DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਗਤੀ ਅਤੇ ਤਿਆਗ ਦੇ ਪ੍ਰਤੀਕ ਬਾਬਾ ਸ੍ਰੀ ਚੰਦ

ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਬਿਕ੍ਰਮੀ ਸੰਮਤ 1551 ਭਾਦੋਂ ਸੁਦੀ ਨੌਮੀ ਦੇ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇਵ ਅਤੇ ਮਾਤਾ ਸੁਲੱਖਣੀ ਦੇ ਘਰ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਬਾਬਾ ਜੀ ਨੇ ਮੁੱਢਲੀ ਸਿੱਖਿਆ ਪੰਡਿਤ ਹਰਦਿਆਲ ਕੋਲੋਂ ਹਾਸਲ ਕੀਤੀ ਅਤੇ...
  • fb
  • twitter
  • whatsapp
  • whatsapp
featured-img featured-img
ਪਠਾਨਕੋਟ ਸਥਿਤ ਗੁਰਦੁਆਰਾ ਬਾਰਠ ਸਾਹਿਬ।
Advertisement

ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਬਿਕ੍ਰਮੀ ਸੰਮਤ 1551 ਭਾਦੋਂ ਸੁਦੀ ਨੌਮੀ ਦੇ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇਵ ਅਤੇ ਮਾਤਾ ਸੁਲੱਖਣੀ ਦੇ ਘਰ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਬਾਬਾ ਜੀ ਨੇ ਮੁੱਢਲੀ ਸਿੱਖਿਆ ਪੰਡਿਤ ਹਰਦਿਆਲ ਕੋਲੋਂ ਹਾਸਲ ਕੀਤੀ ਅਤੇ ਇਸ ਪਿੱਛੋਂ ਕਸ਼ਮੀਰ ਜਾ ਕੇ ਪੰਡਿਤ ਪਰਸ਼ੋਤਮ ਕੋਲੋਂ ਬ੍ਰਹਮ ਵਿੱਦਿਆ ਲਈ। ਇਸ ਮਗਰੋਂ ਉਨ੍ਹਾਂ ਨੇ ਕਸ਼ਮੀਰ ਵਿਚ ਹੀ ਉਦਾਸੀਨ ਮਹਾਂਪੁਰਸ਼ ਅਵਨਾਸੀ ਮੁਨੀ ਜੀ ਨੂੰ ਗੁਰੂ ਧਾਰਨ ਕੀਤਾ ਅਤੇ ਉਨ੍ਹਾਂ ਤੋਂ ਉਪਦੇਸ਼ ਲੈ ਕੇ ਜਗਤ ਉਧਾਰ ਕਰਨ ਲਈ ਤੁਰ ਪਏ। ਉਸ ਸਮੇਂ ਮੁਗਲ ਬਾਦਸ਼ਾਹ ਹਿੰਦੂ ਧਰਮ ’ਤੇ ਅੱਤਿਆਚਾਰ ਕਰ ਰਹੇ ਸਨ। ਬਾਬਾ ਜੀ ਨੇ ਧਰਮ ਦੀ ਰੱਖਿਆ ਲਈ ਵਿਸ਼ੇਸ਼ ਉੱਦਮ ਕਰਦਿਆਂ ਧਰਮ ਪ੍ਰਚਾਰ ਦੇ ਪੰਜ ਕੇਂਦਰ ਸਥਾਪਿਤ ਕੀਤੇ। ਪਹਿਲਾ ਸਥਾਨ ਸ੍ਰੀਨਗਰ (ਕਸ਼ਮੀਰ ਵਿੱਚ), ਦੂਜਾ ਸਥਾਨ ਕਾਬੁਲ (ਅਫ਼ਗਾਨਿਸਤਾਨ), ਤੀਜਾ ਸਥਾਨ ਸੀਨਾ ਪ੍ਰਾਂਤ (ਪਿਸ਼ਾਵਰ), ਚੌਥਾ ਸਥਾਨ ਸਿੰਧ ਸੱਖ਼ਰ ਠੱਠਾ (ਹੁਣ ਪਾਕਿਸਤਾਨ) ਅਤੇ ਪੰਜਵਾਂ ਸਥਾਨ ਬਾਰਠ ਸਾਹਿਬ (ਪਠਾਨਕੋਟ) ਵਿੱਚ ਸਥਾਪਿਤ ਕੀਤਾ। ਉਸ ਸਮੇਂ ਦੌਰਾਨ ਮੁਗਲ ਬਾਦਸ਼ਾਹਾਂ ਨੇ ਜਿਹੜੇ ਮੰਦਰਾਂ ਨੂੰ ਬੰਦ ਕਰਵਾ ਦਿੱਤਾ ਸੀ, ਉਨ੍ਹਾਂ ਮੰਦਰਾਂ ’ਚ ਜਾ ਕੇ ਬਾਬਾ ਸ੍ਰੀ ਚੰਦ ਨੇ ਆਰਤੀਆਂ ਮੁੜ ਸ਼ੁਰੂ ਕਰਵਾਈਆਂ ਅਤੇ ਉਸ ਸਮੇਂ ਦੇ ਰਾਜਿਆਂ ਨੂੰ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਇਸ ਮਗਰੋਂ ਬਾਰਠ ਸਾਹਿਬ, ਜੋ ਗੁਰਦਾਸਪੁਰ ਤੋਂ ਤਕਰੀਬਨ 22-23 ਕਿਲੋਮੀਟਰ ਦੀ ਦੂਰੀ ’ਤੇ ਪਠਾਨਕੋਟ ਮੁੱਖ ਸੜਕ ਦੇ ਸੱਜੇ ਪਾਸੇ ਵੱਲ ਸਥਿਤ ਹੈ, ਵਿੱਚ ਬਾਬਾ ਜੀ ਨੇ ਲਗਪਗ 62 ਸਾਲ ਤਪੱਸਿਆ ਕੀਤੀ। ਇਥੇ ਹੀ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਉਨ੍ਹਾਂ ਦੇ ਦਰਸ਼ਨਾਂ ਲਈ ਆਏ। ਇਸੇ ਸਥਾਨ ’ਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਉਨ੍ਹਾਂ ਦੇ ਚਰਨਾਂ ਵਿਚ ਭੇਟ ਕੀਤਾ। ਉਸ ਸਮੇਂ ਦਾ ਮੁਗਲ ਬਾਦਸ਼ਾਹ ਜਹਾਂਗੀਰ ਵੀ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨਾਂ ਲਈ ਇੱਥੇ ਪਹੁੰਚਿਆ ਸੀ।

