DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ

        ਡਾ. ਚਰਨਜੀਤ ਸਿੰਘ ਗੁਮਟਾਲਾ ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਣ ’ਤੇ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਨੂੰ ਸਮਰਪਿਤ ਸੀ। ਇਨ੍ਹਾਂ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਗੁਰੂ ਗੋਬਿੰਦ...
  • fb
  • twitter
  • whatsapp
  • whatsapp
Advertisement

Advertisement

ਡਾ. ਚਰਨਜੀਤ ਸਿੰਘ ਗੁਮਟਾਲਾ

ਜੱਸਾ ਸਿੰਘ ਰਾਮਗੜ੍ਹੀਆ ਦੇ ਪਿਛੋਕੜ ਬਾਰੇ ਝਾਤ ਪਾਉਣ ’ਤੇ ਪਤਾ ਲੱਗਦਾ ਹੈ ਕਿ ਇਹ ਸਾਰਾ ਪਰਿਵਾਰ ਹੀ ਗੁਰੂ ਘਰ ਨੂੰ ਸਮਰਪਿਤ ਸੀ। ਇਨ੍ਹਾਂ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਅੰਮ੍ਰਿਤ ਛਕਿਆ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਵਿੱਚ ਜੁਝਾਰੂ ਸਿਪਾਹੀ ਦੇ ਰੂਪ ਵਿੱਚ ਲੜਦੇ ਰਹੇ ਤੇ ਫਿਰ ਬੰਦਾ ਸਿੰਘ ਬਹਾਦਰ ਦੀ ਫ਼ੌੌਜ ਵਿੱਚ ਜਾ ਮਿਲੇ। ਅੰਤ ਉਨ੍ਹਾਂ ਸ਼ਹੀਦੀ ਵੀ ਇੱਕ ਜੰਗ ਵਿੱਚ ਹੀ ਪ੍ਰਾਪਤ ਕੀਤੀ।

ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉਪਰ ਡੂੰਘਾ ਪ੍ਰਭਾਵ ਸੀ। ਉਹ ਆਪਣੇ ਸਮਿਆਂ ਵਿੱਚ ਮੰਨੇ ਹੋਏ ਧਾਰਮਿਕ ਪ੍ਰਚਾਰਕ ਸਨ। ਅਬਦੁੱਸ ਸਮਦ ਦੀ 1727 ਈ. ਵਿੱਚ ਮੌਤ ਤੋਂ ਬਾਅਦ ਉਸ ਦਾ ਪੁੱਤਰ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ, ਜੋ ਪਿਓ ਤੋਂ ਕਿਤੇ ਵੱਧ ਜ਼ਾਲਮ ਸੀ। ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜਿਊਣਾ ਬਹੁਤ ਮੁਸ਼ਕਲ ਸੀ। ਇਨ੍ਹਾਂ ਸਮਿਆਂ ਵਿੱਚ ਹੀ ਉਸ ਦੇ ਪਿਤਾ ਭਾਈ ਹਰਨਾਮ ਸਿੰਘ ਆਪਣੇ ਜੱਦੀ ਪਿੰਡ ਸੁਰ ਸਿੰਘ ਛੱਡ ਕੇ ਲਾਹੌਰ ਦੇ ਪੂਰਬ ਵਾਲੇ ਪਾਸੇ ਈਚੋ ਗਿੱਲ ਪਿੰਡ ਆ ਗਏ। ਭਾਈ ਹਰਦਾਸ ਸਿੰਘ, ਗੁਰੂ ਗੋਬਿੰਦ ਸਿੰਘ ਦੀ ਫ਼ੌਜ ਲਈ ਸ਼ਸਤਰ ਬਣਾਉਂਦੇ ਰਹੇ ਤੇ ਹੋਰ ਸੇਵਾ ਵੀ ਕਰਦੇ ਰਹੇ।

ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਪੈਦਾ ਹੋਏ। ਇਨ੍ਹਾਂ ’ਚੋਂ ਜੱਸਾ ਸਿੰਘ ਸਭ ਤੋਂ ਵੱਡੇ ਸਨ, ਜਿਨ੍ਹਾਂ ਦਾ ਜਨਮ 5 ਮਈ 1723 ਈ. ਵਿੱਚ ਹੋਇਆ। ਉਨ੍ਹਾਂ ਨੇ ਗੁਰਦਿਆਲ ਸਿੰਘ ਪੰਜਵੜ ਹੱਥੋਂ ਪਾਹੁਲ ਲਈ। ਜੱਸਾ ਸਿੰਘ ਦਾ ਵਿਆਹ ਗੁਰਦਿਆਲ ਕੌਰ ਨਾਲ ਹੋਇਆ। ਉਨ੍ਹਾਂ ਘਰ ਦੋ ਪੁੱਤਰਾਂ ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ।

