DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੇਵਾ ਭਾਵਨਾ ਨਾਲ ਗੁਰੂ ਘਰ ਦਾ ਅੰਗ ਬਣਨ ਵਾਲੇ ਗੁਰੂ ਅੰਗਦ ਦੇਵ ਜੀ

        ਰਮੇਸ਼ ਬੱਗਾ ਚੋਹਲਾ ਪਾਰਸ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰ ਕਹਣਾ। ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤਿ ਵਿਚਿ ਰਹਣਾ। ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ। ਉੱਚ-ਕੋਟੀ ਦੇ ਕਵੀ ਅਤੇ ਗੁਰੂ ਕਾਲ ਦੇ ਪ੍ਰਬੁੱਧ...
  • fb
  • twitter
  • whatsapp
  • whatsapp
Advertisement

Advertisement

ਰਮੇਸ਼ ਬੱਗਾ ਚੋਹਲਾ

ਪਾਰਸ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰ ਕਹਣਾ।

ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤਿ ਵਿਚਿ ਰਹਣਾ।

ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ।

ਉੱਚ-ਕੋਟੀ ਦੇ ਕਵੀ ਅਤੇ ਗੁਰੂ ਕਾਲ ਦੇ ਪ੍ਰਬੁੱਧ ਦਾਰਸ਼ਨਿਕ ਭਾਈ ਗੁਰਦਾਸ ਜੀ ਦੀਆਂ ਕਲਮਬੰਧ ਕੀਤੀਆਂ ਇਹ ਪੰਕਤੀਆਂ ਇਸ ਗੱਲ ਦੀਆਂ ਹਾਮੀ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਕੇ ਭਾਈ ਲਹਿਣਾ ਜੀ ਵਰਗੇ ਸੇਵਾ ਦੇ ਪੁੰਜ ਨਾ ਸਿਰਫ ਪਾਰਸ ਹੀ ਸਾਬਤ ਹੋਏ, ਸਗੋਂ ਆਪਣੇ ਆਗਿਆਕਾਰੀ ਸੁਭਾਅ ਸਦਕਾ ਉਹ ਮਹਾਨ ਰੁਤਬਾ ਵੀ ਹਾਸਲ ਕਰ ਗਏ, ਜਿਸ ਦੀ ਬਦੌਲਤ ਉਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਅੰਗ ਸਮਝ ਕੇ ਵਡਿਆਇਆ ਅਤੇ ਸਲਾਹਿਆ ਜਾਂਦਾ ਹੈ।

ਭਾਈ ਲਹਿਣਾ ਜੀ ਦਾ ਪਿਛੋਕੜ ਭਾਵੇਂ ਇੱਕ ਦੇਵੀ ਪੂਜਕ ਵਜੋਂ ਹੀ ਜਾਣਿਆਂ ਜਾਂਦਾ ਹੈ, ਪਰ ਉਨ੍ਹਾਂ ਵੱਲੋਂ ਕੀਤੀ ਗਈ ਸ਼ਬਦ ਦੀ ਕਮਾਈ ਅਤੇ ਗੁਰੂ ਬਾਬੇ ਦੀ ਬੇਲਾਗ ਸੇਵਾ ਨੇ ਉਨ੍ਹਾਂ ਦੇ ਵਿਅਕਤੀਤਵ ਵਿੱਚ ਚੰਦਨ ਜਿਹੀ ਮਹਿਕ ਪੈਦਾ ਕਰ ਦਿੱਤੀ। ਭਾਈ ਸਾਹਿਬ ਨੂੰ ਚੰਦਨ ਦੇ ਬ੍ਰਿਛ ਰੂਪੀ ਗੁਰੂ ਨਾਨਕ ਸਾਹਿਬ ਦੀ ਛਾਵੇਂ ਬਹਿਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਸ ਸੁਭਾਗ ਸਦਕਾ ਹੀ ਭਾਈ ਲਹਿਣਾ ਜੀ ਨੇ ਗੁਰੂ ਉਪਦੇਸ਼ ਦੀ ਰਹਿਤ-ਬਹਿਤ ਨੂੰ ਆਪਣੀ ਤਰਜ਼-ਏ-ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਲਿਆ ਸੀ।

ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਦਾ ਅਵਤਾਰ 5 ਵਿਸਾਖ 1561 ਬਿੱਕਰਮੀ ਨੂੰ ਮੱਤੇ ਦੀ ਸਰਾਂ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਮਾਤਾ ਦਇਆ ਕੌਰ ਅਤੇ ਪਿਤਾ ਫੇਰੂ ਮੱਲ ਜੀ ਦੇ ਘਰ ਹੋਇਆ। ਭਾਈ ਫੇਰੂ ਮੱਲ ਨੂੰ ਕਿਸੇ ਕਾਰਨ ਇਸ ਪਿੰਡ ਨੂੰ ਅਲਵਿਦਾ ਕਹਿਣੀ ਪਈ, ਜਿਸ ਕਰਕੇ ਇਸ ਪਿੰਡ ਵਿੱਚ ਭਾਈ ਲਹਿਣਾ ਜੀ ਦੀ ਠਹਿਰ ਥੋੜ੍ਹਚਿਰੀ ਹੀ ਹੈ। ਇਸ ਅਲਵਿਦਾ ਤੋਂ ਬਾਅਦ ਭਾਈ ਲਹਿਣਾ ਜੀ ਪਰਿਵਾਰ ਸਮੇਤ ਖਡੂਰ ਸਾਹਿਬ (ਅੰਮ੍ਰਿਤਸਰ) ਆ ਗਏ। ਗੁਰੂ ਪਰਿਵਾਰ ਦੀ ਆਮਦ ਅਤੇ ਵਿਸ਼ੇਸ਼ ਦੇਣ ਸਦਕਾ ਖਡੂਰ ਸਾਹਿਬ ਪੂਜਨੀਕ ਸਥਾਨ ਬਣ ਗਿਆ।

ਗੁਰੂ ਅੰਗਦ ਦੇਵ ਜੀ ਦਾ ਵਿਆਹ ਖਡੂਰ ਸਾਹਿਬ ਨੇੜਲੇ ਪਿੰਡ ਸੰਘਰ ਦੇ ਵਸਨੀਕ ਭਾਈ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਪੁੱਤਰ ਭਾਈ ਦਾਤੂ ਤੇ ਦਾਸੂ ਜੀ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੌਖੀ ਨੇ ਜਨਮ ਲਿਆ। ਗੁਰੂ ਨਾਨਕ ਪਾਤਸ਼ਾਹ ਦੇ ਅੰਗ ਲੱਗਣ ਤੋਂ ਪਹਿਲਾਂ ਭਾਈ ਲਹਿਣਾ ਜੀ ਵੈਸ਼ਨੋ ਦੇਵੀ ਦੇ ਭਗਤ ਸਨ। ਉਹ ਹਰ ਸਾਲ ਮਾਤਾ ਦੇ ਦਰਸ਼ਨ ਦੀਦਾਰੇ ਲਈ ਜਥਾ ਲੈ ਕੇ ਜਾਇਆ ਕਰਦੇ ਸਨ। ਇਹ ਸਿਲਸਿਲਾ ਲਗਾਤਾਰ ਕਈ ਸਾਲ ਚੱਲਦਾ ਰਿਹਾ।

