DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਧਰਮ ਦੇ ਮਹਾਨ ਵਿਦਵਾਨ ਤੇ ਚਿੰਤਕ ਭਾਈ ਗੁਰਦਾਸ ਜੀ

ਰਮੇਸ਼ ਬੱਗਾ ਚੋਹਲਾ ਸਿੱਖ ਧਰਮ ਵਿੱਚ ਜਦੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਗੁਰੂ ਘਰ ਦੇ ਪਿਆਰਿਆਂ ਅਤੇ ਸਚਿਆਰਿਆਂ ਦੀ ਕਮਾਈ ਦਾ ਵੀ ਧਿਆਨ ਧਰਨ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਨਾ ਸਿਰਫ...
  • fb
  • twitter
  • whatsapp
  • whatsapp
Advertisement

ਰਮੇਸ਼ ਬੱਗਾ ਚੋਹਲਾ

ਸਿੱਖ ਧਰਮ ਵਿੱਚ ਜਦੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਗੁਰੂ ਘਰ ਦੇ ਪਿਆਰਿਆਂ ਅਤੇ ਸਚਿਆਰਿਆਂ ਦੀ ਕਮਾਈ ਦਾ ਵੀ ਧਿਆਨ ਧਰਨ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਨਾ ਸਿਰਫ ਸਿੱਖੀ ਸਿਧਾਂਤਾਂ ਮੁਤਾਬਕ ਢਾਲਿਆ, ਸਗੋਂ ਉਨ੍ਹਾਂ ਸਿਧਾਂਤਾਂ ਦੀ ਰੌਸ਼ਨੀ ਨੂੰ ਦੂਰ-ਦੁਰਾਡੇ ਤੱਕ ਪਹੁੰਚਾਉਣ ਲਈ ਵੀ ਆਪਣਾ ਅਹਿਮ ਯੋਗਦਾਨ ਪਾਇਆ। ਇਨ੍ਹਾਂ ਗੁਰੂ ਘਰ ਦੇ ਪਿਆਰਿਆਂ-ਨਿਆਰਿਆਂ ਦੇ ਯੋਗਦਾਨ ਬਦਲੇ ਗੁਰੂ ਨਾਨਕ ਨਾਮ ਲੇਵਾ ਸੰਗਤ ਇਨ੍ਹਾਂ ਨੂੰ ਵੀ ਓਨਾ ਹੀ ਮਾਣ-ਸਤਿਕਾਰ ਦਿੰਦੀ ਹੈ, ਜਿੰਨਾ ਸਿੱਖ ਧਰਮ ਦੇ ਰਹਿਬਰਾਂ ਨੂੰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਹੀ ਮਾਣ ਸਤਿਕਾਰ ਦੇ ਪਾਤਰ ਬਣਦੇ ਹਨ ਸਿੱਖ ਧਰਮ ਦੇ ਮਹਾਨ ਵਿਦਵਾਨ, ਚਿੰਤਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ।

Advertisement

ਭਾਈ ਗੁਰਦਾਸ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਭਾਈ ਈਸ਼ਰ ਦਾਸ (ਗੁਰੂ ਅਮਰਦਾਸ ਜੀ ਦਾ ਚਚੇਰਾ ਭਾਈ) ਦੇ ਪਰਿਵਾਰ ਵਿੱਚ 1559 ਈ. ਨੂੰ ਹੋਇਆ। ਕੁੱਝ ਲੇਖਕਾਂ ਦੀ ਵੱਖਰੀ ਰਾਇ ਮੁਤਾਬਕ ਭਾਈ ਸਾਹਿਬ ਦਾ ਜਨਮ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ’ਤੇ 1553 ਈ. ਨੂੰ ਹੋਇਆ ਵੀ ਮੰਨਿਆ ਜਾਂਦਾ ਹੈ। ਆਪਣੇ ਬਚਪਨ ਦਾ ਵਧੇਰੇ ਸਮਾਂ ਭਾਈ ਗੁਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਹੀ ਬਿਤਾਇਆ ਅਤੇ ਪ੍ਰਾਇਮਰੀ ਸਿੱਖਿਆ ਵੀ ਇੱਥੋਂ ਹੀ ਹਾਸਲ ਕੀਤੀ। ਇਸ ਤੋਂ ਅਗਲੀ ਅਤੇ ਉਚੇਰੀ ਸਿੱਖਿਆ ਉਨ੍ਹਾਂ ਨੇ ਉਸ ਵੇਲੇ ਦੇ ਪ੍ਰਸਿੱਧ ਇਸਲਾਮੀ ਅਤੇ ਭਾਰਤੀ ਵਿਦਿਆ ਕੇਂਦਰਾਂ ’ਤੇ ਜਾ ਕੇ ਗ੍ਰਹਿਣ ਕੀਤੀ। ਗੁਰੂੁ ਸਾਹਿਬਾਨ ਦੀ ਸੇਵਾ ਵਿੱਚ ਰਹਿ ਕੇ ਉਨ੍ਹਾਂ ਨੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਅਤੇ ਗੁਰਮਤਿ ਦੇ ਵਿਸ਼ਿਆਂ ’ਤੇ ਆਪਣੀ ਪਕੜ ਮਜ਼ਬੂਤ ਬਣਾ ਲਈ।

ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਦੀ ਧਾਰਨਾ ਮੁਤਾਬਕ ਭਾਈ ਗੁਰਦਾਸ ਜੀ ਵੀ ਗ੍ਰਹਿਸਥ ਮਾਰਗ ਨੂੰ ਤਰਜੀਹ ਦਿੰਦੇ ਹਨ। ਇਸ ਦੀ ਪੁਸ਼ਟੀ ਹੇਠ ਲਿਖੇ ਤੋਂ ਭਲੀਭਾਂਤ ਹੋ ਜਾਂਦੀ ਹੈ:

ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ।।

ਬਾਬੇਕਿਆਂ ਦੀ ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਭਾਈ ਗੁਰਦਾਸ ਜੀ ਲਾਹੌਰ, ਆਗਰਾ, ਕਾਂਸ਼ੀ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਗਏ। ਇਹ ਸਿਲਸਿਲਾ ਗੁਰੂ ਹਰਗੋਬਿੰਦ ਜੀ ਤੱਕ ਚੱਲਦਾ ਰਿਹਾ। ਪ੍ਰਚਾਰ ਦੇ ਨਾਲ-ਨਾਲ ਭਾਈ ਸਾਹਿਬ ਨੇ ਫਤਹਿਪੁਰ ਸੀਕਰੀ, ਗਵਾਲੀਅਰ, ਉਜੈਨ, ਲਖਨਊ ਅਤੇ ਜੋਨਪੁਰ ਆਦਿ ਥਾਵਾਂ ’ਤੇ ਵੀ ਸਿੱਖ ਸੰਗਤ ਸਥਾਪਤ ਕੀਤੀ।

ਗੁਰੂੁ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਦੇ ਰਾਹ ਵਿੱਚ ਰੋੜਾ ਅਟਕਾਉਣ ਵਾਲੇ ਕਈ ਅੰਦਰੂਨੀ ਅਤੇ ਬਾਹਰੀ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਨੂੰ ਪਛਾੜਨ ਲਈ ਵੀ ਭਾਈ ਗੁਰਦਾਸ ਜੀ ਦਾ ਅਹਿਮ ਰੋਲ ਰਿਹਾ ਹੈ। ਇਸ ਰੋਲ ਸਦਕਾ ਹੀ ਗੁਰੂ ਘਰ ਦੀ ਆਰਥਿਕ ਵਿਵਸਥਾ ਮੁੜ ਲੀਹ ’ਤੇ ਆਈ ਅਤੇ ਉਸਾਰੀ ਦੇ ਕੰਮਾਂ ਦੀ ਰਫਤਾਰ ਤੇਜ਼ ਹੋ ਗਈ। ਜਦੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਦਾ ਕੰਮ ਆਰੰਭਿਆ ਤਾਂ ਉਸ ਪਾਵਨ ਸਰੂਪ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ ਗੁਰੂ ਆਸ਼ੇ ਦੀ ਵਿਆਖਿਆ ਕਰਨ ਹਿੱਤ ਭਾਈ ਸਾਹਿਬ ਨਾਲ-ਨਾਲ ਆਪਣੀ ਬਾਣੀ ਦੀ ਸਿਰਜਣਾ ਵੀ ਕਰਦੇ ਰਹੇ। ਇਸ ਬਾਣੀ ਨੂੰ ਜਦੋਂ ਪੰਚਮ ਪਾਤਸ਼ਾਹ ਨੇ (ਗੁਰੂ) ਗ੍ਰੰਥ ਸਾਹਿਬ ਵਿੱਚ ਦਰਜ ਕਰਨਾ ਚਾਹਿਆ ਤਾਂ ਨਿਮਰਤਾ ਦਾ ਸਬੂਤ ਦਿੰਦਿਆਂ ਭਾਈ ਸਾਹਿਬ ਨੇ ਕਿਹਾ ਕਿ ਸੇਵਕ ਸਾਹਿਬ ਦੇ ਬਰਾਬਰ ਬੈਠਾ ਸ਼ੋਭਦਾ ਨਹੀਂ। ਇਹ ਨਿਮਰਤਾ ਵੇਖ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਭਾਈ ਸਾਹਿਬ ਦੀ ਬਾਣੀ ਨੂੰ ‘ਗੁਰਬਾਣੀ ਦੀ ਕੁੰਜੀ’ ਕਹਿ ਕੇ ਰੱਜਵਾਂ ਸਤਿਕਾਰ ਦਿੱਤਾ।