ਨਾਦਰ ਸ਼ਾਹ ਤੇ ਜ਼ਕਰੀਆ ਖ਼ਾਨ ਦੀਆਂ ਫ਼ੌਜਾਂ ਦਾ ਟਾਕਰਾ 1738 ਈ. ਵਿੱਚ ਵਜ਼ੀਰਾਬਾਦ ਦੇ ਨੇੜੇ ਹੋਇਆ। ਇਸ ਲੜਾਈ ਵਿੱਚ ਭਗਵਾਨ ਸਿੰਘ ਤੇ ਜੱਸਾ ਸਿੰਘ ਨੇ ਬਹਾਦਰੀ ਵਿਖਾਈ, ਜਿਸ ਦਾ ਜ਼ਕਰੀਆ ਖ਼ਾਂ ’ਤੇ ਬੜਾ ਪ੍ਰਭਾਵ ਪਿਆ। ਅੰਤ ਵਿੱਚ ਗਿਆਨੀ ਭਗਵਾਨ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ। ਜ਼ਕਰੀਆ ਖਾਂ ਨੇ ਭਾਈ ਭਗਵਾਨ ਦੇ ਪਰਿਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ ਵੱਲਾ, ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ ਦੀ ਜਾਗੀਰ ਦੇ ਦਿੱਤੀ ਅਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਦੇ ਦਿੱਤੀ। ਜਾਗੀਰ ’ਚੋਂ ਵੱਲਾ ਪਿੰਡ ਜੱਸਾ ਸਿੰਘ ਦੇ ਹਿੱਸੇ ਆਇਆ। ਇਸ ਪਿੰਡ ਵਿੱਚ ਰਹਿੰਦਿਆਂ ਉਸ ਦੀ ਜਲੰਧਰ ਦੁਆਬੇ ਦੇ ਫ਼ੌੌਜਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ ਨੌਰੰਗਾਬਾਦ ਦੇ ਸਥਾਨ ’ਤੇ ਲੜਾਈ ਹੋਈ, ਜੋ ਕਿ ਵੱਲੇ ਦੀ ਲੜਾਈ ਕਰਕੇ ਮਸ਼ਹੂਰ ਹੈ।

1747 ਈ. ਵਿਸਾਖੀ ਮੌਕੇ ਅੰਮ੍ਰਿਤਸਰ ਵਿੱਚ ਭਾਰੀ ਇਕੱਠ ਹੋਇਆ, ਜਿਸ ਵਿੱਚ ਸਰਬਸੰਮਤੀ ਨਾਲ ਆਪਣੇ ਕਿਲ੍ਹੇ ਉਸਾਰਨ ਦਾ ਫੈਸਲਾ ਕੀਤਾ ਗਿਆ। ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਜੀ ਦੇ ਨਾਂ ’ਤੇ ‘ਰਾਮ ਰਾਉਣੀ’ ਕਿਲ੍ਹਾ ਉਸਾਰਨ ਦਾ ਗੁਰਮਤਾ ਪਾਸ ਹੋ ਗਿਆ। ਇਸ ਦੀ ਉਸਾਰੀ ਜਲਦੀ ਕੀਤੀ ਗਈ ਤੇ ਜੱਸਾ ਸਿੰਘ ਨੂੰ ਇਸ ਦਾ ਕਿਲ੍ਹੇਦਾਰ ਥਾਪਿਆ ਗਿਆ। ਬਾਅਦ ਵਿਚ ਇਸ ਦਾ ਨਾਂ ਰਾਮਗੜ੍ਹ ਰੱਖਿਆ ਗਿਆ ਤੇ ਉਸ ਨੂੰ ‘ਰਾਮਗੜ੍ਹੀਏ’ ਦੀ ਪਦਵੀ ਨਾਲ ਨਿਵਾਜਿਆ ਗਿਆ ਤੇ ਉਸ ਵੱਲੋਂ ਕਾਇਮ ਕੀਤੀ ਗਈ ਮਿਸਲ ‘ਰਾਮਗੜ੍ਹੀਆ ਮਿਸਲ’ ਦੇ ਨਾਂ ਨਾਲ ਮਸ਼ਹੂਰ ਹੋਈ।

