘ ਜੀ ਦੇ ਇੱਕ ਨਜ਼ਦੀਕੀ ਵਕੀਲ ਨੇ ਭਗਤ ਜੀ ਨੂੰ ਕਿਹਾ ਕਿ ਇਸ ਨਾਲੋਂ ਤਾਂ ਚੰਗਾ ਸੀ ਕਿ ਇਹ (ਪਿਆਰਾ ਸਿੰਘ) ਗੁਰਦੁਆਰੇ ਦੇ ਬਾਹਰ ਹੀ ਮਰ ਜਾਂਦਾ ਕਿਉਂ ਜੋ ਇੱਕ ਦਿਨ ਕਿਸੇ ਸੜਕ ਦੇੇ ਕੰਢੇ ਮਰਨਾ ਹੀ ਹੈ। ਪਰ ਕੋਈ ਵੀ ਭਗਤ ਜੀ ਨੂੰ ਉਨ੍ਹਾਂ ਦੇ ਸਿਰੜੀ ਮਿਸ਼ਨ ਤੋਂ ਨਾ ਰੋਕ ਸਕਿਆ। ਭਗਤ ਜੀ ਦਾ ਅਕਾਲ ਪੁਰਖ ’ਤੇ ਵਿਸ਼ਵਾਸ ਅਤੇ ਦੁਖੀ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰਬਲ ਇੱਛਾ ਕਰਕੇ ਹੀ ਇਹ ਸੰਭਵ ਹੋ ਸਕਿਆ। 1947 ਵਿੱਚ ਦੇਸ਼ ਦੀ ਵੰਡ ਮਗਰੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਰਹੇ। ਉਨ੍ਹਾਂ ਨੇ 1948 ਤੋਂ 1958 ਈ: ਤੱਕ ਫੁੱਟਪਾਥਾਂ, ਰੁੱਖਾਂ ਦੀ ਛਾਵੇਂ, ਕਦੇ ਖ਼ਾਲਸਾ ਕਾਲਜ ਕੋਲ, ਕਦੇ ਰੇਲਵੇ ਸਟੇਸ਼ਨ ਕੋਲ, ਕਦੇ ਚੀਫ਼ ਖ਼ਾਲਸਾ ਦੀਵਾਨ ਦੇ ਕੋਲ, ਕਦੇ ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਕੋਲ ਅਤੇ ਕਦੇ ਰੈੱਡਕਰਾਸ ਭਵਨ ਦੇ ਕੋਲ ਝੌਂਪੜੀਆਂ ਬਣਾ ਕੇ ਸੇਵਾ-ਸੰਭਾਲ ਕੀਤੀ। ਸੰਨ 1958 ਈ: ਵਿੱਚ ਤਹਿਸੀਲਪੁਰਾ ਜੀਟੀ ਰੋਡ ਅੰਮ੍ਰਿਤਸਰ ਨੇੜੇ ਜਗ੍ਹਾ ਮੁੱਲ ਖ਼ਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ। 6 ਮਾਰਚ 1957 ਨੂੰ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਰਜਿਸਟਰਡ ਕਰਵਾ ਲਈ। ਪਿੰਗਲਵਾੜਾ, ਜੋ ਭਗਤ ਪੂਰਨ ਸਿੰਘ ਜੀ ਨੇ ਕੁਝ ਕੁ ਮਰੀਜ਼ਾਂ ਨੂੰ ਲੈ ਕੇ ਬੀਜ ਰੂਪ ਵਿੱਚ ਸ਼ੁਰੂ ਕੀਤਾ, ਅੱਜ 1750 ਤੋਂ ਵੱਧ ਮਰੀਜ਼ਾਂ ਲਈ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ।