ਇਸ ਸਿਲਸਿਲੇ ਵਿੱਚ ਖੜੋਤ ਉਦੋਂ ਆਈ ਜਦੋਂ ਭਾਈ ਲਹਿਣਾ ਜੀ ਦਾ ਮਿਲਾਪ ਖਡੂਰ ਸਾਹਿਬ ਦੇ ਰਹਿਣ ਵਾਲੇ ਭਾਈ ਜੋਧ ਸਿੰਘ ਨਾਲ ਹੋਇਆ। ਭਾਈ ਜੋਧ ਜਿੱਥੇ ਨੇਕ ਦਿਲ ਇਨਸਾਨ ਸਨ, ਉੱਥੇ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਪ੍ਰੀਤਵਾਨ ਵੀ ਸਨ। ਆਪਣੀ ਪ੍ਰੀਤ ਦਾ ਸਬੂਤ ਉਹ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਗੁਰੂ ਨਾਨਕ ਦੇਵ ਜੀ ਦੀ ਰਸਭਿੰਨੀ ਬਾਣੀ ਪੜ੍ਹ ਕੇ ਦਿਆ ਕਰਦੇ ਸਨ। ਇੱਕ ਦਿਨ ਭਾਈ ਲਹਿਣਾ ਜੀ ਦੇ ਕੰਨੀਂ ਇਸ ਇਲਾਹੀ ਬਾਣੀ ਦੀ ਆਵਾਜ਼ ਪੈ ਗਈ। ਇਸ ਬਾਣੀ ਦੀ ਖਿੱਚ ਸਦਕਾ ਉਨ੍ਹਾਂ ਦੇ ਕਦਮ ਭਾਈ ਜੋਧ ਸਿੰਘ ਜੀ ਦੇ ਘਰ ਵੱਲ ਮੁੜ ਗਏ। ਭਾਈ ਜੋਧ ਨੇ ਖਿੜੇ ਮੱਥੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਜਲ ਪਾਨ ਵੀ ਕਰਵਾਇਆ। ਜਦੋਂ ਭਾਈ ਲਹਿਣਾ ਜੀ ਨੇ ਭਾਈ ਜੋਧ ਕੋਲੋਂ ਉਸ ਰਸੀਲੀ ਬਾਣੀ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਇਹ ਬਾਣੀ ਨਿਰੰਕਾਰੀ ਜੋਤ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ’ਚੋਂ ਉਚਾਰਣ ਕੀਤੀ ਹੋਈ ਹੈ, ਜਿਹੜੀ ਮਨੁੱਖਤਾ ਨੂੰ ਸੁਚੱਜੀ ਜੀਵਨ ਜਾਂਚ ਬਾਰੇ ਗਿਆਤ ਕਰਵਾਉਂਦੀ ਹੈ। ਭਾਈ ਜੋਧ ਨੇ ਇਹ ਵੀ ਦੱਸਿਆ ਕਿ ਨਾਨਕ ਨਾਮ ਲੇਵਾ ਸੰਗਤ ਇਸ ਬਾਣੀ ਨੂੰ ਜੀਵਨ ਆਧਾਰ ਸਮਝ ਕੇ ਪੜ੍ਹਦੀ ਹੈ। ਹੁਣ ਭਾਈ ਜੋਧ ਦੇ ਘਰ ਜਾ ਕੇ ਬਾਣੀ ਸੁਣਨਾ ਉਨ੍ਹਾਂ ਦਾ ਨਿਤਨੇਮ ਬਣ ਗਿਆ। ਬਾਣੀ ਪੜ੍ਹਦਿਆਂ-ਸੁਣਦਿਆਂ ਅਜਿਹਾ ਅਸਰ ਹੋਇਆ ਕਿ ਬਾਣੀਕਾਰ ਦੇ ਦਰਸ਼ਨਾਂ ਦੀ ਤਾਂਘ ਵੀ ਜਾਗ ਪਈ। ਇਸ ਤਾਂਘ ਦੀ ਤੀਬਰਤਾ ਸਦਕਾ ਭਾਈ ਲਹਿਣਾ ਜੀ ਨੇ ਕਰਤਾਰਪੁਰ ਸਾਹਿਬ ਜਾਣ ਦਾ ਮਨ ਬਣਾ ਲਿਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ:

ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ

ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ।

ਕਰਤਾਰਪੁਰ ਸਾਹਿਬ ਜਾਂਦਿਆਂ ਭਾਈ ਲਹਿਣਾ ਜੀ ਘੋੜੀ ’ਤੇ ਸਵਾਰ ਸਨ ਪਰ ਗੁਰੂ ਸਾਹਿਬ ਪੈਦਲ ਤੁਰੇ ਆ ਰਹੇ ਸਨ। ਭਾਈ ਸਾਹਿਬ ਦੇ ਮਨ ਮੰਦਰ ਵਿੱਚ ਤਰੰਗਾਂ ਛਿੜ ਪਈਆਂ:

ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ।।

ਜੋ ਤੂੰ ਦੇਹਿ ਸੋਈ ਸੁਖੁ ਸਹਣਾ।।

ਇੱਧਰ ਬਾਬੇ ਨੂੰ ਚਾਅ ਸੀ ਕਿ ਉਸ ਦਾ ਲਹਿਣੇਦਾਰ ਆ ਰਿਹਾ ਹੈ। ਬਾਬੇ ਨੇ ਪੁੱਛਿਆ, ‘ਪੁਰਸ਼ਾ ਕੌਣ ਹੈਂ ਤੂੰ?’ ਜਵਾਬ ਸੀ, ‘ਜੀ ਮੈਂ ਲਹਿਣਾ।’ ਗੁੱਝੀ ਰਮਜ਼ ਦਿੰਦਿਆਂ ਗੁਰੂ ਜੀ ਨੇ ਕਿਹਾ ਕਿ ਠੀਕ ਹੈ ਭਾਈ ਲੈਣੇਦਾਰ ਘੋੜੀਆਂ ’ਤੇ ਸਵਾਰ ਹੋ ਕੇ ਹੀ ਆਇਆ ਕਰਦੇ ਸਨ ਅਤੇ ਦੇਣਦਾਰ ਪੈਦਲ ਹੀ। ਭਾਈ ਲਹਿਣਾ ਜੀ ਨੂੰ ਆਪਣੇ ਬੀਤੇ ’ਤੇ ਬੜਾ ਅਫਸੋਸ ਹੋਇਆ, ਪਰ ਡੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਸੀ ਵਿਗੜਿਆ। ਬਾਬੇ ਦੇ ਦਰਸ਼ਨ ਨਾਲ ਤਨ-ਮਨ ਨਿਹਾਲ ਹੋ ਗਿਆ। ਮੰਝਦਾਰ ਵਿੱਚ ਫਸੀ ਕਿਸ਼ਤੀ ਨੂੰ ਜਿਵੇਂ ਕਿਨਾਰਾ ਮਿਲ ਗਿਆ ਹੋਵੇ। ਇਹ ਮੁਲਾਕਾਤ ਜੀਵਨ ਲਈ ਇੱਕ ਨਵੀਂ ਸਵੇਰ ਬਣ ਗਈ। ਇਸ ਦਿਨ ਤੋਂ ਹੀ ਭਾਈ ਲਹਿਣੇ ਤੋਂ ਅੰਗਦ (ਗੁਰੂ) ਬਣਨ ਦਾ ਸਫਰ ਆਰੰਭ ਹੋ ਗਿਆ। ਸੇਵਾ ਤੇ ਸਿਮਰਨ ਇਸ ਸਫਰ ਦੀ ਰਾਹਦਾਰੀ ਬਣ ਗਏ ਕਿਉਂਕਿ:

ਸਤਿਗੁਰੁ ਸੇਵੇ ਤਾਂ ਸਭ ਕਿਛੁ ਪਾਏ।।

ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ।।

ਭਾਈ ਲਹਿਣਾ ਜੀ ਦੇ ਪੂਰਬਲੇ ਭਾਗ ਜਾਗੇ। ਦੇਰੀ ਦਰੁਸਤੀ ਵਿੱਚ ਬਦਲ ਗਈ। ਗੁਰੂ ਬਾਬੇ ਨੇ ਗਲ ਨਾਲ ਲਾ ਲਿਆ। ਰਾਤ-ਦਿਨ ਹਜ਼ੂਰ ਦੀ ਸੇਵਾ ਵਿੱਚ ਬਤੀਤ ਹੋਣ ਲੱਗਾ। ਰਾਤ ਦਿਨ ਹਜ਼ੂਰ ਦੀ ਸੇਵਾ ਵਿੱਚ ਬਤੀਤ ਹੋਣ ਲੱਗਾ।

ਗੁਰੂ ਨਾਨਕ ਦਰਬਾਰ ਵਿੱਚ ਉਸ ਸਮੇਂ ਬਾਬਾ ਬੁੱਢਾ ਜੀ, ਭਾਈ ਭਗੀਰਥ, ਭਾਈ ਮਨਮੁੱਖ ਅਤੇ ਭਾਈ ਸਧਾਰਨ ਵਰਗੇ ਕਈ ਪ੍ਰਮੁੱਖ ਸੇਵਕ ਸਨ, ਪਰ ਭਾਈ ਲਹਿਣਾ ਜੀ ਦੀ ਸੇਵਾ ਬਾਬੇ ਦੇ ਮਨ ਭਾਅ ਗਈ।

ਜਿਸ ਤਰ੍ਹਾਂ ਨਦੀ ਸਮੁੰਦਰ ਵਿੱਚ ਡਿੱਗ ਕੇ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ, ਉਸੇ ਤਰ੍ਹਾਂ ਭਾਈ ਲਹਿਣਾ ਜੀ ਦਾ ਨਿੱਜੀਤਵ ਵੀ ਆਪਣੇ ਗੁਰੂ ਵਿੱਚ ਸਮਾ ਗਿਆ। ਅੱਠ ਸਾਲ ਦੀ ਸਖ਼ਤ ਘਾਲਣਾ ਤੋਂ ਬਾਅਦ ਅਤੇ ਪਰਖ ਦੀ ਕਸਵੱਟੀ ’ਤੇ ਖਰਾ ਉਤਰਨ ਤੋਂ ਬਾਅਦ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦਾ ਅਨਿੱਖੜਵਾਂ ਅੰਗ ਭਾਵ ਗੁਰੂ ਅੰਗਦ ਦੇਵ ਜੀ ਬਣਨ ਵਿੱਚ ਸਫਲ ਹੋ ਗਏ। ਇਸ ਸਫਲਤਾ ਦਾ ਆਧਾਰ ਉਨ੍ਹਾਂ ਦੀ ਯੋਗਤਾ ਤੋਂ ਇਲਾਵਾ ਗੁਰੂ ਘਰ ਪ੍ਰਤੀ ਸਹਿਯੋਗਤਾ ਵੀ ਸੀ।