ਰਾਮਗੜ੍ਹ ਦਾ ਕਿਲ੍ਹਾ ਅਠਾਰਵੀਂ ਸਦੀ ਵਿੱਚ ਸਿੱਖਾਂ ਦੀ ਸ਼ਾਨ ਤੇ ਸ਼ਕਤੀ ਦਾ ਪ੍ਰਤੀਕ ਬਣ ਚੁੱਕਾ ਸੀ। ਮੁਗਲਾਂ ਤੇ ਪਠਾਣਾਂ ਨੇ ਇਸ ਕਿਲ੍ਹੇ ਨੂੰ ਕਈ ਵਾਰ ਢਾਹਿਆ ਪਰ ਹਰ ਵਾਰ ਜੱਸਾ ਸਿੰਘ ਨੇ ਲਗਨ ਤੇ ਪਿਆਰ ਨਾਲ ਇਸ ਦੀ ਮੁੜ ਉਸਾਰੀ ਕੀਤੀ ਅਤੇ ਇਸ ਦੇ ਨਾਂ ਅਤੇ ਹੋਂਦ ਨੂੰ ਕਾਇਮ ਰੱਖਣ ਦਾ ਮਾਣ ਉਸੇ ਨੂੰ ਮਿਲਦਾ ਰਿਹਾ। ਤੈਮੂਰ ਨੇ ਵੀ 1757 ਈ. ਨੂੰ ਨਾ ਕੇਵਲ ਕਿਲ੍ਹਾ ਢਾਹਿਆ, ਸਗੋਂ ਹਰਿਮੰਦਰ ਸਾਹਿਬ ਢੁਆ ਦਿੱਤਾ ਤੇ ਸਰੋਵਰ ਮਿੱਟੀ ਨਾਲ ਪੂਰ ਦਿੱਤਾ। ਜੱਸਾ ਸਿੰਘ ਨੇ ਮੁੜ ਕਿਲ੍ਹਾ ਉਸਾਰਿਆ ਤੇ ਕਿਲ੍ਹੇ ਦੇ ਨਜ਼ਦੀਕ ਇੱਕ ਬਸਤੀ ‘ਕਟੜਾ ਰਾਮਗੜ੍ਹੀਆ’ ਉਸਾਰੀ।

ਵੱਡੇ ਘਲੂਘਾਰੇ ਤੋਂ ਪਿੱਛੋਂ ਸਿੱਖਾਂ ਨੇ ਵੱਡੀ ਲੜਾਈ ਦੀ ਤਿਆਰੀ ਕੀਤੀ। 17 ਅਕਤੂਬਰ 1762 ਨੂੰ ਅਬਦਾਲੀ ਅਜੇ ਲਾਹੌਰ ਵਿੱਚ ਸੀ ਕਿ ਲਗਪਗ 60 ਹਜ਼ਾਰ ਸਿੱਖ ਅੰਮ੍ਰਿਤਸਰ ਇਕੱਠੇ ਹੋਏ ਤੇ ਅਬਦਾਲੀ ਨਾਲ ਟੱਕਰ ਲੈਣ ਦਾ ਪ੍ਰਣ ਕੀਤਾ। ਅਬਦਾਲੀ ਨੂੰ ਖ਼ਬਰ ਮਿਲਦਿਆਂ ਉਸ ਨੇ ਹਮਲਾ ਕਰ ਦਿੱਤਾ। ਸਵੇਰ ਤੋਂ ਸ਼ਾਮ ਤੱਕ ਜ਼ਬਰਦਸਤ ਲੜਾਈ ਹੋਈ, ਜਿਸ ਵਿੱਚ ਅਬਦਾਲੀ ਦੀ ਹਾਰ ਹੋਈ। ਉਹ ਦਸੰਬਰ 1762 ਈ. ਵਿੱਚ ਅਫ਼ਗਾਨਿਸਤਾਨ ਵਿੱਚ ਗੜਬੜ ਹੋਣ ਕਰਕੇ ਕਾਬਲ ਵਾਪਸ ਚਲਾ ਗਿਆ।

ਜੱਸਾ ਸਿੰਘ ਰਾਮਗੜ੍ਹੀਆ ਨੇ 1767 ਤੋਂ ਪਿੱਛੋਂ ਕਈ ਇਲਾਕਿਆਂ ’ਤੇ ਕਬਜ਼ਾ ਕੀਤਾ। ਸਭ ਤੋਂ ਪਹਿਲਾਂ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਿਗੋਬਿੰਦਪੁਰ, ਸ਼ਾਹਪੁਰ ਕੰਢੀ ਤੇ ਕਾਦੀਆਂ ’ਤੇ ਕਬਜ਼ਾ ਕੀਤਾ। ਇਨ੍ਹਾਂ ਇਲਾਕਿਆਂ ਤੋਂ ਉਸ ਨੂੰ ਛੇ ਤੋਂ ਲੈ ਕੇ ਦੱਸ ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਹੁੰਦੀ ਸੀ। ਇਸ ਤੋਂ ਪਿੱਛੋਂ ਉਸ ਨੇ ਮੌਜੂਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕਿਆਂ ਵੱਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਛੇਤੀ ਹੀ ਮਨੀਵਾਲ, ਉੜਮੜ ਟਾਂਡਾ, ਮੰਗੇਵਾਲ, ਮਿਆਣੀ, ਦੀਪਾਲਪੁਰ, ਰੋਹਿਲ ਤੇ ਸ਼ਰੀਫ਼ ਜੰਗ ਆਦਿ ਇਲਾਕੇ ਆਪਣੇ ਅਧੀਨ ਕਰ ਲਏ। ਇਹ ਇਲਾਕੇ ਆਉਣ ਨਾਲ ਉਸ ਦੀ ਆਮਦਨ ਦਸ ਲੱਖ ਰੁਪਏ ਸਾਲਾਨਾ ਤੋਂ ਵੱਧ ਗਈ।

ਕਾਂਗੜਾ ਤੇ ਹੋਰ ਪਹਾੜੀ ਰਾਜਿਆਂ ਨੇ ਜੱਸਾ ਸਿੰਘ ਰਾਮਗੜ੍ਹੀਆਂ ਦੀ ਈਨ ਮੰਨ ਕੇ ਸਾਲਾਨਾ ਕਰ ਦੇਣਾ ਪ੍ਰਵਾਨ ਕਰ ਲਿਆ। ਜਸਵਾਂ, ਦੀਪਾਲਪੁਰ, ਅਨਾਰਪੁਰ, ਹਰੀਪੁਰ, ਦਾਤਾਰਪੁਰ ਤੇ ਜੇਠੋਵਾਲ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਆਪਣੇ ਅਧੀਨ ਕਰ ਲਈਆਂ। ਇਨ੍ਹਾਂ ਤੋਂ ਦੋ ਲੱਖ ਰੁਪਏ ਸਾਲਾਨਾ ਕਰ ਆਉਂਦਾ ਸੀ। ਇਨ੍ਹਾਂ ਜਿੱਤਾਂ ਨਾਲ ਉਸ ਦੇ ਰਾਜ ਦੀਆਂ ਹੱਦਾਂ ਦੂਰ ਦੂਰ ਤੀਕ ਵਧ ਗਈਆਂ। ਬਿਆਸ ਅਤੇ ਰਾਵੀ ਦੇ ਵਿਚਕਾਰ ਦਾ ਸਾਰਾ ਇਲਾਕਾ ਅਤੇ ਜਲੰਧਰ ਦੁਆਬੇ ਦਾ ਮੈਦਾਨੀ ਇਲਾਕਾ ਉਸ ਦੇ ਰਾਜ ’ਚ ਸ਼ਾਮਲ ਸੀ। ਉਸ ਨੇ ਸ੍ਰੀ ਹਰਿਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾਇਆ, ਜੋ ਕਿ ਜਿੱਤੇ ਇਲਾਕਿਆਂ ਦੇ ਐਨ ਵਿਚਕਾਰ ਸੀ। ਪਹਿਲਾਂ ਰਾਮਗੜ੍ਹ ਰਾਜਧਾਨੀ ਸੀ।