ਭਗਤ ਪੂਰਨ ਸਿੰਘ ਨੇ ਪ੍ਰਦੂਸ਼ਣ, ਜਲ-ਸਾਧਨਾਂ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖਤਰਿਆਂ ਨਾਲ ਸਬੰਧਤ ਅਨੇਕਾਂ ਕਿਤਾਬਚੇ, ਫੋਲਡਰ ਅਤੇ ਇਸ਼ਤਿਹਾਰ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ। ਅੱਜ ਵੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਬਾਹਰ ਘੰਟਾ ਘਰ ਚੌਕ ਤੇ ਸਰਾਂ (ਰਿਹਾਇਸ਼) ਵਾਲੇ ਪਾਸੇ ਅਤੇ ਦੇਸ਼ ਭਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਉਨ੍ਹਾਂ ਦੇ ਸ਼ਰਧਾਲੂ ਕਿਤਾਬਚੇ, ਇਸ਼ਤਿਹਾਰ, ਪੈਂਫਲੇਟ ਤੇ ਫੋਲਡਰ ਮੁਫ਼ਤ ਵੰਡ ਰਹੇ ਹਨ। ਪਿੰਗਲਵਾੜਾ ਸੰਸਥਾ ਦੀ ਹਦੂਦ ਅੰਦਰ ਦਰਜੀ ਦਾ ਕੰਮ, ਟਾਈਪ ਕਰਨਾ, ਕੁਰਸੀਆਂ ਬੁਣਨੀਆਂ, ਮੋਮਬੱਤੀਆਂ, ਗੁੱਡੀਆਂ-ਖਿਡੌਣੇ, ਕੁਦਰਤੀ ਖੇਤੀ, ਮਸਨੂਈ ਅੰਗ, ਫਿਜ਼ਿਓਥੈਰਪੀ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਭਗਤ ਪੂਰਨ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ 1981 ਵਿੱਚ ‘ਪਦਮਸ੍ਰੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਵੱਲੋਂ 1984 ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ’ਤੇ ਹੋਏ ਹਮਲੇ ਸਮੇਂ ਉਨ੍ਹਾਂ ਨੇ ਇਹ ਐਵਾਰਡ ਵਾਪਸ ਕਰ ਦਿੱਤਾ ਸੀ। ਉਨ੍ਹਾਂ ਨੂੰ 1990 ’ਚ ਹਾਰਮਨੀ ਐਵਾਰਡ ਤੇ 1991 ’ਚ ਰੋਗ ਰਤਨ ਐਵਾਰਡ ਪ੍ਰਾਪਤ ਹੋਏ। ਪੰਜਾਬ ਵਿਰਾਸਤ ਸੰਸਥਾ ਸ਼ਿਕਾਗੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਭਾਈ ਘਨ੍ਹੱਈਆ ਐਵਾਰਡ ਕਮੇਟੀ ਦੇ ਚੈਅਰਮੈਨ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਵੱਲੋਂ ਉਨ੍ਹਾਂ ਨੂੰ ਭਾਈ ਘਨ੍ਹੱਈਆ ਐਵਾਰਡ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸੇਵਾ ਦੇ ਪੁੰਜ, ਨਿਸ਼ਕਾਮ ਸੇਵਾ ਦੀ ਮੂਰਤ, ਨਿਆਸਰਿਆਂ ਦਾ ਆਸਰਾ ਭਗਤ ਪੂਰਨ ਸਿੰਘ 5 ਅਗਸਤ 1992 ਈ: ਨੂੰ 88 ਸਾਲ ਦੀ ਉਮਰ ਬਤੀਤ ਕਰਕੇ ਸੱਚ-ਖੰਡ ਜਾ ਬਿਰਾਜੇ।