ਗੁਰ ਅੰਗਦੁ ਗੁਰੁ ਅੰਗੁ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ।

ਜੋਤੀ ਜੋਤਿ ਜਗਈਅਨੁ ਦੀਵੇ ਤੇ ਜਿਉ ਦੀਵਾ ਬਲਿਆ।

ਜੋ ਅੰਗਿਆ ਗਿਆ, ਉਹ ਪਿੱਛੇ ਨਹੀਂ ਪਰਤਦਾ। ਉਹ ਜੂਝਣ ਲਈ ਸਦਾ ਤਤਪਰ ਵਿਖਾਈ ਦਿੰਦਾ ਹੈ। ਭਗਤ ਕਬੀਰ ਜੀ ਦੇ ਬਚਨ ਨੇ:

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ।।

ਗੁਰੂ ਨਾਨਕ ਦੇਵ ਜੀ ਦੇ ਗੁਰਪੁਰੀ ਪਿਆਨਾ ਕਰ ਜਾਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਬਾਬੇ ਨਾਨਕ ਦੀ ਸੋਚ ’ਤੇ ਪਹਿਰਾ ਦਿੰਦਿਆਂ ਸਰਬਤ ਦੇ ਭਲੇ ਲਈ ਕਈ ਅਜਿਹੇ ਕਾਰਜ ਵਿੱਢੇ, ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਬਾਬਤ ਪਹਿਲੀ ਜਨਮ ਸਾਖੀ ਲਿਖਵਾਈ। ਪੰਜਾਬੀ ਬੋਲੀ ਦੇ ਵਿਕਾਸ ਲਈ ਗੁਰਮੁੱਖੀ ਲਿਪੀ ਨੂੰ ਨਾ ਸਿਰਫ ਮਾਂਜਿਆਂ-ਸੰਵਾਰਿਆ, ਸਗੋਂ ਵੱਖ-ਵੱਖ ਆਵਾਜ਼ਾਂ ਲਈ ਵੱਖਰੇ-ਵੱਖਰੇ ਅੱਖਰਾਂ ਨੂੰ ਪ੍ਰਮਾਣਿਕ ਤੌਰ ’ਤੇ ਪੱਕਾ ਵੀ ਕੀਤਾ। ਸੰਗਤ ਲਈ ਗੁਰਬਾਣੀ ਦੇ ਗੁਟਕੇ ਤਿਆਰ ਕਰਵਾਏ। ਵਿੱਦਿਅਕ ਅਦਾਰੇ ਖੋਲ੍ਹੇ। ਸਿਹਤ ਸੰਭਾਲ ਹਿੱਤ ਕਸਰਤੀ ਅਖਾੜਿਆਂ ਦਾ ਪ੍ਰਬੰਧ ਕੀਤਾ। ਗ੍ਰਹਿਸਤ ਪ੍ਰਧਾਨ ਸਮਾਜ ਦੀ ਹਾਮੀ ਭਰੀ। ਮਨੁੱਖੀ ਏਕਤਾ ਅਤੇ ਭਾਈਚਾਰਕ ਸਾਂਝ ਲਈ ਵਡੇਰੇ ਉਪਰਾਲੇ ਕਰਨ ਦੇ ਨਾਲ-ਨਾਲ ਲੋਕਾਂ ਨੂੰ ਵਿਰਾਗਮਈ ਰੁਚੀਆਂ ਤੋਂ ਵਰਜਿਆ। ਗੁਰੂ ਨਾਨਕ ਦੇਵ ਦੇ ਵਿਅਕਤੀਤਵ ਦੀ ਗੁਰੂ ਅੰਗਦ ਦੇਵ ਜੀ ਤੇ ਇੰਨੀ ਡੂੰਘੀ ਛਾਪ ਸੀ ਕਿ ਉਨ੍ਹਾਂ ਵੱਲੋਂ ਰਚਿਤ 62 ਸਲੋਕਾਂ ਦੇ ਉਦੇਸ਼ ਦੀ ਬਾਬੇ ਨਾਨਕ ਦੇ ਸਲੋਕਾਂ ਦੇ ਉਦੇਸ਼ ਨਾਲ ਕਾਫੀ ਨੇੜਤਾ ਹੈ। ਕਈ ਥਾਵਾਂ ’ਤੇ ਸ਼ਾਬਦਿਕ ਸਾਂਝ ਵੀ ਸਪੱਸ਼ਟ ਵਿਖਾਈ ਦਿੰਦੀ ਹੈ।

ਸੰਪਰਕ: 94631-32719

Advertisement
×