ਪਹਾੜੀ ਰਿਆਸਤਾਂ ਰਿਆੜਕੀ ਅਤੇ ਦੁਆਬ ਦੀ ਜਿੱਤ ਨੇ ਜੱਸਾ ਸਿੰਘ ਦਾ ਤੇਜ ਪ੍ਰਤਾਪ ਸਿਖਰਾਂ ’ਤੇ ਪਹੁੰਚਾ ਦਿੱਤਾ। ਪਰ ਪਿੱਛੋਂ ਐਸੇ ਹਾਲਾਤ ਪੈਦਾ ਹੋ ਗਏ ਕਿ ਮਿਸਲਾਂ ਵਿੱਚ ਆਪਸੀ ਗ੍ਰਹਿ ਯੁੱਧ ਸ਼ੁਰੂ ਹੋ ਗਏ। ਪਠਾਨਕੋਟ ਨੂੰ ਲੈ ਕੇ ਇਨ੍ਹਾਂ ਵਿੱਚ ਅਣਬਣ ਹੋ ਗਈ। ਭੰਗੀਆਂ ਨੇ ਪਠਾਨਕੋਟ ’ਤੇ ਧਾਵਾਂ ਬੋਲ ਦਿੱਤਾ। ਤਵੀ ਨਦੀ ਦੇ ਨੇੜੇ ਲੜਾਈ ਹੋਈ। ਭੰਗੀ, ਰਾਮਗੜ੍ਹੀਏ. ਰਣਜੀਤ ਦਿਓ ਤੇ ਪੀਰ ਮੁਹੰਮਦ ਚੱਠਾ ਇੱਕ ਪਾਸੇ ਕਨ੍ਹੱਈਏ, ਆਹਲੂਵਾਲੀਏ ਤੇ ਸ਼ੁਕਰਚੱਕੀਏ ਦੂਜੇ ਪਾਸੇ। ਅਖ਼ੀਰ ਭੰਗੀਆਂ ਦੀ ਹਾਰ ਹੋਈ। ਇਸ ਦਾ ਸਭ ਤੋਂ ਮਾੜਾ ਸਿੱਟਾ ਇਹ ਨਿਕਲਿਆ ਕਿ ਆਹਲੂਵਾਲੀਏ ਤੇ ਸ਼ੁਕਰਚਕੀਏ, ਜੱਸਾ ਸਿੰਘ ਦੇ ਪੱਕੇ ਦੁਸ਼ਮਣ ਬਣ ਗਏ। ਆਪਣੀ ਸ਼ਾਨ ਨੂੰ ਘੱਟਦੇ ਵੇਖ ਕੇ ਜੱਸਾ ਸਿੰਘ ਨੇ ਕਪੂਰਥਲਾ ਦੇ ਰਾਇ ਨੂੰ ਚੁੱਕਿਆ ਕਿ ਉਹ ਆਹਲੂਵਾਲੀਏ ਨੂੰ ਕਰ ਦੇਣ ਤੋਂ ਇਨਕਾਰ ਕਰ ਦੇਵੇ ਪਰ ਜੱਸਾ ਸਿੰਘ ਦੀ ਇਹ ਚਾਲ ਸਫ਼ਲ ਨਾ ਹੋ ਸਕੀ ਕਿਉਂਕਿ ਆਹਲੂਵਾਲੀਏ ਨੇ ਆਪਣੀ 30 ਹਜ਼ਾਰ ਫ਼ੌਜ ਨਾਲ ਕਪੂਰਥਲੇ ’ਤੇ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕਰ ਲਿਆ। ਆਹਲੂਵਾਲੀਆ ਅਜਿਹੇ ਮੌਕੇ ਦੀ ਭਾਲ ’ਚ ਸੀ ਕਿ ਉਹ ਰਾਮਗੜ੍ਹੀਆ ਪਾਸੋਂ ਇਸ ਦਾ ਬਦਲਾ ਲਵੇ। 1775 ਈ. ’ਚ ਬਿਆਸ ਕੰਢੇ ਜ਼ਹੂਰੇ ਪਿੰਡ ’ਚ ਮੁਠਭੇੜ ਹੋਈ, ਜਿਸ ’ਚ ਜੱਸਾ ਸਿੰਘ ਰਾਮਗੜ੍ਹੀਆ, ਆਹਲੂਵਾਲੀਏ ਦੀ ਗੋਲੀ ਨਾਲ ਫੱਟੜ ਹੋ ਗਿਆ ਤੇ ਇਹ ਇਲਾਕਾ ਰਾਮਗੜ੍ਹੀਆ ਹੱਥੋਂ ਨਿਕਲ ਗਿਆ।