ਭਗਤ ਪੂਰਨ ਸਿੰਘ ਜੀ ਚਾਹੇ ਝੁੱਗੀਆਂ ਦੀ ਜਗ੍ਹਾ ਆਲੀਸ਼ਾਨ ਇਮਾਰਤਾਂ ਉਸਾਰ ਕੇ ਸੰਸਾਰ ਤੋਂ ਚੋਲਾ ਤਿਆਗ ਗਏ ਪਰ ਮੌਜੂਦਾ ਸਮੇਂ ਡਾ. ਇੰਦਰਜੀਤ ਕੌਰ ਦੀ ਦੇਖ-ਰੇਖ ਹੇਠ ਪਿੰਗਲਵਾੜਾ ’ਚ ਮਰੀਜ਼ਾਂ ਦੀ ਸੇਵਾ-ਸੰਭਾਲ ਜਾਰੀ ਹੈ। ਮਰੀਜ਼ਾਂ ਦੀ ਸੇਵਾ ਲਈ 245 ਸੇਵਾਦਾਰਨੀਆਂ, 256 ਸੇਵਾਦਾਰ ਅਤੇ 18 ਟਰੇਂਡ ਨਰਸਾਂ ਕੰਮ ਕਰ ਰਹੀਆਂ ਹਨ। ਸਾਰੇ ਵਾਰਡਾਂ ਵਿੱਚ ਸੂਰਜੀ ਸ਼ਕਤੀ ਪਲਾਂਟ ਰਾਹੀਂ ਮਰੀਜ਼ਾਂ ਦੇ ਕੱਪੜੇ ਗਰਮ ਪਾਣੀ ਨਾਲ ਧੋਤੇ ਜਾਂਦੇ ਹਨ। ਇਸ ਪ੍ਰਾਜੈਕਟ ’ਤੇ 12 ਲੱਖ ਰੁਪਏ ਦੇ ਕਰੀਬ ਖ਼ਰਚ ਆਇਆ। ਹਰ ਸਾਲ ਸੰਸਥਾ ਦੇ ਸੇਵਾਦਾਰਾਂ ਵੱਲੋਂ ਭਗਤ ਪੂਰਨ ਸਿੰਘ ਦੀ ਬਰਸੀ ’ਤੇ ਪੌਦੇ ਲਾਉਣ ਦੀ ਮੁਹਿੰਮ ਵਿੱਢੀ ਜਾਂਦੀ ਹੈ।
ਪਿੰਗਲਵਾੜਾ ਦੀਆਂ ਅੰਮ੍ਰਿਤਸਰ, ਮਾਨਾਂਵਾਲਾ, ਗੋਇੰਦਵਾਲ, ਜਲੰਧਰ, ਸੰਗਰੂਰ, ਪਲਸੌਰਾ (ਚੰਡੀਗੜ੍ਹ), ਪੰਡੋਰੀ ਵੜੈਚ ਵਿੱਚ ਬਰਾਂਚਾਂ ਹਨ। ਭਗਤ ਪੂਰਨ ਸਿੰਘ ਆਦਰਸ਼ ਸਕੂਲ ਬੁੱਟਰ ਕਲਾਂ ਕਾਦੀਆਂ ਵਿੱਚ 412 ਬੱਚੇ ਵਿੱਦਿਆ ਹਾਸਲ ਕਰ ਰਹੇ ਹਨ। ਮਾਨਾਂਵਾਲਾ ਵਿੱਚ ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਵਿੱਚ 180 ਬੱਚੇ ਨਵੀਨ ਉਪਕਰਨਾਂ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਮਾਨਾਂਵਾਲਾ (ਅੰਮ੍ਰਿਤਸਰ) ਵਿੱਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸਿਲਾਈ-ਕਢਾਈ ਦਾ ਛੇ ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਹੈ। ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ ਵਿੱਚ ਗ਼ਰੀਬ ਅਤੇ ਝੁੱਗੀ ਝੌਂਪੜੀ ਵਾਲੇ 737 ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾ ਰਹੀ ਹੈ। ਗੋਇੰਦਵਾਲ ਬਰਾਂਚ ਵਿੱਚ 92, ਚੰਡੀਗੜ੍ਹ ਬਰਾਂਚ ਵਿੱਚ 113 ਤੇ ਜਲੰਧਰ ਬਰਾਂਚ ਵਿੱਚ 38 ਮਰੀਜ਼ ਹਨ। ਮਾਨਾਂਵਾਲਾ ਕੰਪਲੈਕਸ ਵਿੱਚ ਗਉੂਸ਼ਾਲਾ ’ਚ 265 ਗਉੂਆਂ ਵੱਛੇ ਤੇ ਵੱਛੀਆਂ ਹਨ। ਗਉੂਆਂ ਦਾ ਦੁੱਧ ਮਰੀਜ਼ਾਂ ਲਈ ਵਰਤਿਆ ਜਾਂਦਾ ਹੈ।
