ਗੁਰੂ ਨਾਨਕ ਦੇਵ ਦਾ ਵਿਸਰਿਆ ਫਲਸਫਾ
ਗੁਰੂ ਨਾਨਕ ਦੇਵ ਨੂੰ ਪੂਰੀ ਦੁਨੀਆ ‘ਜਗਤ ਗੁਰੂ’ ਕਹਿ ਕੇ ਸਤਿਕਾਰਦੀ ਹੈ। ਉਨ੍ਹਾਂ ਦੇ ਦੋ ਸਾਥੀ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਹੋਏ। ਭਾਈ ਮਰਦਾਨਾ ਜੀ ਮੁਸਲਮਾਨ ਪਰਿਵਾਰ ਤੋਂ ਸਨ ਅਤੇ ਭਾਈ ਬਾਲਾ ਜੀ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਸਨ।...
ਗੁਰੂ ਨਾਨਕ ਦੇਵ ਨੂੰ ਪੂਰੀ ਦੁਨੀਆ ‘ਜਗਤ ਗੁਰੂ’ ਕਹਿ ਕੇ ਸਤਿਕਾਰਦੀ ਹੈ। ਉਨ੍ਹਾਂ ਦੇ ਦੋ ਸਾਥੀ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਹੋਏ। ਭਾਈ ਮਰਦਾਨਾ ਜੀ ਮੁਸਲਮਾਨ ਪਰਿਵਾਰ ਤੋਂ ਸਨ ਅਤੇ ਭਾਈ ਬਾਲਾ ਜੀ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਸਨ। ਦੋਵੇਂ ਲੰਮਾ ਸਮਾਂ ਗੁਰੂ ਸਾਹਿਬ ਦੇ ਨਾਲ ਰਹੇ।
ਗੁਰੂ ਜੀ ਨੇ ਲੱਖਾਂ ਕਿਲੋਮੀਟਰ ਉਦਾਸੀਆਂ ਕਰਕੇ ਮੁਸਲਮਾਨ ਪੈਗ਼ੰਬਰਾਂ ਅਤੇ ਹਿੰਦੂ ਸੰਤਾਂ ਨਾਲ ਗੋਸ਼ਟੀਆਂ ਕਰਕੇ ਇੱਕ ਪ੍ਰਮਾਤਮਾ ਦਾ ਸੁਨੇਹਾ ਦਿੱਤਾ ਅਤੇ ਧਰਮਾਂ ਤੇ ਜਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ, ਜਿਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ ਉਨ੍ਹਾਂ ਨੂੰ ਆਪਣਾ ਪੀਰ ਅਤੇ ਹਿੰਦੂ-ਸਿੱਖ ਆਪਣਾ ਗੁਰੂ ਮੰਨਦੇ ਹਨ।
ਗੁਰੂ ਨਾਨਕ ਦੇਵ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਸਾਹਿਬ ਵਿੱਚ ਬਿਤਾਇਆ। ਇੱਥੇ ਉਨ੍ਹਾਂ ਨੇ ਸ਼ਾਂਤੀ ਅਤੇ ਏਕਤਾ ਦਾ ਉਪਦੇਸ਼ ਦੇਣ ਦੇ ਨਾਲ-ਨਾਲ ਹੱਥੀਂ ਖੇਤੀ ਕਰਕੇ ‘ਕਿਰਤ ਕਰੋ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੱਤਾ। ਜਦੋਂ ਗੁਰੂ ਸਾਹਿਬ ਨੇ ਆਪਣਾ ਸਰੀਰਕ ਤੌਰ ’ਤੇ ਅੰਤਿਮ ਸਮਾਂ ਨੇੜੇ ਜਾਣਿਆ ਤਾਂ ਉਨ੍ਹਾਂ ਨੇ ਗੁਰਗੱਦੀ ਲਈ ਆਪਣੇ ਯੋਗ ਵਾਰਿਸ ਦੀ ਚੋਣ ਕੀਤੀ। ਉਨ੍ਹਾਂ ਨੇ ਆਪਣੇ ਪਰਮ ਸੇਵਕ ਭਾਈ ਲਹਿਣਾ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਦੂਜੇ ਗੁਰੂ ਅੰਗਦ ਦੇਵ ਵਜੋਂ ਸਥਾਪਿਤ ਕੀਤਾ।