ਇੱਕ ਵਾਰੀ ਜੱਸਾ ਸਿੰਘ ਆਹਲੂਵਾਲੀਆ ਸ਼ਿਕਾਰ ਖੇਡਦਾ ਨੰਗਲ ਪਿੰਡ ਨੇੜੇ ਆ ਨਿਕਲਿਆ। ਜੱਸਾ ਸਿੰਘ ਰਾਮਗੜ੍ਹੀਏ ਦੇ ਭਰਾ ਮਾਲੀ ਸਿੰਘ ਨੇ ਆਹਲੂਵਾਲੀਏ ’ਤੇ ਹਮਲਾ ਕਰਕੇ ਉਸ ਨੂੰ ਫੱਟੜ ਕਰਕੇ ਕੈਦ ਕਰ ਲਿਆ ਤੇ ਉਸ ਨੂੰ ਸ੍ਰੀ ਹਰਿਗੋਬਿੰਦਪੁਰ ਲੈ ਗਿਆ। ਇਸ ਘਟਨਾ ਨਾਲ ਸਾਰੇ ਸਰਦਾਰ ਰਾਮਗੜ੍ਹੀਏ ਦੇ ਵਿਰੁੱਧ ਹੋ ਗਏ। ਇਸ ਖਿਚੋਤਾਣ ਵਿੱਚ ਰਾਮਗੜ੍ਹੀਆ ਤੇ ਸ਼ੁਕਰਚਕੀਆ ਵਿੱਚ ਲੜਾਈ ਹੋ ਗਈ ਤੇ ਜੱਸਾ ਸਿੰਘ ਨੇ ਚੜ੍ਹਤ ਸਿੰਘ ਨੂੰ ਹਰਾ ਦਿੱਤਾ ਤੇ ਉਸ ਦੀਆਂ ਬੰਦੂਕਾਂ ਤੇ ਹੋਰ ਬਹੁਤ ਸਾਰਾ ਜੰਗੀ ਸਮਾਨ ਕਾਬੂ ਕਰ ਲਿਆ।

1776 ਈ. ਵਿੱਚ ਰਾਮਗੜ੍ਹੀਏ ਸਰਦਾਰ ਨੂੰ ਖ਼ਤਮ ਕਰਨ ਲਈ ਆਹਲੂਵਾਲੀਏ ਨੇ ਬਾਕੀ ਸਰਦਾਰਾਂ ਕੋਲੋਂ ਮਦਦ ਮੰਗੀ। ਚੜ੍ਹਤ ਸਿੰਘ ਸ਼ੁਕਰਚੱਕੀਏ ਤੇ ਜੈ ਸਿੰਘ ਕਨ੍ਹੱਈਏ ਤੋਂ ਇਲਾਵਾ ਭੰਗੀ ਸਰਦਾਰ ਵੀ ਆਹਲੂਵਾਲੀਆ ਦੀ ਮਦਦ ਲਈ ਆ ਗਏ। ਇਨ੍ਹਾਂ ਚੋਹਾਂ ਮਿਸਲਾਂ ਦੀਆਂ ਸਾਂਝੀਆਂ ਫੌਜਾਂ ਨੇ ਸ੍ਰੀ ਹਰਿਗੋਬਿੰਦਪੁਰ ’ਤੇ ਹਮਲਾ ਕੀਤਾ। ਰਾਮਗੜ੍ਹੀਆ ਦੀ ਪੇਸ਼ ਨਾ ਗਈ ਤੇ ਉਸ ਨੇ ਸ਼ਹਿਰ ਖਾਲੀ ਕਰ ਦਿੱਤਾ। ਇਸ ਪਿੱਛੋਂ ਉਨ੍ਹਾਂ ਬਟਾਲੇ ’ਤੇ ਕਬਜ਼ਾ ਕੀਤਾ। ਇਸ ਪਿੱਛੋਂ ਕਲਾਨੌਰ ’ਤੇ ਧਾਵਾ ਬੋਲਿਆ। ਇਸ ਲੜਾਈ ਵਿੱਚ ਜੱਸਾ ਸਿੰਘ ਦਾ ਛੋਟਾ ਭਰਾ ਤਾਰਾ ਸਿੰਘ ਮਾਰਿਆ ਗਿਆ ਤੇ ਇਸ ਦਾ ਕਬਜ਼ਾ ਹਕੀਕਤ ਸਿੰਘ ਕਨ੍ਹੱਈਏ ਨੂੰ ਦੇ ਦਿੱਤਾ। ਇਸ ਪਿੱਛੋਂ ਸਾਂਝੀਆਂ ਫੌਜਾਂ ਨੇ ਨਾ ਕੇਵਲ ਉਸ ਨੂੰ ਉਸ ਦੇ ਇਲਾਕੇ ’ਚੋਂ ਕੱਢ ਦਿੱਤਾ ਸਗੋਂ ਸਤਲੁਜ ਤੋਂ ਪਾਰ ਜਾਣ ਲਈ ਮਜਬੂਰ ਕਰ ਦਿੱਤਾ।

ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਰਿਆਸਤ ਪਟਿਆਲਾ ਨੂੰ ਆਪਣੇ ਅਧੀਨ ਕਰਨ ਲਈ ਹਮਲਾ ਕਰ ਦਿੱਤਾ। ਜਦੋਂ ਸ਼ਾਹੀ ਫ਼ੌਜਾਂ ਕਰਨਾਲ ਨੇੜੇ ਪੁੱਜੀਆਂ ਤਾਂ ਕਈ ਸਰਦਾਰ ਜਿਵੇਂ ਸਾਹਿਬ ਸਿੰਘ ਕਾਂਡੀ, ਦੀਵਾਨ ਸਿੰਘ, ਬਘੇਲ ਸਿੰਘ ਅਤੇ ਦੇਸਾ ਸਿੰਘ ਕੈਂਥਲੀਆ ਆਦਿ, ਜਿਨ੍ਹਾਂ ਦੀ ਰਾਜਾ ਅਮਰ ਸਿੰਘ ਨਾਲ ਲੱਗਦੀ ਸੀ, ਵੀ ਮੁਗ਼ਲ ਫ਼ੌਜ ਦੀ ਮਦਦ ਲਈ ਆ ਗਏ। ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦਾ ਪੁੱਤਰ ਜੋਧ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਵੀ ਉਸ ਦੀ ਸਹਾਇਤਾ ਲਈ ਪੁੱਜ ਗਏ। ਰਾਜਾ ਅਮਰ ਸਿੰਘ ਦੀਆਂ ਫੌਜਾਂ ਨੂੰ ਭਾਰੀ ਜਿੱਤ ਹੋਈ ਤੇ ਪਾਨੀਪਤ ਵੱਲ ਨੂੰ ਭੱਜੀਆਂ ਜਾਂਦੀਆਂ ਸ਼ਾਹੀ ਫ਼ੌਜਾਂ ਦਾ ਪਿੱਛਾ ਕਰਕੇ ਸਿੱਖਾਂ ਨੇ ਲੁੱਟ ਦੇ ਮਾਲ ਨਾਲ ਖੂਬ ਹੱਥ ਰੰਗੇ।

ਜੱਸਾ ਸਿੰਘ ਰਾਮਗੜ੍ਹੀਆ ਨੇ ਬਘੇਲ ਸਿੰਘ ਅਤੇ ਗੁਰਦਿੱਤ ਸਿੰਘ ਦੀ ਸਹਾਇਤਾ ਨਾਲ ਤੀਹ ਹਜ਼ਾਰ ਫੌਜ ਲੈ ਕੇ ਮੁਜ਼ਫਰਪੁਰ ਤੇ ਮੀਰਾਂਪੁਰ ਦੇ ਇਲਾਕੇ ਵਿਚ ਲੁੱਟ-ਮਾਰ ਕੀਤੀ ਤੇ ਫਿਰ ਮੇਰਠ ਸ਼ਹਿਰ ਵਿਚ ਜਾ ਨਿਕਲੇ। ਇਸ ਇਲਾਕੇ ਦੇ ਜ਼ਬੀਤਾ ਖ਼ਾਨ ਨੂੰ ਘੇਰ ਲਿਆ ਤੇ ਦਸ ਹਜ਼ਾਰ ਰੁਪਏ ਕਰ ਵਸੂਲ ਲਿਆ। ਇੱਥੋਂ ਅੱਗੇ ਜੱਸਾ ਸਿੰਘ ਤੇ ਬਘੇਲ ਸਿੰਘ ਦੀਆਂ ਫੌਜਾਂ ਨੇ ਉੱਤਰ ਪ੍ਰਦੇਸ਼ ਦੇ ਉੱਘੇ ਵਪਾਰਕ ਕੇਂਦਰ ਚੌਣਸੀ ’ਤੇ ਹਮਲਾ ਕੀਤਾ, ਜਿੱਥੋਂ ਕਈ ਲੱਖ ਰੁਪਿਆ ਉਨ੍ਹਾਂ ਦੇ ਹੱਥ ਲੱਗਾ।