ਭਗਤ ਪੂਰਨ ਸਿੰਘ ਮਸਨੂਈ ਅੰਗ ਕੇਂਦਰ (ਬਨਾਵਟੀ ਅੰਗ ਕੇਂਦਰ) ਵਿੱਚ 15,451 ਤੋਂ ਵੱਧ ਅੰਗਹੀਣਾਂ ਨੂੰ ਬਨਾਵਟੀ ਅੰਗ ਮੁਫ਼ਤ ਲਗਾਏ ਜਾ ਚੁੱਕੇ ਹਨ। ਪਿੰਗਲਵਾੜਾ ਸੰਸਥਾ ਦਾ ਕੰਮ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ। ਕਿਤੇ ਵੀ ਕੁਦਰਤੀ ਆਫ਼ਤਾਂ ਆਉਂਦੀਆਂ ਹਨ ਤਾਂ ਉਥੋਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਸੰਸਥਾ ਵੱਲੋਂ 100 ਦੇ ਕਰੀਬ ਲਾਵਾਰਸ ਲਾਸ਼ਾਂ ਦਾ ਸਸਕਾਰ ਪੂਰੇ ਸਤਿਕਾਰ ਸਹਿਤ ਕੀਤਾ ਜਾ ਚੁੱਕਾ ਹੈ।
ਭਗਤ ਪੂਰਨ ਸਿੰਘ ਜੀ ਦੇ ਜੀਵਨ ਸਬੰਧੀ ਕੁਝ ਫਿਲਮਾਂ ਵੀ ਬਣ ਚੁੱਕੀਆਂ ਹਨ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਨੂੰ ਭਗਤ ਪੂਰਨ ਸਿੰਘ ਦੀ ਇੱਕ ਡਾਕ-ਟਿਕਟ ਦਿੱਲੀ ਵਿੱਚ ਰਿਲੀਜ਼ ਕੀਤੀ ਗਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ‘ਭਗਤ ਪੂਰਨ ਸਿੰਘ ਚੇਅਰ’ ਸਥਾਪਿਤ ਹੈ। ਭਗਤ ਪੂਰਨ ਸਿੰਘ ਦੀਆਂ ਜੀਵਨ ਘਾਲਨਾਵਾਂ ਸਬੰਧੀ ਤਸਵੀਰਾਂ ਦਾ ਸੰਗ੍ਰਹਿ ‘ਅਜਾਇਬ ਘਰ’ ਪਿੰਗਲਵਾੜਾ ਵਿੱਚ ਸਥਾਪਿਤ ਹੈ। ਭਗਤ ਪੂਰਨ ਦੇ ਜਨਮ ਸਥਾਨ ਤੇ ਪਿੰਡ ਰਾਜੇਵਾਲ ਵਿੱਚ ‘ਭਗਤ ਪੂਰਨ ਸਿੰਘ ਸਮਾਰਕ’ ਦਾ ਨਿਰਮਾਣ ਹੋ ਚੁੱਕਾ ਹੈ। ਭਗਤ ਪੂਰਨ ਸਿੰਘ ਜੀ ਵੱਲੋਂ ਲਿਖੇ ਅਤੇ ਪ੍ਰਕਾਸ਼ਿਤ ਕੀਤੇ ਕਿਤਾਬਚੇ ‘ਭਗਤ ਪੂਰਨ ਸਿੰਘ ਅਜਾਇਬ ਘਰ’ ਵਿੱਚ ਪਏ ਹਨ। ਪਿੰਗਲਵਾੜਾ ਸੰਸਥਾ ਵੱਲੋਂ ਹੁਣ ਤੱਕ ਪੰਜਾਬੀ ਦੀਆਂ 70 ਪੁਸਤਕਾਂ, 76 ਕਿਤਾਬਚੇ, ਅੰਗਰੇਜ਼ੀ ਦੀਆਂ 61 ਪੁਸਤਕਾਂ ਤੇ 33 ਕਿਤਾਬਚੇ, ਹਿੰਦੀ ਦੀਆਂ 49 ਪੁਸਤਕਾਂ-ਕਿਤਾਬਚੇ ਛਾਪੇ ਗਏ ਹਨ। ਇਹ ਸਾਰੀ ਸਮੱਗਰੀ ਪਿੰਗਲਵਾੜਾ ਦੇ ਆਪਣੇ ਛਾਪੇਖਾਨੇ ‘ਪੂਰਨ ਪ੍ਰਿੰਟਿੰਗ ਪ੍ਰੈੱਸ’ ਵਿੱਚ ਹੁਣ 19 ਮੈਨੂਅਲ ਮਸ਼ੀਨਾਂ ਦੀ ਥਾਂ ’ਤੇ 2 ਆਟੋ ਪ੍ਰਿੰਟ ਮਸ਼ੀਨਾਂ ਰਾਹੀਂ ਛਾਪੀ ਜਾਂਦੀ ਹੈ।