ਅੱਜ ਵੀ ਬਾਰਠ ਸਾਹਿਬ ਦੇ ਅਸਥਾਨ ’ਤੇ ਸੰਗਤ ਦੀ ਵੱਡੀ ਸ਼ਰਧਾ ਹੈ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਇੱਥੇ ਪਹੁੰਚਦੀ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਖਾਸ ਕਰਕੇ ਸੰਗਰਾਂਦ ਵਾਲੇ ਦਿਨ ਇੱਥੇ ਭਾਰੀ ਜੋੜ ਮੇਲਾ ਲੱਗਦਾ ਹੈ।

Advertisement

ਬਾਬਾ ਜੀ ਨੇ ਧਰਮ ਪ੍ਰਚਾਰ ਅਤੇ ਸਰਬ-ਸਾਂਝੀਵਾਲਤਾ ਦਾ ਪ੍ਰਚਾਰ ਕਰਨ ਲਈ ਉਦੋਂ ਬਾਬਾ ਗੁਰਦਿੱਤਾ ਜੀ, ਬਾਬਾ ਧਰਮ ਚੰਦ ਜੀ, ਬਾਬਾ ਬਾਲ ਰਾਏ ਜੀ, ਬਾਬਾ ਬੜਤੂ ਜੀ ਅਤੇ ਭਗਤ ਭਗਵਾਨ ਜੀ ਨੂੰ ਉਪਦੇਸ਼ ਦੇ ਕੇ ਵੱਖ-ਵੱਖ ਦਿਸ਼ਾਵਾਂ ਵੱਲ ਤੋਰਿਆ। ਇਨ੍ਹਾਂ ਰਾਹੀਂ ਅੱਗੇ ਉਦਾਸੀਨ ਸੰਪ੍ਰਦਾਇ ਦਾ ਵਿਸਥਾਰ ਹੋਇਆ। ਅੱਜ ਲੱਖਾਂ ਸ਼ਰਧਾਲੂ ਦੇਸ਼ਾਂ-ਵਿਦੇਸ਼ਾਂ ’ਚ ਇਸ ਸੰਪ੍ਰਦਾਇ ਦਾ ਪ੍ਰਚਾਰ ਕਰ ਰਹੇ ਹਨ। ਧਰਮ ਦਾ ਪ੍ਰਚਾਰ ਕਰਦਿਆਂ ਬਾਬਾ ਸ੍ਰੀ ਚੰਦ ਜੀ ਨੇ ਲਿਖਿਆ:

ਸਿਆਹ, ਸਫੈਦ, ਜਰਦ, ਸੁਰਖ਼ਾਈ।

ਜੋ ਲਏ ਪੈਰਹਿ, ਸੋ ਗੁਰ ਭਾਈ।

ਇਸ ਦਾ ਭਾਵ ਇਹ ਹੈ ਕਿ ਜਿਨ੍ਹਾਂ ਸਾਧੂਆਂ ਨੇ ਕਾਲੇ, ਚਿੱਟੇ, ਪੀਲੇ ਜਾਂ ਲਾਲ ਵਸਤਰ ਪਹਿਨੇ ਹੋਏ ਹਨ, ਉਹ ਸਾਰੇ ਸਾਡੇ ਗੁਰ-ਭਾਈ ਹਨ। ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਕਿਉਂਕਿ ਉਹ ਸਾਰੇ ਧਰਮ ਦੇ ਨਾਲ-ਨਾਲ ਨਾਮ-ਸਿਮਰਨ ਦਾ ਪ੍ਰਚਾਰ ਕਰਦੇ ਹਨ।