ਇਤਿਹਾਸ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਜਦੋਂ ਸਰੀਰਕ ਤੌਰ ’ਤੇ ਰੱਬ ਨੂੰ ਪਿਆਰੇ ਹੋ ਗਏ ਤਾਂ ਸ਼ਰਧਾਲੂਆਂ ਨੇ ਸਫ਼ੈਦ ਚਾਦਰ ਉਨ੍ਹਾਂ ਉੱਪਰ ਦੇ ਦਿੱਤੀ। ਉਸ ਸਮੇਂ ਮੁਸਲਮਾਨ ਸ਼ਰਧਾਲੂ ਕਹਿਣ ਲੱਗੇ ਕਿ ਬਾਬਾ ਨਾਨਕ ਉਨ੍ਹਾਂ ਦਾ ਪੀਰ ਹੈ, ਇਸ ਲਈ ਉਨ੍ਹਾਂ ਨੇ ਬਾਬਾ ਜੀ ਦੇ ਮ੍ਰਿਤਕ ਸਰੀਰ ਨੂੰ ਸਪੁਰਦ-ਏ-ਖ਼ਾਕ ਕਰਨਾ ਹੈ ਅਤੇ ਹਿੰਦੂ-ਸਿੱਖ ਕਹਿਣ ਲੱਗੇ ਕਿ ਬਾਬਾ ਨਾਨਕ ਹਿੰਦੂ-ਸਿੱਖਾਂ ਦਾ ਗੁਰੂ ਹੈ, ਇਸ ਲਈ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅਗਨ-ਭੇਟ ਕਰਨਾ ਹੈ। ਬਹੁਤ ਵੱਡਾ ਵਾਦ-ਵਿਵਾਦ ਉਤਪੰਨ ਹੋ ਗਿਆ। ਉਸ ਸਮੇਂ ਕੁਝ ਸੂਝਵਾਨ ਮੋਹਤਬਰਾਂ ਨੇ ਦੋਹਾਂ ਧਿਰਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਜ਼੍ਹਬੀ ਜਨੂੰਨ ਨੇ ਮੋਹਤਬਰਾਂ ਦੀ ਨਾ ਮੰਨੀ। ਜਦੋਂ ਮੋਹਤਬਰਾਂ ਨੇ ਗੁਰੂ ਜੀ ਦੇ ਮ੍ਰਿਤਕ ਸਰੀਰ ਦੇ ਦਰਸ਼ਨ ਕਰਨ ਲਈ ਸਫ਼ੈਦ ਚਾਦਰ ਚੁੱਕੀ ਤਾਂ ਹੇਠਾਂ ਕੁਝ ਖ਼ੁਸ਼ਬੂਦਾਰ ਫੁੱਲ ਪਏ ਸਨ।
ਫਿਰ ਮੁਸਲਮਾਨ ਸ਼ਰਧਾਲੂਆਂ ਅਤੇ ਹਿੰਦੂ-ਸਿੱਖਾਂ ਵਿਚਾਲੇ ਸਫ਼ੈਦ ਚਾਦਰ ਤੋਂ ਝਗੜਾ ਹੋ ਗਿਆ। ਫ਼ੈਸਲਾ ਇਹ ਹੋਇਆ ਕਿ ਅੱਧੀ ਚਾਦਰ ਮੁਸਲਮਾਨ ਸ਼ਰਧਾਲੂਆਂ ਨੂੰ ਦੇ ਦਿੱਤੀ ਜਾਵੇ, ਉਹ ਚਾਦਰ ਨੂੰ ਸਪੁਰਦ-ਏ-ਖ਼ਾਕ ਕਰ ਲੈਣ ਅਤੇ ਅੱਧੀ ਚਾਦਰ ਹਿੰਦੂ-ਸਿੱਖਾਂ ਨੂੰ ਦੇ ਦਿੱਤੀ ਜਾਵੇ, ਉਹ ਚਾਦਰ ਨੂੰ ਅਗਨ-ਭੇਟ ਕਰ ਲੈਣ। ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਜੀ ਦੀ ਅੱਧੀ ਚਾਦਰ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਅਤੇ ਹਿੰਦੂ-ਸਿੱਖਾਂ ਨੇ ਅੱਧੀ ਚਾਦਰ ਨੂੰ ਅਗਨ-ਭੇਟ ਕਰ ਦਿੱਤਾ। ਸਾਰੀ ਉਮਰ ਗੁਰੂ ਜੀ ਇਨਸਾਨੀਅਤ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਰਹੇ, ਪਰ ਮੁਸਲਮਾਨ ਸ਼ਰਧਾਲੂਆਂ ਅਤੇ ਹਿੰਦੂ-ਸਿੱਖਾਂ ਨੇ ਵਖਰੇਵਾਂ ਕਰਕੇ ਕੁੜੱਤਣ ਪੈਦਾ ਕਰ ਦਿੱਤੀ। ਜੋ ਵੀ ਉਸ ਸਮੇਂ ਹੋਇਆ, ਉਹ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਉਲਟ ਹੋਇਆ।
