ਭਗਤ ਰਵਿਦਾਸ ਦਾ ਬੇਗਮਪੁਰਾ ਨਗਰੀ ਦਾ ਸੰਕਲਪ
ਭਗਤ ਰਵਿਦਾਸ ਜੀ ਮੱਧਕਾਲੀ ਭਾਰਤ ਦੇ ਮਹਾਨ ਸੰਤ ਅਤੇ ਕਵੀ ਸਨ, ਜਿਨ੍ਹਾਂ ਦਾ ਸਿੱਖ ਧਰਮ ਵਿੱਚ ਬਹੁਤ ਸਤਿਕਾਰ ਹੈ। ਉਨ੍ਹਾਂ ਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੇ ਗਏ 15 ਭਗਤਾਂ ’ਚੋਂ ਇੱਕ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਦਾ ਜਨਮ ਸੀਰ ਗੋਵਰਧਨਪੁਰ ਨੇੜੇ ਬਨਾਰਸ ਵਿੱਚ ਸਤੋਖ ਦਾਸ ਅਤੇ ਮਾਤਾ ਕਲਸੀ ਦੇਵੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਵੱਡੇ-ਵਡੇਰੇ ਅਜਿਹੇ ਪਰਿਵਾਰ ਨਾਲ ਸਬੰਧਿਤ ਸਨ, ਜਿਸ ਨੂੰ ਸਮੇਂ ਦੇ ਲਿਹਾਜ ਨਾਲ ਨੀਵੀਂ ਜਾਤ ਸਮਝਿਆ ਜਾਂਦਾ ਸੀ।
ਉਸ ਸਮੇਂ ਦੀ ਜਾਤੀ ਵੰਡ ਕਾਰਨ ਇਸ ਨੀਵੀਂ ਜਾਤ ਨੂੰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦੁੱਖ ਝੱਲਣੇ ਪੈ ਰਹੇ ਸਨ। ਤਾਂ ਸੁਭਾਵਕ ਸੀ ਕਿ ਭਗਤ ਰਵਿਦਾਸ ਜੀ ਨੇ ਵੀ, ਇਸ ਜਾਤੀ ਦੇ ਦੂਜੇ ਭਗਤਾ ਜਾਂ ਬਾਣੀਕਾਰਾਂ ਦੀ ਤਰ੍ਹਾਂ ਸਮਾਜ ਦਾ ਉਹ ਦੁਖਾਂਤ ਆਪਣੇ ਜੀਵਨ ਵਿਚ ਹੰਢਾਇਆ ਸੀ। ਫਿਰ ਵੀ ਭਗਤ ਰਵਿਦਾਸ ਜੀ ਨੇ ਜੋ ਬਾਣੀ ਰਚੀ ਹੈ, ਉਸ ਵਿੱਚ ਸਮਕਾਲੀ ਸਮਾਜ ਦੇ ਸ਼ਾਸਕ ਦੀ ਜ਼ਾਲਮਾਨਾ ਰੁਚੀ ਅਤੇ ਪੁਜਾਰੀ ਵਰਗ ਦੇ ਹੰਕਾਰੀ ਵਤੀਰੇ ਨੂੰ ਮਨਜ਼ੂਰ ਨਾ ਕਰਦਿਆਂ ਕਿਸੇ ਤਰ੍ਹਾਂ ਦੀ ਭੜਕਾਹਟ ਨਜ਼ਰ ਨਹੀਂ ਆਉਂਦੀ ਪਰ ਉਹ ਸ਼ਾਸਕ ਦੇ ਜ਼ੁਲਮ ਦੇ ਤਰੀਕੇ ਅਤੇ ਪੁਜਾਰੀਆਂ ਦੇ ਕਰਮ-ਕਾਂਡਾਂ ਨੂੰ ਨਕਾਰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਭਲੀ-ਭਾਂਤ ਅਹਿਸਾਸ ਸੀ ਕਿ ਉਨ੍ਹਾਂ ਨੂੰ ਆਪ ਅਤੇ ਉਨ੍ਹਾਂ ਦੇ ਭਾਈਚਾਰੇ ਨੂੰ ਅਤਿ ਗਰੀਬ ਅਤੇ ਨਿਤਾਣੇ ਹੋਣ ਕਾਰਨ ਹਰ ਕੋਈ ਹਾਸਾ-ਠੱਠਾ ਕਰਦਾ ਹੈ ਤਾਂ ਹੀ ਉਹ ਆਪਣੀ ਬਾਣੀ ਵਿਚ ਲਿਖਦੇ ਹਨ:
ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ।।
ਇਤਿਹਾਸਕਾਰ ਡਾ. ਜਸਬੀਰ ਸਿੰਘ ਸਾਬਰ ਆਪਣੀ ਪੁਸਤਕ ‘ਸਿੱਖ ਧਰਮ ਅਧਿਐਨ’ ਵਿਚ ਲਿਖਦੇ ਹਨ ਕਿ ਹਿੰਸਾਤਮਕ ਕਾਰਵਾਈਆਂ ਨਾਲ ਰਾਜ ਪਲਟਾ ਲਿਆਉਣਾ, ਕੌੜੇ, ਤੇਜ ਤਰਾਰ ਬੋਲਾਂ ਰਾਹੀਂ ਮਾਨਵ-ਚੇਤਨਾ ਵਿਚ ਡਰ ਦੀ ਭਾਵਨਾ ਪੈਦਾ ਕਰਕੇ ਸਮਾਜਿਕ ਕ੍ਰਾਂਤੀ ਲਿਆਉਣਾ, ਜਬਰੀ ਧਾਰਮਿਕ ਰਸਮਾਂ ਦਾ ਪ੍ਰਚਲਨ ਕਰਨਾ ਅਤੇ ਆਰਥਿਕ ਪੱਧਰ ’ਤੇ ਲੁੱਟ-ਖਸੁੱਟ ਕਰਨਾ ਭਗਤ ਰਵਿਦਾਸ ਜੀ ਦਾ ਜੀਵਨ-ਦਰਸ਼ਨ ਦਾ ਉਦੇਸ਼ ਨਹੀਂ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜਗਤ-ਪ੍ਰੇਮ ਪਿਆਰ ਨਾਲ ਹੀ ਮਨੁੱਖ ਦੇ ਉਦੇਸ਼ਾਂ ਦੀ ਪ੍ਰਾਪਤੀ ਹੋ ਸਕਦੀ ਹੈ। ਵੱਡੇ ਰਾਜਿਆਂ ਅਤੇ ਪੁਜਾਰੀਆਂ ਦੇ ਦਿਲ ਜਿੱਤਣ ਅਤੇ ਉਨ੍ਹਾਂ ਦੇ ਦਿਮਾਗ ਬਦਲਣ ਦਾ ਕੰਮ ਅਧਿਆਤਮਿਕ ਅਤੇ ਨੈਤਿਕ ਸ਼ਕਤੀ ਨਾਲ ਹੀ ਕੀਤਾ ਜਾ ਸਕਦਾ ਹੈ।