ਭਾਈ ਗੁਰਦਾਸ ਜੀ ਨੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਆਰੰਭਲੇ ਸਮੇਂ ਅਕਾਲ ਤਖ਼ਤ ਦੀ ਉਸਾਰੀ ਦੇ ਕੰਮਕਾਜ ਦੀ ਨਿਗਰਾਨੀ ਵੀ ਕੀਤੀ। ਜਦੋਂ 1609 ਈ. ਨੂੰ ਛੇਵੇਂ ਗੁਰੂ ਨੇ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਤਾਂ ਉਸ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਭਾਈ ਸਾਹਿਬ ਨੇ ਬਾਖੂਬੀ ਨਿਭਾਈ। ਜਦੋਂ ਗੁਰੂ ਸਾਹਿਬ ਗੁਰਸਿੱਖੀ ਦੇ ਪ੍ਰਚਾਰ ਲਈ ਕਿਤੇ ਦੂਰ ਨੇੜੇ ਜਾਂਦੇ ਤਾਂ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਅਤੇ ਸੇਵਾ ਦਾ ਕੰਮ ਵੀ ਭਾਈ ਗੁਰਦਾਸ ਜੀ (ਬਾਬਾ ਬੁੱਢਾ ਜੀ ਨਾਲ ਮਿਲ ਕੇ) ਵੱਲੋਂ ਬੜੇ ਉਤਸ਼ਾਹ ਨਾਲ ਕੀਤਾ ਜਾਂਦਾ। ਗੁਰੂ ਘਰ ਦੇ ਈਰਖਾਲੂਆਂ ਵੱਲੋਂ ਜਦੋਂ ਕਦੇ ਬਾਬੇ ਨਾਨਕ ਦੇ ਨਿਰਮਲ ਪੰਥ ਬਾਬਤ ਸੰਗਤ ਵਿੱਚ ਕੋਈ ਭਰਮ ਭੁਲੇਖਾ ਪਾਇਆ ਜਾਂਦਾ ਤਾਂ ਉਸ ਨੂੰ ਨਵਿਰਤ ਕਰਨ ਦੀ ਡਿਊਟੀ ਵੀ ਭਾਈ ਗੁਰਦਾਸ ਜੀ ਵੱਲੋਂ ਹੀ ਨਿਭਾਈ ਜਾਂਦੀ। ਗੁਰੂ ਘਰ ਦੇ ਲੋਹ-ਲੰਗਰ ਅਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਆਪਣੀ ਕਿਰਤ ਕਮਾਈ ’ਚੋਂ ਦਸਵੰਧ ਕੱਢਣ ਦੀ ਪਿਰਤ ਪਾਉਣ ਦਾ ਸਿਹਰਾ ਵੀ ਭਾਈ ਗੁਰਦਾਸ ਜੀ ਨੂੰ ਹੀ ਜਾਂਦਾ ਹੈ। ਸਿੱਖ ਸਮਾਜ ਅਤੇ ਗੁਰੂ ਘਰ ਦੇ ਹੋਰ ਪ੍ਰੀਤਵਾਨਾਂ ਵਿੱਚ ਇਹ ਪਿਰਤ ਹਾਲੇ ਵੀ ਕਾਇਮ ਹੈ।

1605 ਈ. (ਸੰਮਤ 1662) ਵਿੱਚ ਜਦੋਂ ਅਕਬਰ ਬਾਦਸ਼ਾਹ ਬਟਾਲੇ ਆਇਆ ਤਾਂ ਕਿਸੇ ਨੇ ਉਸ ਦੇ ਕੰਨ ਇਹ ਕਹਿ ਕੇ ਭਰ ਦਿੱਤੇ ਕਿ ਗੁਰੂ ਸਾਹਿਬ ਵੱਲੋਂ ਰਚਿਤ (ਗੁਰੂ) ਗ੍ਰੰਥ ਸਾਹਿਬ ਵਿੱਚ ਇਸਲਾਮ ਅਤੇ ਮੁਹੰਮਦ ਸਾਹਿਬ ਦੀ ਸ਼ਾਨ ਦੇ ਖ਼ਿਲਾਫ਼ ਲਿਖਤ ਲਿਖੀ ਗਈ ਹੈ। ਗੁਰੂ ਅਰਜਨ ਦੇਵ ਜੀ ਵੱਲੋਂ ਅਕਬਰ ਬਾਦਸ਼ਾਹ ਦੇ ਸ਼ੰਕਿਆਂ ਨੂੰ ਸੰਤੁਸ਼ਟ ਕਰਨ ਦੇ ਕਾਬਲ ਵੀ ਭਾਈ ਗੁਰਦਾਸ ਜੀ ਨੂੰ ਹੀ ਸਮਝਿਆ ਗਿਆ। ਗੁਰੂ ਸਾਹਿਬ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ (ਗੁਰੂ) ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਬਟਾਲੇ ਪਹੁੰਚ ਗਏ। ਜਦੋਂ ਅਕਬਰ ਨੇ ਬਾਣੀ ਸੁਣਾਉਣ ਲਈ ਕਿਹਾ ਤਾਂ ਭਾਈ ਸਾਹਿਬ ਨੇ ਪਾਠ ਕਰਨਾ ਆਰੰਭ ਕਰ ਦਿੱਤਾ। ਪਾਠ ਦੀ ਅਰੰਭਤਾ ਵਿੱਚ ਜੋ ਸ਼ਬਦ ਆਇਆ ਉਹ ਸੀ:

ਖਾਕ ਨੂਰ ਕਰਦੰ ਆਲਮ ਦੁਨੀਆਇ।।

ਇਸ ਸ਼ਬਦ ਦੇ ਨਾਲ ਹੀ ਅਕਬਰ ਬਾਦਸ਼ਾਹ ਦੀ ਕਾਫੀ ਹੱਦ ਤੱਕ ਤਸੱਲੀ ਹੋ ਗਈ। ਇਸ ਤੋਂ ਇਲਾਵਾ ਭਾਈ ਸਾਹਿਬ ਨੇ ਕੁੱਝ ਹੋਰ ਸ਼ਬਦ ਵੀ ਪੜ੍ਹੇ, ਜਿਨ੍ਹਾਂ ਨੂੰ ਸੁਣ ਕੇ ਅਕਬਰ ਨੇ 51 ਮੋਹਰਾਂ (ਗੁਰੂ) ਗ੍ਰੰਥ ਸਾਹਿਬ ਅੱਗੇ ਰੱਖ ਕੇ ਆਪਣਾ ਸੀਸ ਝੁਕਾਇਆ। ਇੱਥੇ ਹੀ ਬੱਸ ਨਹੀਂ ਉਸ ਨੇ ਭਾਈ ਗੁਰਦਾਸ ਜੀ ਨੂੰ ਇੱਕ ਸੁੰਦਰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਵੀ ਕੀਤਾ। ਗੁਰੂ ਘਰ ਦੇ ਅਨਿਨ ਸੇਵਕ ਅਤੇ ਸਰਵਸ੍ਰੇਸ਼ਟ ਬੁੱਧੀ ਦੇ ਮਾਲਕ ਭਾਈ ਗੁਰਦਾਸ ਜੀ ਦੀ ਤਿੰਨ ਤਰ੍ਹਾਂ ਦੀ ਲਿਖਤ ਮਿਲਦੀ ਹੈ। ਇਸ ਲਿਖਤ ਵਿੱਚ 40 ਅਧਿਆਤਮਿਕ ਵਾਰਾਂ (ਪੰਜਾਬੀ) 675 ਬਰਿਜ ਅਤੇ ਕੁੱਝ ਸਲੋਕ (ਸੰਸਕ੍ਰਿਤ) ਵਿੱਚ ਮਿਲਦੇ ਹਨ। ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਨਮ ਸਾਖੀਆਂ ਨੇ ਭਾਈ ਸਾਹਿਬ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕਵਿਤਾਇਆ ਹੈ। ਵਰਣਾਤਮਕ ਵਿਸ਼ਿਆਂ ਲਈ ਉਨ੍ਹਾਂ ਨੇ ਲੋਕ-ਕਾਵਿ ਰੂਪ ਦੀ ਵਰਤੋਂ ਕੀਤੀ ਹੈ। ਗੁਰਮਤਿ ਦੀ ਲਾਭਦਾਇਕਤਾ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਇਸ ਰਚਨਾ ਦਾ ਨਿੱਠ ਕੇ ਅਧਿਐਨ ਕਰਨਾ ਪੈਂਦਾ ਹੈ। ਇਸੇ ਲਈ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਭਾਈ ਗੁਰਦਾਸ ਦੀ ਬਾਣੀ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਆਪਣੇ ਅੰਤਲੇ ਸਵਾਸ ਗੋਇੰਦਵਾਲ ਸਾਹਿਬ ਦੀ ਧਰਤੀ ’ਤੇ ਲਏ ਅਤੇ ਛੇਵੇਂ ਗੁਰੂ ਦੀ ਹਜ਼ੂਰੀ ਵਿੱਚ 15 ਅਗਸਤ ਭਾਦੋਂ ਸੁਦੀ ਪੰਜਵੀਂ 1637 ਈ. ਨੂੰ ਸਰੀਰਕ ਚੋਲਾ ਤਿਆਗ ਗਏ।

ਸੰਪਰਕ: 94631-32719

Advertisement
×