ਕਿਹਾ ਜਾਂਦਾ ਹੈ ਕਿ ਇਸ ਘਟਨਾ ਤੋਂ ਕੁਝ ਸਮੇਂ ਬਾਅਦ ਰਾਵੀ ਦਰਿਆ ਵਿੱਚ ਭਾਰੀ ਹੜ੍ਹ ਆਇਆ, ਜਿਸ ਦੇ ਤੇਜ਼ ਵਹਾਅ ਨੇ ਉਹ ਦੋਵੇਂ ਯਾਦਗਾਰੀ ਸਥਾਨ ਰੋੜ੍ਹ ਦਿੱਤੇ। ਇਸ ਹੜ੍ਹ ਨੇ ਨਾ ਸਿਰਫ਼ ਉਸ ਥਾਂ ਨੂੰ ਨਸ਼ਟ ਕੀਤਾ ਜਿੱਥੇ ਮੁਸਲਮਾਨ ਸ਼ਰਧਾਲੂਆਂ ਨੇ ਚਾਦਰ ਨੂੰ ਸਪੁਰਦ-ਏ-ਖ਼ਾਕ ਕੀਤਾ ਸੀ, ਸਗੋਂ ਉਸ ਥਾਂ ਨੂੰ ਵੀ ਮਿਟਾ ਦਿੱਤਾ ਜਿੱਥੇ ਹਿੰਦੂ-ਸਿੱਖਾਂ ਨੇ ਚਾਦਰ ਨੂੰ ਅਗਨ-ਭੇਟ ਕੀਤਾ ਸੀ। ਪਰ ਸਮਾਂ ਬੀਤਣ ’ਤੇ ਦੋਵਾਂ ਧਿਰਾਂ ਨੇ ਆਪੋ-ਆਪਣੀਆਂ ਯਾਦਗਾਰਾਂ ਮੁੜ ਕਾਇਮ ਕਰ ਲਈਆਂ। ਸਿੱਖਾਂ ਨੇ ਜਿੱਥੇ ਚਾਦਰ ਅਗਨ-ਭੇਟ ਕੀਤੀ ਸੀ, ਉਥੇ ਗੁਰਦੁਆਰਾ ਬਣਾ ਲਿਆ। ਇਸੇ ਤਰ੍ਹਾਂ ਜਿੱਥੇ ਚਾਦਰ ਸਪੁਰਦ-ਏ-ਖਾਕ ਕੀਤੀ ਗਈ ਸੀ, ਉਥੇ ਮੁਸਲਮਾਨਾਂ ਨੇ ਥੜ੍ਹਾ ਬਣਾ ਕੇ ਉਸ ਨੂੰ ਦਰਗਾਹ ਦਾ ਰੂਪ ਦੇ ਦਿੱਤਾ।
ਜਦੋਂ ਦੇਸ਼ ਦੀ ਵੰਡ ਹੋਈ ਤਾਂ ਜਿਸ ਜਗ੍ਹਾ ਉੱਪਰ ਚਾਦਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਉਸੇ ਜਗ੍ਹਾ ਦੇ ਨਜ਼ਦੀਕ ਹੀ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਸਰਹੱਦ ਬਣੀ। ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਬਣੇ। ਲਹਿੰਦਾ ਪੰਜਾਬ ਮੁਸਲਮਾਨਾਂ ਦੇ ਹਿੱਸੇ ਆਇਆ ਅਤੇ ਚੜ੍ਹਦਾ ਪੰਜਾਬ ਸਿੱਖਾਂ ਅਤੇ ਹਿੰਦੂਆਂ ਦੇ ਹਿੱਸੇ ਆਇਆ। ਇਸ ਵੰਡ ਨਾਲ ਵੱਡੇ ਪੱਧਰ ’ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ।
ਭਾਰਤ ਸਰਕਾਰ ਨੇ ਪਾਕਿਸਤਾਨ ਵੱਲੋਂ ਹੁੰਦੀ ਘੁਸਪੈਠ, ਅਤਿਵਾਦ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਰਹੱਦ ਦੇ ਨਾਲ-ਨਾਲ ਉੱਚੀ ਕੰਡਿਆਲੀ ਤਾਰ ਲਗਾ ਦਿੱਤੀ ਹੈ। ਇਸ ਤਣਾਅਪੂਰਨ ਮਾਹੌਲ ਦੇ ਬਾਵਜੂਦ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦੀਆਂ ਲੰਮੇ ਸਮੇਂ ਤੋਂ ਸਰਹੱਦ ’ਤੇ ਕੀਤੀਆਂ ਜਾ ਰਹੀਆਂ ਅਰਦਾਸਾਂ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਹਾਕਮਾਂ ਨਾਲ ਦੋਸਤੀ ਰੰਗ ਲਿਆਈ, ਜਿਸ ਸਦਕਾ ਦੋਹਾਂ ਦੇਸ਼ਾਂ ਦੀ ਸਹਿਮਤੀ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ।
ਪਰ ਲਾਂਘਾ ਖੁੱਲ੍ਹਣ ਤੋਂ ਕੁਝ ਸਮੇਂ ਬਾਅਦ ਹੀ ਕਰੋਨਾ ਮਹਾਮਾਰੀ ਕਾਰਨ ਇਸ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਜਦੋਂ ਹਾਲਾਤ ਸੁਧਰੇ ਤਾਂ ਇਸ ਨੂੰ ਮੁੜ ਖੋਲ੍ਹ ਦਿੱਤਾ ਗਿਆ। ਹਾਲ ਹੀ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਦੋਹਾਂ ਦੇਸ਼ਾਂ ਵਿੱਚ ਮੁੜ ਤਣਾਅ ਪੈਦਾ ਹੋ ਗਿਆ, ਜਿਸ ਤੋਂ ਬਾਅਦ ਲਾਂਘਾ ਮੁੜ ਬੰਦ ਕਰ ਦਿੱਤਾ ਗਿਆ। ਭਾਵੇਂ ਦੋਹਾਂ ਦੇਸ਼ਾਂ ਵਿਚਾਲੇ ਕੋਈ ਵੱਡੀ ਜੰਗ ਤਾਂ ਨਹੀਂ ਹੋਈ, ਪਰ ਇਸ ਘਟਨਾ ਤੋਂ ਬਾਅਦ ਹਾਲੇ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਨਹੀਂ ਖੋਲ੍ਹਿਆ।
ਕੁਝ ਸਮੇਂ ਬਾਅਦ ਉਸੇ ਰਾਵੀ ਵਿੱਚ ਫਿਰ ਹੜ੍ਹ ਆ ਗਿਆ, ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਦਾਖਲ ਹੋ ਗਿਆ। ਹੜ੍ਹ ਦੇ ਪਾਣੀ ਨੇ ਦੋਵਾਂ ਪੰਜਾਬਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ ਅਤੇ ਜਾਨੀ-ਮਾਲੀ ਨੁਕਸਾਨ ਕਰ ਦਿੱਤਾ। ਇਸ ਤੋਂ ਇਲਾਵਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਹੇਠਲੀ ਮੰਜ਼ਿਲ ਅਤੇ ਮੁਸਲਮਾਨਾਂ ਵੱਲੋਂ ਬਣਾਈ ਸਮਾਧ ਪਾਣੀ ਵਿੱਚ ਡੁੱਬ ਗਈ ਅਤੇ ਅਤਿਵਾਦੀਆਂ ਅਤੇ ਨਸ਼ਿਆਂ ਨੂੰ ਰੋਕਣ ਲਈ ਲਾਈ ਗਈ ਕੰਡਿਆਲੀ ਤਾਰ ਵੀ ਨੁਕਸਾਨੀ ਗਈ। ਹਾਲਾਂਕਿ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਹੁਕਮਾਂ ਸਦਕਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚੋਂ ਪਾਣੀ ਕਢਵਾ ਦਿੱਤਾ ਗਿਆ ਅਤੇ ਭਾਰਤ ਸਰਕਾਰ ਵੀ ਕੰਡਿਆਲੀ ਤਾਰ ਦੁਬਾਰਾ ਲਗਾ ਦੇਵੇਗੀ।
ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਏਸ਼ੀਆ ਕੱਪ ਦਾ ਕ੍ਰਿਕਟ ਮੈਚ ਹੋਇਆ। ਭਾਵੇਂ ਦੇਸ਼ ਅੰਦਰ ਕਈ ਲੋਕਾਂ ਨੇ ਇਸ ਦਾ ਇਹ ਕਹਿ ਕੇ ਸਖ਼ਤ ਵਿਰੋਧ ਕੀਤਾ ਕਿ ਅਤਿਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ ਨਾਲ ਖੇਡ ਸਬੰਧ ਨਹੀਂ ਰੱਖਣੇ ਚਾਹੀਦੇ, ਪਰ ਸਰਕਾਰ ਨੇ ਇਸ ਮੈਚ ਨੂੰ ਹੋਣ ਦਿੱਤਾ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਭਾਰਤ ਸਰਕਾਰ ਨੂੰ ਕ੍ਰਿਕਟ ਮੈਚ ’ਤੇ ਕੋਈ ਇਤਰਾਜ਼ ਨਹੀਂ ਹੈ, ਤਾਂ ਫਿਰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ, ਜੋ ਸਿੱਖਾਂ ਦੀ ਸ਼ਰਧਾ ਨਾਲ ਸਿੱਧਾ ਜੁੜਿਆ ਹੈ, ਨੂੰ ਖੋਲ੍ਹਣ ਵਿੱਚ ਕੀ ਹਰਜ਼ ਹੈ? ਇਹ ਸਵਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿਉਂਕਿ ਦੋਵੇਂ ਸਰਕਾਰਾਂ ਪਹਿਲਾਂ ਹੀ ਖ਼ਾਸ ਮੌਕਿਆਂ 'ਤੇ ਪਾਕਿਸਤਾਨ ਦੇ ਹੋਰ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਲਈ ਸਿੱਖ ਜਥੇ ਭੇਜਣ ਲਈ ਸਹਿਮਤੀ ਦੇ ਚੁੱਕੀਆਂ ਹਨ।
ਇਸੇ ਤਰ੍ਹਾਂ ਜੇ ਭਾਰਤ ਸਰਕਾਰ ਗੁਜਰਾਤ ਦੀ ਬੰਦਰਗਾਹ ਰਾਹੀਂ ਪਾਕਿਸਤਾਨ ਨਾਲ ਵਪਾਰ ਕਰ ਸਕਦੀ ਹੈ, ਤਾਂ ਫਿਰ ਪੰਜਾਬ ਦੀ ਵਾਹਗਾ ਸਰਹੱਦ ਰਾਹੀਂ ਵਪਾਰ ਕਿਉਂ ਨਹੀਂ ਕੀਤਾ ਜਾਂਦਾ, ਜਿਸ ਨਾਲ ਆਵਾਜਾਈ ਦੀ ਲਾਗਤ ਵੀ ਬਹੁਤ ਘੱਟ ਆਵੇਗੀ। ਜੇ ਦੋਵੇਂ ਦੇਸ਼ ਪੰਜਾਬ ਰਾਹੀਂ ਵਪਾਰ ਕਰਨ ਤਾਂ ਨਾ ਸਿਰਫ਼ ਦੋਵੇਂ ਦੇਸ਼ ਆਰਥਿਕ ਤੌਰ ’ਤੇ ਖੁਸ਼ਹਾਲ ਹੋਣਗੇ, ਸਗੋਂ ਭਾਈਚਾਰਕ ਸਾਂਝ ਵੀ ਮਜ਼ਬੂਤ ਹੋਵੇਗੀ। ਇਸ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਦੁਸ਼ਮਣੀ ਵਾਲੀ ਕੂਟਨੀਤੀ ਨੂੰ ਤਿਆਗ ਕੇ ਜਗਤ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਅਮਲੀ ਰੂਪ ਦੇਣ। ਇਸ ਨਾਲ ਭਾਈਚਾਰਕ ਸਾਂਝ ਅਤੇ ਸ਼ਾਂਤੀ ਦਾ ਪੈਗ਼ਾਮ ਪ੍ਰਫੁੱਲਤ ਹੋਵੇਗਾ ਅਤੇ ਇਸ ਖਿੱਤੇ ਦੀ ਆਰਥਿਕ ਖੁਸ਼ਹਾਲੀ ਦਾ ਮੁੱਢ ਬੱਝੇਗਾ।
ਸੰਪਰਕ: 98150-76546