ਕੁਝ ਸਮੇਂ ਬਾਅਦ ਸਿੱਖ ਸਰਦਾਰਾਂ ਨੇ ਦਿੱਲੀ ਉਪਰ ਧਾਵਾ ਕਰਨ ਦਾ ਮਤਾ ਪਾਸ ਕੀਤਾ। ਮਾਰਚ 1783 ਵਿੱਚ ਸਿੱਖ ਦਿੱਲੀ ਵਿੱਚ ਦਾਖਲ ਹੋਏ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜਾ ਉਨ੍ਹਾਂ ਦੇ ਮੁਕਾਬਲੇ ਲਈ ਤਿਆਰ ਨਹੀਂ ਸੀ। ਇਸ ਲਈ ਸਿੱਖ ਕਈ ਦਿਨ ਦਿੱਲੀ ਦੇ ਮਾਲਕ ਬਣੇ ਰਹੇ। ਜੱਸਾ ਸਿੰਘ ਰਾਮਗੜ੍ਹੀਆ ਹੋਰ ਸਰਦਾਰਾਂ ਤੋਂ ਵੱਖਰੇ ਹੋ ਕੇ ਹਮਲੇ ਕਰਦਾ ਰਿਹਾ। ਪਹਿਲਾਂ ਉਸ ਨੇ ਮੁਗ਼ਲਪੁਰੀ ਖ਼ਤਮ ਕੀਤਾ ਤੇ ਫਿਰ ਲਾਲ ਕਿਲ੍ਹੇ ਜਾ ਵੜਿਆ। ਉੱਥੋਂ ਧਨ ਤੋਂ ਇਲਾਵਾ ਮੁਗ਼ਲ ਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਤੇ ਮੁਗ਼ਲਾਂ ਦੇ ਤਾਜਪੋਸ਼ੀ ਵਾਲੀ ਰੰਗ-ਬਰੰਗੇ ਪੱਥਰ ਦੀ ਇੱਕ ਸੁੰਦਰ ਸਿੱਲ ਹੱਥ ਲੱਗੀ। ਇਹ 6 ਫੁੱਟ ਲੰਬੀ, 4 ਫੁੱਟ ਚੌੜੀ ਤੇ 9 ਇੰਚ ਮੋਟੀ ਸਿੱਲ ਇਸ ਸਮੇਂ ਰਾਮਗੜ੍ਹੀਏ ਬੁੰਗੇ ਵਿੱਚ ਪਈ ਹੈ।

1783 ਈ. ਵਿੱਚ ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਿਆ। ਜੱਸਾ ਸਿੰਘ ਰਾਮਗੜ੍ਹੀਆ ਨੇ ਵਾਪਸ ਪੰਜਾਬ ਆ ਕੇ ਆਪਣੇ ਇਲਾਕੇ ਮੁੜ ਪ੍ਰਾਪਤ ਕਰ ਲਏ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ’ਤੇ 1799 ਈ. ਵਿੱਚ ਮੁੜ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਦੇ ਉੱਘੇ ਕਿਲ੍ਹੇ ਮਿਆਣੀ ਉਪਰ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਲੜਾਈ ਵਿੱਚ ਭਾਗ ਸਿੰਘ ਆਹਲੂਵਾਲੀਆ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕੀਤੀ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਦਾ ਬਦਲਾ ਲੈਣ ਲਈ ਆਹਲੂਵਾਲੀਆ ਸਰਦਾਰ ਦੇ ਇਲਾਕੇ ’ਤੇ ਹੱਲਾ ਬੋਲ ਦਿੱਤਾ। ਕਾਂਗੜੇ ਦਾ ਰਾਜਾ ਸੰਸਰ ਚੰਦ ਕਟੋਚ ਵੀ ਮਹਾਰਾਜਾ ਰਣਜੀਤ ਸਿੰਘ ਦੀ ਵਧਦੀ ਤਾਕਤ ਤੋਂ ਖ਼ਤਰਾ ਮਹਿਸੂਸ ਕਰਦਾ ਸੀ। ਉਸ ਨੇ ਵੀ ਜੱਸਾ ਸਿੰਘ ਰਾਮਗੜ੍ਹੀਆ ਦਾ ਸਾਥ ਦਿੱਤਾ। ਭਾਗ ਸਿੰਘ ਆਹਲੂਵਾਲੀਆ ਨੇ ਆਪਣੇ ਜਰਨੈਲ ਹਮੀਰ ਸਿੰਘ ਨੂੰ ਭੇਜਿਆ ਪਰ ਹਮੀਰ ਸਿੰਘ ਨੂੰ ਇਸ ਲੜਾਈ ਵਿੱਚ ਹਾਰ ਹੋਈ ਤੇ ਉਹ ਜ਼ਖ਼ਮੀ ਹੋ ਗਿਆ। ਫਗਵਾੜਾ ਪਹੁੰਚ ਕੇ ਆਹਲੂਵਾਲੀਆ ਸਰਦਾਰ ਕੁਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ। 80 ਸਾਲ ਦੀ ਉਮਰ ਭੋਗ ਕੇ 1803 ਈ. ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਕਾਲ ਚਲਾਣਾ ਕਰ ਗਿਆ।

ਸੰਪਰਕ: 94175-33060

Advertisement
×