ਪਿੰਗਲਵਾੜਾ ਸੰਸਥਾ ਦਾ ਕੋਈ ਵੀ ਸੇਵਾਦਾਰ ਡੱਬਿਆਂ (ਦਾਨ ਪਾਤਰ) ਨਾਲ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਗਲੀ-ਮੁਹੱਲਿਆਂ ਜਾਂ ਕਿਸੇ ਵੀ ਸਥਾਨ ’ਤੇ ਘੁੰਮ ਫਿਰ ਕੇ ਮਾਇਆ ਦੀ ਉਗਰਾਹੀ ਨਹੀਂ ਕਰ ਰਿਹਾ। ਸਰਬੱਤ ਗੁਰੂ ਨਾਨਕ ਨਾਮ ਲੇਵਾ ਮਾਈ-ਭਾਈ ਆਪਣੀ ਕਿਰਤ-ਕਮਾਈ ਵਿੱਚੋਂ ਦਸਵੰਧ ਕੱਢ ਕੇ ਪਿੰਗਲਵਾੜਾ ਸੰਸਥਾ ਨੂੰ ਨਕਦ, ਚੈੱਕ, ਡਰਾਫਟ ਰਾਹੀਂ ਭੇਜਦੇ ਹਨ।
ਆਲ ਇੰਡੀਆ ਪਿੰਗਲਵਾੜਾ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਮੌਕੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਪਹਿਲੀ ਅਗਸਤ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 5 ਅਗਸਤ ਤੱਕ ਪਿੰਗਲਵਾੜਾ ਮਾਨਾਂਵਾਲਾ ਬਰਾਂਚ ਅਤੇ ਮੁੱਖ ਦਫ਼ਤਰ ਜੀਟੀ ਰੋਡ, ਅੰਮ੍ਰਿਤਸਰ ’ਤੇ ਕਰਵਾਇਆ ਜਾ ਰਿਹਾ ਹੈ। 4 ਅਗਸਤ ਨੂੰ ਸਵੇਰੇ 10 ਵਜੇ ਤੋਂ 1.50 ਵਜੇ ਤੱਕ ਸੱਭਿਆਚਾਰ ਅਤੇ ਆਚਰਣ ਵਿਸ਼ੇ ’ਤੇ ਸੈਮੀਨਾਰ ਹੋਵੇਗਾ, ਜਿਸ ਵਿੱਚ ਹਰਵਿੰਦਰ ਸਿੰਘ ਭੱਟੀ, ਡਾ. ਸਵਰਾਜਬੀਰ, ਡਾ. ਪਿਆਰਾ ਲਾਲ ਗਰਗ, ਹਮੀਰ ਸਿੰਘ ਅਤੇ ਸੁਮੇਲ ਸਿੰਘ ਉਚੇਚੇ ਤੌਰ ’ਤੇ ਹਾਜ਼ਰੀ ਭਰਨਗੇ । 5 ਅਗਸਤ ਨੂੰ ਮੁੱਖ ਦਫ਼ਤਰ ਨੇੜੇ ਸਵੇਰੇ ਸਾਢੇ ਅੱਠ ਵਜੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ ਉਪਰੰਤ ਭਾਈ ਜਸਬੀਰ ਸਿੰਘ ਜੀ ਅਤੇ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ ਜਾਵੇਗਾ। ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਭਗਤ ਪੂਰਨ ਸਿੰਘ ਜੀ ਦੇ ਜੀਵਨ ਅਤੇ ਵਾਤਾਵਰਨ ਸਬੰਧੀ ਵਿਚਾਰਾਂ ਹੋਣਗੀਆਂ। ਦੁਪਹਿਰ 1.30 ਵਜੇ ਤੋਂ 2 ਵਜੇ ਤੱਕ ਪਿੰਗਲਵਾੜਾ ਸੋਵੀਨਰ ਅਤੇ ਪੁਸਤਕਾਂ ਰਿਲੀਜ਼ ਕੀਤੀਆਂ ਜਾਣਗੀਆਂ।
ਸੰਪਰਕ: karnailSinghma@gmail.com