ਕਿਹਾ ਜਾਂਦਾ ਹੈ ਕਿ ਧਰਮ ਦਾ ਪ੍ਰਚਾਰ ਕਰਦੇ ਹੋਏ ਬਾਬਾ ਸ੍ਰੀ ਚੰਦ ਜੀ ਚੰਬਾ (ਹਿਮਾਚਲ ਪ੍ਰਦੇਸ਼) ਗਏ। ਉੱਥੇ ਕੁਝ ਸਮਾਂ ਠਹਿਰਨ ਤੋਂ ਬਾਅਦ ਉਹ ਇਰਾਵਤੀ ਨਦੀ ਪਾਰ ਕਰਕੇ ਕੈਲਾਸ਼ ਪਰਬਤ ’ਤੇ ਚਲੇ ਗਏ। ਅੱਜ ਉਨ੍ਹਾਂ ਵੱਲੋਂ ਚਲਾਈ ਗਈ ਸੰਪਰਦਾ ਨੂੰ ਪੂਰੀ ਦੁਨੀਆ ਵਿੱਚ ‘ਉਦਾਸੀਨ ਭੇਖ ਮਹਾਂ ਮੰਡਲ’ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਤੋਂ ਇਲਾਵਾ ਕਈ ਹੋਰ ਮੁਲਕਾਂ ਵਿੱਚ ਵੀ ਉਨ੍ਹਾਂ ਦੇ ਉਦਾਸੀਨ ਡੇਰੇ ਕਾਇਮ ਹਨ, ਜਿੱਥੇ ਉਨ੍ਹਾਂ ਦੇ ਪੈਰੋਕਾਰ ਉਦਾਸੀਨ ਭੇਖ ਵਿੱਚ ਰਹਿ ਕੇ ਧਰਮ ਦਾ ਪ੍ਰਚਾਰ ਕਰਦੇ ਹਨ। ਬੀਤੇ ਦਿਨੀਂ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦਾ 531ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ ਹੈ।

ਬਾਬਾ ਸ੍ਰੀ ਚੰਦ ਜੀ ਨੇ ਆਪਣੇ ਜੀਵਨ ਕਾਲ ਵਿੱਚ ਸੇਵਾ, ਸਿਮਰਨ ਅਤੇ ਸਾਂਝੀਵਾਲਤਾ ਦੇ ਸਿਧਾਂਤਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਉਪਦੇਸ਼ ਸੀ ਕਿ ਹਰ ਮਨੁੱਖ ਨੂੰ ਆਪਣੇ ਮਨ ਨੂੰ ਵਿਕਾਰਾਂ ਤੋਂ ਮੁਕਤ ਕਰਕੇ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਤਿਆਗ, ਨਿਮਰਤਾ ਅਤੇ ਸਬਰ ਦਾ ਪਾਠ ਪੜ੍ਹਾਇਆ। ਇਸ ਸੰਪ੍ਰਦਾਇ ਦਾ ਮੁੱਖ ਮਕਸਦ ਲੋਕਾਂ ਨੂੰ ਆਤਮ-ਗਿਆਨ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਸੱਚੀ ਸ਼ਾਂਤੀ ਦਾ ਮਾਰਗ ਦਿਖਾਉਣਾ ਹੈ। ਅੱਜ ਵੀ ਉਦਾਸੀਨ ਸੰਪ੍ਰਦਾਇ ਦੇ ਡੇਰੇ ਗਿਆਨ, ਭਗਤੀ ਅਤੇ ਸੇਵਾ ਦੇ ਕੇਂਦਰ ਬਣੇ ਹੋਏ ਹਨ।

ਬਾਬਾ ਸ੍ਰੀ ਚੰਦ ਜੀ ਨੇ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਰਹਿਣ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖਾਂ ਦੇ ਨਾਲ-ਨਾਲ ਹਿੰਦੂਆਂ, ਮੁਸਲਮਾਨਾਂ ਅਤੇ ਹੋਰ ਭਾਈਚਾਰਿਆਂ ਨਾਲ ਵੀ ਚੰਗੇ ਸਬੰਧ ਬਣਾਈ ਰੱਖੇ। ਉਹ ਹਮੇਸ਼ਾ ਸਹਿਣਸ਼ੀਲਤਾ ਅਤੇ ਸਦਭਾਵਨਾ ਦਾ ਪ੍ਰਚਾਰ ਕਰਦੇ ਸਨ।

ਸੰਪਰਕ: 98769-24513

Advertisement
×