DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੰਨੈ ਸੇਵਿਆ ਬਾਲ ਬੁਧਿ

ਰਮੇਸ਼ ਬੱਗਾ ਚੋਹਲਾ ਭਗਤੀ ਮਾਰਗ ਦੇ ਪਾਂਧੀਆਂ ਨੇ ਕਿਰਤ ਨਾਲ ਜੁੜ ਕੇ ਹੀ ਕਰਤਾਰ ਨਾਲ ਜੁੜਨ ਦੀ ਹਾਮੀ ਭਰੀ ਹੈ। ਭਗਤਾਂ ਨੇ ਇਹ ਹਾਮੀ ਸਿਰਫ ਗੱਲਬਾਤ ਰਾਹੀਂ ਹੀ ਨਹੀਂ, ਸਗੋਂ ਵਿਹਾਰਕ (ਹੱਥੀਂ ਕਿਰਤ ਕਰਕੇ) ਰੂਪ ਵਿਚ ਵੀ ਭਰੀ ਹੈ। ਮੱਧ...
  • fb
  • twitter
  • whatsapp
  • whatsapp
Advertisement

ਰਮੇਸ਼ ਬੱਗਾ ਚੋਹਲਾ

ਭਗਤੀ ਮਾਰਗ ਦੇ ਪਾਂਧੀਆਂ ਨੇ ਕਿਰਤ ਨਾਲ ਜੁੜ ਕੇ ਹੀ ਕਰਤਾਰ ਨਾਲ ਜੁੜਨ ਦੀ ਹਾਮੀ ਭਰੀ ਹੈ। ਭਗਤਾਂ ਨੇ ਇਹ ਹਾਮੀ ਸਿਰਫ ਗੱਲਬਾਤ ਰਾਹੀਂ ਹੀ ਨਹੀਂ, ਸਗੋਂ ਵਿਹਾਰਕ (ਹੱਥੀਂ ਕਿਰਤ ਕਰਕੇ) ਰੂਪ ਵਿਚ ਵੀ ਭਰੀ ਹੈ। ਮੱਧ ਕਾਲ ਵਿਚ ਉੱਭਰੀ ਭਗਤੀ ਲਹਿਰ ਨਾਲ ਜੁੜੇ ਭਗਤ ਸਾਹਿਬਾਨ ਸਰੀਰਕ ਤੌਰ ’ਤੇ ਕਿਰਤ ਨਾਲ ਅਤੇ ਮਾਨਸਿਕ ਤੌਰ ’ਤੇ ਪਰਮੇਸ਼ਰ ਨਾਲ ਜੁੜੇ ਰਹੇ ਹਨ। ਭਗਤੀ ਲਹਿਰ ਨਾਲ ਸਬੰਧਤ ਇਨ੍ਹਾਂ ਭਗਤਾਂ ਨੇ ਜਿੱਥੇ ਮਨੁੱਖ ਦੇ ਅਧਿਆਤਮਕ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ, ਉਥੇ ਆਪਣੇ ਸਮਾਜਿਕ ਸਰੋਕਾਰਾਂ ਨੂੰ ਵੀ ਬਣਾਈ ਰੱਖਿਆ ਹੈ। ਇਸ ਲਹਿਰ ਨਾਲ ਜੁੜੇ ਭਗਤ ਆਪਣੀ ਭਗਤੀ-ਭਾਵਨਾ ਸਦਕਾ ਅਕਾਲ ਪੁਰਖ ਦੀ ਕਿਰਪਾ ਦੇ ਵਿਸ਼ੇਸ਼ ਪਾਤਰ ਰਹੇ ਹਨ। ਇਲਾਕਾਈ ਅਤੇ ਭਾਸ਼ਾਈ ਹੱਦਬਸਤ ਤੋਂ ਉਪਰ ਉੱਠ ਕੇ ਵਿਚਰਨ ਵਾਲੇ ਇਹ ਮਹਾਂਪੁਰਖ ਆਪਣੀ ਸਰਬ ਕਲਿਆਣੀ ਸੋਚ ਸਦਕਾ ਆਪਸੀ ਭਾਈਚਾਰੇ ਅਤੇ ਬਰਾਬਰਤਾ ਦੇ ਹਾਮੀ ਰਹੇ ਹਨ। ਅਥਾਹ ਸ਼ਰਧਾ ਅਤੇ ਦ੍ਰਿੜ੍ਹ ਇਰਾਦੇ ਦੇ ਮਾਲਕ ਇਨ੍ਹਾਂ ਭਗਤਾਂ ਨੇ ਆਪਣੀ ਰੂਹ ਨੂੰ ਰੱਬੀ ਰੰਗ ਵਿਚ ਰੰਗ ਕੇ ਅਜਿਹੇ ਵਡਮੁੱਲੇ ਅਤੇ ਪਵਿੱਤਰ ਬਚਨ ਉਚਾਰਨ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਕੋਈ ਵੀ ਵਿਅਕਤੀ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਬਣਾ ਸਕਦਾ ਹੈ। ਸਮਾਜਿਕ ਅਤੇ ਸਭਿਆਚਾਰਕ ਵਖਰੇਵੇਂ ਦੇ ਬਾਵਜੂਦ ਇਨ੍ਹਾਂ ਭਗਤਾਂ ਦੀ ਟੇਕ ਹਮੇਸ਼ਾਂ ਇੱਕ ਅਕਾਲ ਪੁਰਖ ’ਤੇ ਰਹੀ ਹੈ। ਇਸ ਟੇਕ ਸਦਕਾ ਹੀ ਇਹ ਭਗਤ ਉਸ ਪਰਮ ਪਿਤਾ ਨਾਲ ਇਕਸੁਰ ਹੁੰਦੇ ਰਹੇ ਹਨ। ਸੋਚ ਪੱਖੋਂ ਉੱਚੇ ਅਤੇ ਵਿਹਾਰ ਪੱਖੋਂ ਸੁੱਚੇ ਇਨ੍ਹਾਂ ਭਗਤਾਂ ਦੀ ਚਾਲ ਸੰਸਾਰੀਆਂ ਨਾਲੋਂ ਕੁੱਝ ਨਿਰਾਲੀ ਬਣੀ ਰਹੀ ਹੈ। ਇਸ ਚਾਲ ਦੀ ਗਵਾਹੀ ਤੀਸਰੇ ਗੁਰੂ ਅਮਰਦਾਸ ਜੀ ਆਪਣੀ ਪਾਵਨ ਬਾਣੀ ਆਨੰਦ ਸਾਹਿਬ ਦੀ 14ਵੀਂ ਪਾਉੜੀ ਵਿਚ ਇਸ ਤਰ੍ਹਾਂ ਭਰਦੇ ਹਨ:

ਭਗਤਾ ਕੀ ਚਾਲ ਨਿਰਾਲੀ

Advertisement

ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ।।

ਲਬੁ ਲੋਭੁ ਅੰਹਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥

ਇਸ ਨਿਰਾਲੀ ਚਾਲ ਕਰਕੇ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਘੱਟ ਹੀ ਆਉਂਦਾ ਰਿਹਾ ਹੈ। ਇਨ੍ਹਾਂ ਬਿਖਮ ਮਾਰਗ ਦੇ ਪਾਂਧੀ ਭਗਤਾਂ ਨੂੰ ਜਦੋਂ ਕਦੇ ਸੰਸਾਰੀ ਲੋਕਾਂ ਨੇ ਸਤਾਉਣ ਜਾਂ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਪਿਆਰੇ ਭਗਤਾਂ ਦੀ ਬਾਂਹ ਪ੍ਰਭੂ ਨੇ ਅੱਗੇ ਹੋ ਕੇ ਆਪ ਫੜੀ ਹੈ। ਇਸ ਗੱਲ ਨੂੰ ਤਸਦੀਕ ਕਰਦਿਆਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਇੰਝ ਫ਼ੁਰਮਾਉਂਦੇ ਹਨ:

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥

ਸਿਦਕਦਿਲੀ ਅਤੇ ਸਮਰਪਣ ਦੀ ਭਾਵਨਾ ਨਾਲ ਕੀਤੀ ਪ੍ਰੇਮਾ-ਭਗਤੀ ਜਦੋਂ ਆਪਣੀ ਸਿਖ਼ਰ ਛੋਹ ਜਾਂਦੀ ਹੈ ਤਾਂ ਉਸ ਵੇਲੇ ਰੱਬ ਨੂੰ ਵੀ ਇਨ੍ਹਾਂ ਭਗਤਾਂ ਦੀ ਗ਼ੁਲਾਮੀ ਕਰਨੀ ਪੈ ਜਾਂਦੀ ਹੈ। ਅਜਿਹੀ ਹੀ ਗ਼ੁਲਾਮੀ ਰੱਬ ਨੂੰ ਧੰਨੇ ਭਗਤ ਦੀ ਵੀ ਕਰਨੀ ਪਈ ਸੀ, ਜਦੋਂ ਉਸ ਨੇ ਆਪਣੇ ਭੋਲੇਪਨ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੀ।

ਜੱਟਕੀ ਜ਼ਿੱਦ ਤੇ ਅਟਲ ਭਰੋਸੇ ਨਾਲ ਰੱਬੀ ਬਖ਼ਸ਼ਿਸ਼ ਦਾ ਪਾਤਰ ਬਣਨ ਵਾਲੇ ਤੇ ਇਸ ਬਖ਼ਸ਼ਿਸ਼ ਦੀ ਬਦੌਲਤ ਖੇਤਾਂ ਦੇ ਨੱਕੇ ਮੁੜਵਾਉਣ ਵਾਲੇ ਭਗਤ ਧੰਨਾ ਜੀ ਦਾ ਜਨਮ 20 ਅਪਰੈਲ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਭਾਈ ਭੋਲਾ ਤੇ ਮਾਤਾ ਦਾ ਨਾਮ ਧੰਨੋ ਸੀ। ਉਨ੍ਹਾਂ ਦਾ ਸ਼ੁਮਾਰ ਉਨ੍ਹਾਂ ਸਿਦਕਵਾਨਾਂ ’ਚ ਕੀਤਾ ਜਾਂਦਾ ਹੈ, ਜਿਹੜੇ ਆਪਣਾ ਹੱਥ ਕਾਰ (ਕਿਰਤ) ਵੱਲ ਅਤੇ ਦਿਲ ਯਾਰ (ਪ੍ਰਭੂ) ਵੱਲ ਲਾਈ ਰੱਖਦੇ ਹਨ। ਇਸ ਲਗਨ ਸਦਕਾ ਉਨ੍ਹਾਂ ਨੇ ਉਸ ਪਰਮ ਪਿਤਾ ਦੇ ਨਾ ਸਿਰਫ ਦਰਸ਼ਨ ਕੀਤੇ ਸਗੋਂ ਉਸ ਨੂੰ ਆਪਣੇ ਕੰਮ-ਕਾਜ ਦਾ ਹਿੱਸਾ ਵੀ ਬਣਾ ਲਿਆ।

