ਕੀ ਸਮ੍ਰਿਤੀ ਮੰਧਾਨਾ ਤੇ ਪਲਾਸ਼ ਮੁੱਛਲ 7 ਦਸੰਬਰ ਨੂੰ ਹੋਵੇਗਾ ਵਿਆਹ?
ਮਹਿਲਾ ਕ੍ਰਿਕਟਰ ਦੇ ਭਰਾ ਨੇ ਕਿਆਸਾਂ ਬਾਰੇ ਦਿੱਤੀ ਸਫ਼ਾਈ...ਵਿਆਹ ਅਜੇ ਵੀ ਮੁਲਤਵੀ ਹੈ
ਭਾਰਤੀ ਕ੍ਰਿਕਟਰ Smriti Mandhana ਅਤੇ ਸੰਗੀਤਕਾਰ Palash Muchhal ਉਦੋਂ ਤੋਂ ਸੁਰਖੀਆਂ ਵਿੱਚ ਹਨ ਜਦੋਂ ਉਨ੍ਹਾਂ ਦਾ ਬਹੁਤ-ਉਮੀਦ ਵਾਲਾ ਵਿਆਹ 23 ਨਵੰਬਰ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਮ੍ਰਿਤੀ ਦੇ ਪਿਤਾ ਸ੍ਰੀਨਿਵਾਸ ਮੰਧਾਨਾ ਦੇ ਬਹੁਤ ਬਿਮਾਰ ਹੋਣ ਤੋਂ ਬਾਅਦ ਸਾਂਗਲੀ ਵਿੱਚ ਅਸਲ ਸਮਾਰੋਹ ਰੱਦ ਕਰ ਦਿੱਤਾ ਗਿਆ ਸੀ, ਅਤੇ ਪਲਾਸ਼ ਨੂੰ ਵੀ ਤਣਾਅ ਅਤੇ ਸਿਹਤ ਸਬੰਧੀ ਫ਼ਿਕਰਾਂ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਅਫਵਾਹ ਫੈਲ ਗਈ ਕਿ ਇਸ ਜੋੜੇ ਨੇ ਆਪਣੇ ਵਿਆਹ ਦੀ ਨਵੀਂ ਤਰੀਕ 7 ਦਸੰਬਰ ਤੈਅ ਕੀਤੀ ਹੈ। ਪ੍ਰਸ਼ੰਸਕਾਂ ਨੇ ਇਸ ਖ਼ਬਰ ਨੂੰ ਉਤਸੁਕਤਾ ਨਾਲ ਸਾਂਝਾ ਕੀਤਾ, ਪਰ ਸਮ੍ਰਿਤੀ ਦੇ ਭਰਾ ਸ਼ਰਵਣ ਮੰਧਾਨਾ ਨੇ ਇਨ੍ਹਾਂ ਕਿਆਸਾਂ ਬਾਰੇ ਨੂੰ ਸਪੱਸ਼ਟ ਕੀਤਾ।
ਸ਼੍ਰਵਣ ਮੰਧਾਨਾ ਨੇ ਇਕ ਰੋਜ਼ਨਾਮਚੇ ਨੂੰ ਦੱਸਿਆ, ‘‘ਮੈਨੂੰ ਇਨ੍ਹਾਂ ਅਫ਼ਵਾਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੁਣ ਤੱਕ, ਇਹ (ਵਿਆਹ) ਅਜੇ ਵੀ ਮੁਲਤਵੀ ਹੈ।’’ ਵਿਆਹ ਮੁਲਤਵੀ ਹੋਣ ਤੋਂ ਫੌਰੀ ਮਗਰੋਂ ਸੋਸ਼ਲ ਮੀਡੀਆ ’ਤੇ ਗੈਰ-ਪ੍ਰਮਾਣਿਤ ਧੋਖਾਧੜੀ ਦੀਆਂ ਅਫ਼ਵਾਹਾਂ ਫੈਲ ਗਈਆਂ, ਜਿਨ੍ਹਾਂ ਨੇ ਸੁਝਾਅ ਦਿੱਤਾ ਕਿ ਵਿਆਹ ਰੱਦ ਕੀਤੇ ਜਾਣ ਦਾ ਸਬੰਧ ਰਿਸ਼ਤੇ ਦੇ ਮੁੱਦਿਆਂ ਨਾਲ ਹੋ ਸਕਦਾ ਹੈ। ਇਨ੍ਹਾਂ ਅਫਵਾਹਾਂ ਵਿਚ ਖਾਸ ਤੌਰ ’ਤੇ ਪਲਾਸ਼ ਮੁੱਛਲ ਨੂੰ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਨਾ ਤਾਂ ਪਰਿਵਾਰ ਨੇ ਇਨ੍ਹਾਂ ਕਿਆਸਾਂ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਸੰਬੋਧਿਤ ਕੀਤਾ।
ਰਿਪੋਰਟਾਂ ਮੁਤਾਬਕ ਪਲਾਸ਼ ਦੀ ਮਾਂ ਅਮਿਤਾ ਮੁੱਛਲ ਨੇ ਖੁਲਾਸਾ ਕੀਤਾ ਕਿ ਦੋਵੇਂ ਪਰਿਵਾਰ ਅਜੇ ਵੀ ਇਸ ਮੁਸ਼ਕਲ ਤੋਂ ਉਭਰ ਰਹੇ ਹਨ। ਉਨ੍ਹਾਂ ਇਕ ਰੋਜ਼ਨਾਮਚੇ ਨਾਂਲ ਗੱਲਬਾਤ ਵਿਚ ਕਿਹਾ, ‘‘ਸਮ੍ਰਿਤੀ ਅਤੇ ਪਲਾਸ਼ ਦੋਨੋ ਤਕਲੀਫ਼ ਵਿਚ ਹਨ... ਪਲਾਸ਼ ਨੇ ਆਪਣੀ ਵਹੁਟੀ ਨਾਲ ਘਰ ਆਉਣ ਦਾ ਸੁਪਨਾ ਦੇਖਿਆ ਸੀ। ਮੈਂ ਇੱਕ ਖਾਸ ਸਵਾਗਤ ਦੀ ਯੋਜਨਾ ਵੀ ਬਣਾਈ ਸੀ... ਸਭ ਕੁਝ ਠੀਕ ਹੋ ਜਾਵੇਗਾ, ਸ਼ਾਦੀ ਬਹੁਤ ਛੇਤੀ ਹੋਵੇਗੀ।’’
ਵਿਆਹ ਮੁਲਤਵੀ ਹੋਣ ਕਰਕੇ ਸੋਸ਼ਲ ਮੀਡੀਆ ’ਤੇ ਚੁੰਝ ਚਰਚਾ ਦਾ ਨਵਾਂ ਦੌਰ ਸ਼ੁਰੂ ਹੋ ਗਿਆ, ਜਿਸ ਵਿੱਚ ਗੈਰ-ਪ੍ਰਮਾਣਿਤ ਅਫਵਾਹਾਂ ਅਤੇ ਸਕਰੀਨਸ਼ਾਟ ਸ਼ਾਮਲ ਸਨ, ਜਿਸ ਨਾਲ ਵਿਆਹ ਦੇ ਕੋਰੀਓਗ੍ਰਾਫ਼ਰਾਂ, ਨੰਦਿਕਾ ਦਿਵੇਦੀ ਅਤੇ ਗੁਲਨਾਜ਼ ਖਾਨ ਨੂੰ ਵੀ ਵਿਵਾਦ ਵਿੱਚ ਘਸੀਟਿਆ ਗਿਆ। ਦੋਵਾਂ ਨੇ ਸਪੱਸ਼ਟ ਤੌਰ ’ਤੇ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਤੇ ਕਿਆਸਾਂ ਨੂੰ ਬੇਬੁਨਿਆਦ ਦੱਸਿਆ।