ਇਹ ਗੱਲ ਵੀ ਸੱਚ ਸੀ ਕਿ ਜਾਤ-ਪਾਤ, ਊਚ-ਨੀਚ ਦਾ ਕੋਹੜ ਸਿਰਫ ਭਾਰਤੀ ਲੋਕਾਂ ਨੂੰ ਹੀ ਚਿੰਬੜਿਆ ਹੋਇਆ ਸੀ ਅਤੇ ਹਿੰਦੁਸਤਾਨੀ ਲੋਕਾਂ ਨੂੰ ਛੱਡ ਸੰਸਾਰ ਦੇ ਹੋਰ ਮੁਲਕਾਂ ਵਿਚ ਭਾਵੇਂ ਰੰਗ-ਭੇਦ ਭਾਵ ਤਾਂ ਭਾਵੇਂ ਹੈ ਪਰ ਜਾਤੀਵਾਦ ਪ੍ਰਥਾ ਕਿਤੇ ਵੀ ਨਹੀਂ ਸੀ। ਬਾਹਰਲੇ ਮੁਲਕਾਂ ਵਿਚ ਤਾਂ ਛੋਟੀ ਜਾਤਾਂ ਦੇ ਜਾਂ ਕਹਿ ਲਵੋ ਸਮਾਜ ਵਿਚ ਛੋਟਾ ਕੰਮ ਕਰਨ ਵਾਲਿਆਂ ਦੀ ਪਛਾਣ ਸਿਰਫ ਉਨ੍ਹਾਂ ਦੇ ਕੰਮਾਂ ਨਾਲ ਹੀ ਹੁੰਦੀ ਸੀ ਅਤੇ ਆਮ ਕਰਕੇ ਲੋਕਾਂ ਦੀ ਪਛਾਣ ਦਾ ਆਧਾਰ ਉਸ ਦਾ ਆਰਥਿਕ ਪੱਧਰ ਅਤੇ ਰਹਿਣ-ਸਹਿਣ ਹੀ ਸੀ। ਅਸਲ ਵਿਚ ਭਗਤ ਰਵਿਦਾਸ ਜੀ ਮਾਨਵ ਪਿਆਰ ਦੇ ਭੁੱਖੇ ਸਨ ਅਤੇ ਮਨੁੱਖਤਾ ਦਾ ਪਿਆਰ ਹੀ ਉਨ੍ਹਾਂ ਦੇ ਰੋਮ-ਰੋਮ ਵਿਚ ਰਚਿਆ ਹੋਇਆ ਸੀ। ਉਨ੍ਹਾਂ ਨੇ ਪਿਆਰ ਦੇ ਇਸ ਅਥਾਹ ਸਮੁੰਦਰ ’ਚੋਂ ਮਾਨਵ-ਜਾਤੀ ਨੂੰ ਰੱਜ ਕੇ ਪਿਆਰ ਵੰਡਿਆ। ਦੂਜਾ ਉਹ ਆਮ ਲੋਕਾਂ ਦੀ ਲੁੱਟ ਦੇ ਵਿਰੁੱਧ ਸਨ ਅਤੇ ਚਾਹੁੰਦੇ ਸਨ ਕਿ ਹਰ ਕੋਈ ਰੋਜ਼ੀ-ਰੋਟੀ ਕਮਾਵੇ। ਇਹ ਗੱਲ ਵੀ ਕਮਾਲ ਦੀ ਹੀ ਸੀ ਕਿ ਭਗਤ ਰਵਿਦਾਸ ਜੀ ਨੂੰ ਰਾਜੇ, ਰਾਣੀਆਂ ਅਤੇ ਧਨਾਢਾਂ ਵਲੋਂ ਬੇ-ਸ਼ੁਮਾਰ ਧਨ-ਦੌਲਤ ਦੇਣ ਦੀ ਪੇਸ਼ਕਸ਼ ਹੁੰਦੀ ਸੀ ਪਰ ਉਹ ਸਦਾ ਕੁਝ ਲੈਣ ਲਈ ਮਨ੍ਹਾਂ ਕਰ ਦਿੰਦੇ ਸਨ ਕਿਉਂਕਿ ਉਨ੍ਹਾਂ ਦਾ ਵਿਚਾਰ ਸੀ ਕਿ ਖੁਦ ਆਪਣੀ ਰੋਟੀ-ਰੋਜ਼ੀ ਆਪਣੇ ਪਰਿਵਾਰਕ ਕਿੱਤੇ ਨੂੰ ਜਾਰੀ ਰੱਖ ਕੇ ਕਮਾਉਣਾ ਹੀ ਚੰਗਾ ਹੈ, ਜਿਸ ਨਾਲ ਕਿਰਤ ਦੀ ਰਵਾਇਤ ਸੁਦ੍ਰਿੜ ਹੁੰਦੀ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਰਾਜੇ ਅਤੇ ਧਨਾਢ ਲੋਕ ਤਾਂ ਕੋਠੀਆਂ, ਡੇਰਿਆਂ ਜਾਂ ਮਹਿਲਾਂ ਦੀ ਉਸਾਰੀ ਵਿਚ ਲੱਗੇ ਰਹਿੰਦੇ ਹਨ ਅਤੇ ਆਪਣਾ ਹੰਕਾਰ ਘੱਟ ਕਰਕੇ ਕਦੇ ਵੀ ਗਰੀਬ ਸਮਾਜ ਦੀ ਸੇਵਾ ਵੱਲ ਨਹੀਂ ਲੱਗਦੇ। ਪਰ ਭਗਤ ਜੀ ਨੇ ਇਕ ਨਵੀਂ ਜੁਗਤ ਦੱਸੀ ਕਿ ਰਾਜ ਸੱਤਾ ਨੂੰ ਅਧਿਆਤਮਿਕਤਾ ਦੇ ਅਧੀਨ ਲਿਆਂਦਾ ਜਾਵੇ ਕਿਉਂਕਿ ਧਰਮ-ਜੁਗਤ ਰਾਜ ਸੱਤਾ ਹੀ ਆਮ ਲੋਕਾਂ ਦਾ ਸ਼ੋਸ਼ਣ ਬੰਦ ਕਰਕੇ ਉਸ ਦਾ ਕਲਿਆਣ ਕਰ ਸਕਦੀ ਹੈ।
ਮਨੁੱਖਤਾ ਲਈ ਪਿਆਰ, ਅਧਿਆਤਮਿਕਤਾ ਪ੍ਰਮੁੱਖ ਅਤੇ ਮਨੁੱਖਾਂ ਦੇ ਦੁੱਖਾਂ ਤੋਂ ਛੁਟਕਾਰੇ ਲਈ ਉਨ੍ਹਾਂ ਨੇ ‘ਬੇਗਮਪੁਰਾ ਨਗਰੀ’ ਦਾ ਸੰਕਲਪ ਬਣਾਇਆ ਪਰ ਉਹ ਇਸ ਸੰਕਲਪ ਦੇ ਹਾਮੀ ਹੋਣ ਦੇ ਨਾਲ ਕਿਸੇ ਤਰ੍ਹਾਂ ਦੀ ਵਿਸ਼ੇਸ਼ ਉਤੇਜਨਾ ਜਾਂ ਭੜਕਾਹਟ ਦਾ ਸੰਦੇਸ਼ ਨਹੀਂ ਦਿੰਦੇ। ਉਹ ਤਾਂ ਸੰਤੁਲਤ ਮਨ ਨਾਲ ਆਪਣੇ ਪਿਆਰ ਭਰੀ ਜੁਗਤ ਨੂੰ ਨਿਰੰਤਰ ਜਾਰੀ ਰੱਖਦੇ ਹਨ। ਦਰਅਸਲ ਉਨ੍ਹਾਂ ਦੇ ਇਸ ਸੰਕਲਪ ਦਾ ਵਿਚਾਰ ਪੇਸ਼ ਕਰਨ ਦਾ ਮੁੱਖ ਕਾਰਨ ਵੀ ਇਹ ਹੀ ਸੀ ਕਿ ਮੱਧਕਾਲੀ ਭਾਰਤ ਵਿੱਚ ਸਿੱਖ ਗੁਰੂ-ਕਾਲ ਤੋਂ ਪਹਿਲਾਂ ਜਿੰਨੇ ਵੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਹੈ, ਉਨ੍ਹਾਂ ਬਾਣੀਕਾਰਾਂ ਅਤੇ ਭਗਤਾਂ ਨੇ ਅਖੌਤੀ ਨੀਵੀ ਜਾਤ ਕਾਰਨ ਆਪਣੇ ਸਮੇਂ ਦਾ ਨਰਕਮਈ ਜੀਵਨ ਭੋਗਿਆ ਸੀ। ਉਨ੍ਹਾਂ ਨੂੰ ਇਨ੍ਹਾਂ ਦੁੱਖਾਂ ਦਾ ਨਿੱਜੀ ਤੌਰ ’ਤੇ ਪਤਾ ਹੈ ਅਤੇ ਸਮਾਜ ਦੀ ਦੁਰਦਸ਼ਾ ਉਨ੍ਹਾਂ ਨੇ ਆਪਣੇ ਅੱਖੀਂ ਦੇਖੀ ਹੋਈ ਸੀ।