ਭਗਤ ਧੰਨਾ ਜੀ ਨਾਲ ਜੁੜੇ ਸਾਖੀ ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਅਨੁਸਾਰ ਬਚਪਨ ਸਮੇਂ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦੇ ਹੋਏ ਬੜੇ ਧਿਆਨ ਨਾਲ ਦੇਖਿਆ। ਦੇਖਣ ਤੋਂ ਬਾਅਦ ਭਗਤ ਜੀ ਦੇ ਮਨ ਵਿਚ ਵੀ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ। ਆਪਣੀ ਇਸ ਇੱਛਾ ਕਾਰਨ ਉਨ੍ਹਾਂ ਨੇ ਉਸ ਪੰਡਿਤ ਜੀ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿਚ ਉਸ ਪੰਡਿਤ ਨੇ ਭਗਤ ਜੀ ਨੂੰ ਕੁੱਝ ਦੁਨਿਆਵੀ ਵਸਤਾਂ ਦਕਸ਼ਣਾ ਦੇ ਰੂਪ ਵਿਚ ਦੇਣ ਲਈ ਕਿਹਾ, ਜੋ ਭਗਤ ਜੀ ਨੇ ਸਹਿਜ ਨਾਲ ਹੀ ਦੇਣੀਆਂ ਪ੍ਰਵਾਨ ਕਰ ਲਈਆਂ। ਇਸ ਸਮਝੌਤੇ ਤੋਂ ਬਾਅਦ ਉਸ ਪੰਡਿਤ ਨੇ ਇਕ ਸਧਾਰਨ ਪੱਥਰ ਭਗਤ ਧੰਨਾ ਜੀ ਦੇ ਸਪੁਰਦ ਕਰ ਦਿੱਤਾ। ਸਿਦਕੀ ਭਾਵਨਾ ਅਤੇ ਸੱਚੀ ਲਗਨ ਵਾਲੇ ਭਗਤ ਨੇ ਉਸ ਪੱਥਰ (ਭਗਵਾਨ ਸਮਝ ਕੇ) ਦਾ ਇਸ਼ਨਾਨ ਕਰਾ ਕੇ ਉਸ ਦੀ ਪੂਜਾ ਕੀਤੀ ਅਤੇ ਉਸ ਨੂੰ ਪ੍ਰਸ਼ਾਦੇ-ਪਾਣੀ ਨੂੰ ਭੋਗ ਲਾਉਣ ਲਈ ਕਿਹਾ। ਪੱਥਰ ਵੱਲੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਭਗਤ ਨੇ ਆਪ ਵੀ ਕੁੱਝ ਖਾਣ ਤੋਂ ਇਨਕਾਰ ਕਰ ਦਿੱਤਾ। ਭਗਤ ਧੰਨਾ ਜੀ ਦੇ ਇਸ ਹੱਠ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਦੀ 13 ਪਾਉੜੀ ਵਿਚ ਇਸ ਤਰ੍ਹਾਂ ਭਰੀ ਹੈ:

ਠਾਕੁਰ ਨੋ ਨ੍ਹਾਵਾਲਿਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।

ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ।

ਹਉਂ ਭੀ ਮੁਹੁ ਨ ਜਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ।

ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।

ਭੋਲਾ ਭਾਉ ਗੋਬਿੰਦੁ ਮਿਲਾਵੈ।

ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਇੱਕ ਸ਼ਬਦ ਵਿਚ ਜਿਥੇ ਹੋਰ ਭਗਤਾਂ ਦੀ ਕਰੜੀ ਕਮਾਈ ਦਾ ਜ਼ਿਕਰ ਕਰਦੇ ਹਨ, ਉਥੇ ਭਗਤ ਧੰਨਾ ਜੀ ਨੂੰ ‘ਧੰਨੈ ਸੇਵਿਆ ਬਾਲ ਬੁਧਿ’ ਕਹਿ ਕੇ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਹਵਾਲਾ ਵੀ ਦਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਦੇ ਅੰਗ 487 ਉਪਰ ਸੁਸ਼ੋਭਿਤ ਆਪਣੇ ਇਕ ਹੋਰ ਪਾਵਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿਚ ਪੰਜਵੇਂ ਗੁਰੂ ਫ਼ੁਰਮਾਉਂਦੇ ਹਨ:

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥

ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥

ਗੁਰੂ ਅਰਜਨ ਦੇਵ ਇਨ੍ਹਾਂ ਪੰਕਤੀਆਂ ਰਾਹੀਂ ਇਹ ਸੰਕੇਤ ਦੇ ਰਹੇ ਹਨ ਕਿ ਭਗਤ ਧੰਨਾ ਜੀ ਨੇ ਇਸ ਗੱਲ ਨੂੰ ਭਲੀ-ਭਾਂਤ ਸਮਝ ਲਿਆ ਸੀ ਕਿ ਪਰਮਾਤਮਾ ਨੂੰ ਹਿਰਦੇ ਵਿਚ ਵਸਾਉਣ ਨਾਲ ਜਿਥੇ ਉਸ ਤੋਂ ਪੂਰਵਕਾਲੀ ਭਗਤਾਂ (ਨਾਮਦੇਵ, ਰਵਿਦਾਸ ਅਤੇ ਸੈਣ ਆਦਿ) ਨੇ ਰੱਬੀ ਪਿਆਰ ਨੂੰ ਹਾਸਲ ਕਰ ਲਿਆ ਸੀ ਤਾਂ ਭਗਤੀ ਦੀ ਇਹ ਵਿਧੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਉਸ ਦੀ ਇਸ ਸਮਰਪਣ ਭਾਵਨਾ ਵਾਲੀ ਭਗਤੀ ਨੇ ਉਸ ਨੂੰ ਸਾਖਿਆਤ ਰੂਪ ਵਿਚ ਪ੍ਰਭੂ ਦੇ ਦਰਸ਼ਨ-ਦੀਦਾਰੇ ਕਰਵਾ ਦਿੱਤੇ ਸਨ। ਗੱਲ ਸਿਰਫ ਦਰਸ਼ਨ-ਦੀਦਾਰੇ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਪ੍ਰਭੂ ਨੇ ਆਪਣੇ ਪਿਆਰੇ ਅਤੇ ਨਿਆਰੇ ਭਗਤ ਦੇ ਕਾਰਜ ਵੀ ਆਪਣੇ ਜ਼ਿੰਮੇ ਲੈ ਲਏ ਸਨ। ਗੋਪਾਲ ਵੱਲੋਂ ਨਿਭਾਏ ਜਾ ਰਹੇ ਇਸ ਜ਼ਿੰਮੇ ਨੂੰ ਦੇਖ ਕੇ ਹੀ ਭਗਤ ਧੰਨਾ ਜੀ ਉਚਾਰਦੇ ਹਨ:

ਗੋਪਾਲ ਤੇਰਾ ਆਰਤਾ॥

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥

ਭਗਤ ਧੰਨਾ ਜੀ ਦੀ ਧੰਨਤਾ ਇਸ ਗੱਲ ਵਿਚ ਵੀ ਹੈ ਕਿ ਜਿਥੇ ਕੁੱਝ ਧਾਰਮਿਕ ਰਹਿਬਰ ਔਰਤ ਨੂੰ ਭਗਤੀ-ਮਾਰਗ ਲਈ ਰੁਕਾਵਟ ਮਹਿਸੂਸਦੇ ਹਨ, ਉੱਥੇ ਭਗਤ ਜੀ ਧੜੱਲੇ ਨਾਲ ਆਖ ਰਹੇ ਹਨ:

ਘਰ ਕੀ ਗੀਹਨਿ ਚੰਗੀ॥

ਜਨੁ ਧੰਨਾ ਲੇਵੈ ਮੰਗੀ॥

ਔਰਤਾਂ ਅਤੇ ਕਿਰਤ ਦੇ ਪ੍ਰਤੀ ਅਜਿਹੀ ਸਤਿਕਾਰਤ ਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਰੱਜਵਾਂ ਅਤੇ ਫਬਵਾਂ ਸਤਿਕਾਰ ਕਰਦਿਆਂ ਹੀ ਗੁਰੂ ਅਰਜਨ ਦੇਵ ਜੀ ਨੇ ਭਗਤ ਧੰਨਾ ਜੀ ਦੇ ਤਿੰਨ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ) ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੇ। ਭਗਤੀ ਲਹਿਰ ਦੇ ਪ੍ਰਮੁੱਖ ਭਗਤ ਧੰਨਾ ਜੀ ਆਪਣੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ 15 ਦਸੰਬਰ 1502 ਨੂੰ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਭਗਤੀ-ਭਾਵਨਾ ਜਿੱਥੇ ਪਖੰਡਵਾਦ ਤੋਂ ਨਿਰਲੇਪ ਹੈ ਉੱਥੇ ਸੱਚੀ ਤੇ ਸੁੱਚੀ ਕਿਰਤ ਕਰਦਿਆਂ ਕਰਤਾਰ ਨਾਲ ਜੁੜਨ ਦੀ ਇੱਕ ਅਤਿ ਉੱਤਮ ਮਿਸਾਲ ਵੀ ਹੈ।

ਸੰਪਰਕ: 94631-3271

Advertisement
×