ਜਦੋਂ ਇੰਸਟਾਗ੍ਰਾਮ ਰੀਲ ’ਚ ਲੱਭਿਆ ਲਾਪਤਾ ਪਤੀ... ਕੇਸ ਦਰਜ
ਇੱਕ ਔਰਤ ਨੇ ਆਪਣੇ ਪਤੀ, ਜੋ ਅੱਠ ਸਾਲਾਂ ਤੋਂ ਲਾਪਤਾ ਸੀ, ਨੂੰ ਇੱਕ ਇੰਸਟਾਗ੍ਰਾਮ ਰੀਲ(Instagram Reel) ਵਿੱਚ ਪਛਾਣ ਲਿਆ। ਹਾਲਾਂਕਿ ਇਹ ਪਲ ਖੁਸ਼ੀ ਦੀ ਬਜਾਏ ਉਸ ਲਾਪਤਾ ਵਿਅਕਤੀ ਲਈ ਮੁਸੀਬਤ ਭਰਿਆ ਬਣ ਗਿਆ, ਕਿਉਂਕਿ ਉਸ ਨੂੰ ਆਪਣੀ ਪਤਨੀ ਨੂੰ ਛੱਡਣ ਅਤੇ ਦੂਜੀ ਔਰਤ ਨਾਲ ਵਿਆਹ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਘਟਨਾ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਪੁਲੀਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਜਤਿੰਦਰ ਉਰਫ ਬਬਲੂ 2018 ਵਿੱਚ ਆਪਣੀ ਗਰਭਵਤੀ ਪਤਨੀ ਸ਼ੀਲੂ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਪੰਜਾਬ ਦੇ ਲੁਧਿਆਣਾ ਵਿੱਚ ਰਹਿ ਰਿਹਾ ਸੀ, ਜਿੱਥੇ ਉਸ ਨੇ ਕਥਿਤ ਤੌਰ ’ਤੇ ਦੁਬਾਰਾ ਵਿਆਹ ਕਰਵਾ ਲਿਆ ਸੀ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੰਡੀਲਾ ਇਲਾਕੇ ਦੇ ਮੁਰਾਰਨਗਰ ਦੀ ਰਹਿਣ ਵਾਲੀ ਸ਼ੀਲੂ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ’ਤੇ ਇੱਕ ਵੀਡੀਓ(Instagram Reel) ਵਿੱਚ ਆਪਣੇ ਪਤੀ ਨੂੰ ਦੇਖਿਆ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਪੁਲੀਸ ਕੋਲ ਪਹੁੰਚ ਕੀਤੀ,
ਜਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਉਸਦੀ ਪਛਾਣ ਅਤੇ ਟਿਕਾਣੇ ਦੀ ਪੁਸ਼ਟੀ ਕੀਤੀ।
ਆਤਮਾਊ ਪਿੰਡ ਦਾ ਰਹਿਣ ਵਾਲੇ ਜਤਿੰਦਰ ਨੂੰ 2018 ਵਿੱਚ ਉਸਦੇ ਪਿਤਾ ਵੱਲੋਂ ਲਾਪਤਾ ਦੱਸਿਆ ਗਿਆ ਸੀ। ਉਸ ਸਮੇਂ ਪਰਿਵਾਰ ਨੇ ਸ਼ੀਲੂ ਦੇ ਰਿਸ਼ਤੇਦਾਰਾਂ ’ਤੇ ਗਲਤ ਕੰਮ ਕਰਨ ਦਾ ਦੋਸ਼ ਲਗਾਇਆ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਬ-ਇੰਸਪੈਕਟਰ ਰਜਨੀਕਾਂਤ ਪਾਂਡੇ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਲੁਧਿਆਣਾ ਤੋਂ ਉਸ ਵਿਅਕਤੀ ਨੂੰ ਫੜਿਆ। ਸ਼ੀਲੂ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਰਕਲ ਅਫਸਰ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ, ‘‘ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।’’