ਇਹ ਵੀ ਸੱਚ ਹੈ ਕਿ ਕਿਸੇ ਵੀ ਦਲਿਤ ਬਾਣੀਕਾਰ ਦੀ ਰਚਨਾ ਵਿਚ ਹਿੰਸਕ, ਪਲਾਇਨਵਾਦੀ ਜਾਂ ਬਦਲਾ ਲਊ ਸੋਚ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ। ਇਨ੍ਹਾਂ ਸਾਰੇ ਬਾਣੀਕਾਰਾਂ ਨੇ ਅਰੋਗ ਸੋਚ ਦੀ ਹੀ ਵਡਿਆਈ ਕੀਤੀ ਹੈ। ਸ਼ਾਇਦ ਉਨ੍ਹਾਂ ਦੇ ਇਸੇ ਗੁਣ ਕਰਕੇ ਗੁਰੂ ਅਰਜਨ ਦੇਵ ਨੇ ਉਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਥਾਨ ਦਿੱਤਾ ਹੈ।
ਬੇਗਮਪੁਰਾ ਨਗਰੀ ਦਾ ਸੰਕਲਪ ਬਿਲਕੁਲ ਨਵਾਂ, ਅਜਬ ਅਤੇ ਕਰੁਣਾਮਈ ਭਾਵਨਾ ਨਾਲ ਰੰਗਿਆ ਹੋਇਆ ਹੈ। ਭਗਤ ਰਵਿਦਾਸ ਦੇ ਸਮੇਂ ਟੈਕਸਾਂ ਕਾਰਨ ਲੋਕਾਂ ਵਿਚ ਖੌਫ਼ ਅਤੇ ਹਰ ਪਾਸੇ ਆਪੋ-ਧਾਪੀ ਸੀ। ਰਾਜਿਆਂ ਦੇ ਮਹਿਲਾਂ ਵਿਚ ਜਾਣ ਦੀ ਮਨਾਹੀ ਸੀ ਤੇ ਆਮ ਲੋਕਾਂ ਨੂੰ ਇਨਸਾਫ ਨਹੀਂ ਸੀ ਮਿਲਦਾ। ਇਸੇ ਲਈ ਭਗਤ ਰਵਿਦਾਸ ਜੀ ਨੇ ਬੇਗਮਪੁਰੇ ਦੇ ਸਕੰਲਪ ਦੀ ਉਸਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਸਾਰੇ ਤੱਥਾਂ ਅਤੇ ਅਲਾਮਤਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਨਿਸ਼ਾਨਦੇਈ ਕਰ ਲਈ ਸੀ। ਉਨ੍ਹਾਂ ਨੇ ਇਸੇ ਕਰਕੇ ਬੇਗਮਪੁਰੇ ਨਗਰੀ ਦਾ ਬਹੁਤ ਹੀ ਸੁੰਦਰ ਚਿੱਤਰਣ ਕੀਤਾ ਹੈ। ਇਸ ਬਚਿੱਤਰ ਨਗਰੀ ਵਿਚ ਵਸਨੀਕਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ, ਦਰਦ, ਡਰ, ਗਮ, ਪ੍ਰੇਸ਼ਾਨੀ ਨਹੀਂ ਹੋ ਸਕਦੀ। ਰਾਜਨੀਤਿਕ ਪ੍ਰਬੰਧ ਵਿਚ ਕਿਸੇ ਤਰ੍ਹਾਂ ਦੇ ਟੈਕਸ, ਖੌਫ਼, ਤਰਸ, ਖਤਾ ਦੀ ਕੋਈ ਥਾਂ ਨਹੀਂ ਹੈ। ਇਹ ਤਾਂ ਅਜਿਹੀ ਨਗਰੀ ਹੈ, ਜਿੱਥੇ ਖੁਸ਼ੀਆਂ ਦਾ ਵਾਸਾ ਹੋਵੇਗਾ ਅਤੇ ਸਦਾ ਹੀ ਅਕਾਲ ਪੁਰਖ ਦੀ ਰਹਿਮਤ ਦੀ ਵਰਖਾ ਨਿਰੰਤਰ ਹੋਣ ਨਾਲ ਹਰ ਪ੍ਰਕਾਰ ਦਾ ਖੈਰ-ਸੁੱਖ ਹੋਵੇਗਾ। ਇਸ ਨਗਰੀ ਦੇ ਵਸਨੀਕ ਹਰ ਤਰ੍ਹਾਂ ਦੀ ਗੁਲਾਮੀ ਤੋਂ ਮੁਕਤ ਹੋਣਗੇ ਅਤੇ ਸਭ ਨੂੰ ਮਹਿਲਾਂ ਵਿਚ ਜਾਣ ਦੀ ਆਜ਼ਾਦੀ ਹੋਵੇਗੀ। ਸਮਾਜ ਵਿੱਚ ਸੁੱਖ-ਸ਼ਾਂਤੀ ਅਤੇ ਸਾਰਾ ਹੀ ਮਾਨਵ-ਸਮਾਜ ਗ਼ਮ-ਰਹਿਤ ਹੋਵੇਗਾ। ਪਿਆਰ ਅਤੇ ਪ੍ਰੇਮ ਦੀ ਗੰਗਾ ਵਹਿੰਦੀ ਨਜ਼ਰ ਆਵੇਗੀ, ਜਾਤੀ-ਪ੍ਰਥਾ ਤੋਂ ਦੂਰ ਸਮਾਜ ਬਰਾਬਰਤਾ ਦਾ ਸੁੱਖ ਭੋਗੇਗਾ। ਉਨ੍ਹਾਂ ਨੇ ਬਹੁਤ ਹੀ ਸੁੰਦਰ ਸ਼ਬਦਾਂ ਵਿਚ ਦੱਸਿਆ ਹੈ:
ਬੇਗਮ ਪੁਰਾ ਸਹਰ ਕੋ ਨਾਉ।।
ਦੂਖੁ ਅੰਦੋਹੁ ਨਹੀ ਤਿਹਿ ਠਾਉ।।
ਭਗਤ ਜੀ ਨੇ ਜਿੱਥੇ ਇਸ ਸੰਕਲਪ ਨੂੰ ਕਿਰਤ ਕਰਨ, ਬਰਾਬਰਤਾ, ਪ੍ਰੇਮ ਭਾਈਚਾਰਾ, ਦੁੱਖ ਰਹਿਤ ਮਨੁੱਖੀ ਸਮਾਜ, ਆਜ਼ਾਦੀ ਅਤੇ ਅਧਿਆਤਮਿਕਤਾ ਨਾਲ ਜੋੜਿਆ, ਉੱਥੇ ਹੀ ਮਨੁੱਖਤਾ ਨੂੰ ਇਕ ਨਵੀਂ ਸੇਧ ਦੇ ਕੇ ਰਾਜਿਆਂ, ਧਨਾਢਾਂ, ਜ਼ਿਮੀਦਾਰਾਂ ਅਤੇ ਅਮੀਰ ਲੋਕਾਂ ਨੂੰ ਵੀ ਮਨੁੱਖਤਾ ਦੇ ਭਲੇ ਲਈ ਵੰਗਾਰਿਆ।
ਸੰਪਰਕ: 98764-52223