ਵਿਆਹ ਅਣਮਿੱਥੇ ਸਮੇਂ ਲਈ ਮੁਲਤਵੀ; ਸਮ੍ਰਿਤੀ ਮੰਧਾਨਾ ਨੇ ਪਲਾਸ਼ ਮੁੱਛਲ ਨਾਲ ਵਿਆਹ ਵਾਲੀਆਂ ਸਾਰੀਆਂ ਪੋਸਟਾਂ ਹਟਾਈਆਂ
ਸੋਸ਼ਲ ਮੀਡੀਆ ’ਤੇ ਮੰਧਾਨਾ ਦੇ ਹੱਕ ਵਿਚ ਨਿੱਤਰੇ ਪ੍ਰਸ਼ੰਸਕ
ਭਾਰਤੀ ਕ੍ਰਿਕਟਰ ਸਮ੍ਰਿਤੀ ਮੰਧਾਨਾ ਨੇ ਸੰਗੀਤਕਾਰ ਪਲਾਸ਼ ਮੁੱਛਲ ਨਾਲ ਆਪਣੇ ਵਿਆਹ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਇੱਕ ਦਿਨ ਬਾਅਦ ਆਪਣੀ ਮੰਗਣੀ ਤੇ ਵਿਆਹ ਨਾਲ ਸਬੰਧਤ ਹਰੇਕ ਪੋਸਟ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਹੈ।
ਇਹ ਜੋੜਾ ਐਤਵਾਰ ਨੂੰ ਮੰਧਾਨਾ ਦੇ ਜੱਦੀ ਸ਼ਹਿਰ ਸਾਂਗਲੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲਾ ਸੀ। ਪਰ ਵਿਆਹ ਤੋਂ ਕੁਝ ਘੰਟੇ ਪਹਿਲਾਂ, ਮੰਧਾਨਾ ਦੇ ਪਿਤਾ ਸ਼੍ਰੀਨਿਵਾਸ ਦੀ ਸਵੇਰ ਦਾ ਨਾਸ਼ਤਾ ਕਰਨ ਮੌਕੇ ਅਚਾਨਕ ਸਿਹਤ ਖਰਾਬ ਹੋ ਗਈ। ਉਨ੍ਹਾਂ ਦੇ ਮੈਨੇਜਰ ਤੁਹਿਨ ਮਿਸ਼ਰਾ ਮੁਤਾਬਕ ਸ੍ਰੀਨਿਵਾਸ ਹੁਣਾ ਨੂੰ ਦਿਲ ਦੀ ਸਮੱਸਿਆ ਦੇ ਲੱਛਣ ਦਿਖਾਈ ਦਿੱਤੇ। ਜਦੋਂ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਵੇਲੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਮਿਸ਼ਰਾ ਨੇ ਕਿਹਾ, ‘‘ਸਮ੍ਰਿਤੀ ਬਹੁਤ ਸਪੱਸ਼ਟ ਹੈ- ਉਹ ਚਾਹੁੰਦੀ ਹੈ ਕਿ ਪਹਿਲਾਂ ਉਸ ਦੇ ਪਿਤਾ ਠੀਕ ਹੋਣ, ਅਤੇ ਬਾਅਦ ਵਿੱਚ ਉਸ ਦਾ ਵਿਆਹ ਹੋਵੇਗਾ।’’
ਇਸ ਜੋੜੇ ਦਾ ਸੰਗੀਤ, ਮਹਿੰਦੀ ਅਤੇ ਹਲਦੀ ਸਮਾਗਮ ਇਕ ਹਫ਼ਤੇ ਤੱਕ ਚੱਲਿਆ ਸੀ ਤੇ ਇਹ ਸਾਰੀਆਂ ਰਸਮਾਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ। ਜੇਮੀਮਾ ਰੌਡਰਿਗਜ਼, ਰਾਧਾ ਯਾਦਵ, ਸ਼ੈਫਾਲੀ ਵਰਮਾ, ਅਰੁੰਧਤੀ ਰੈੱਡੀ, ਸ਼ਿਵਾਲੀ ਸ਼ਿੰਦੇ ਅਤੇ ਰਿਚਾ ਘੋਸ਼ ਸਮੇਤ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਹੋਰ ਕਈ ਸਾਥੀ ਇਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ। 'ਦੁਲਹਨ ਟੀਮ ਬਨਾਮ ਲਾੜੇ ਦੀ ਟੀਮ' ਵਿਚਾਲੇ ਦੋਸਤਾਨਾ ਕ੍ਰਿਕਟ ਮੈਚ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਹੋ ਗਿਆ ਸੀ।
ਵਿਆਹ ਨੂੰ ਅਣਮਿੱਥੇ ਸਮੇਂ ਲਈ ਅੱਗੇ ਪਾਉਣ ਤੋਂ ਫੌਰੀ ਮਗਰੋਂ ਸਮ੍ਰਿਤੀ ਮੰਧਾਨਾ ਨੇ ਜਸ਼ਨਾਂ ਨਾਲ ਸਬੰਧਤ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਹਟਾ ਦਿੱਤੇ ਹਨ। ਇਨ੍ਹਾਂ ਵਿਚ ਮੰਗਣੀ ਦੀਆਂ ਪੋਸਟਾਂ ਅਤੇ ਪਰਦੇ ਪਿੱਛੇ ਦੀਆਂ ਝਲਕਾਂ ਸ਼ਾਮਲ ਸਨ। ਫੋਟੋਜ਼ ਤੇ ਵੀਡੀਓਜ਼ ਹਟਾਏ ਜਾਣ ਨੇ ਨਵੀਆਂ ਅਟਕਲਾਂ ਨੂੰ ਜਨਮ ਦਿੱਤਾ ਹੈ, ਪਰ ਆਨਲਾਈਨ ਯੂਜ਼ਰਜ਼ ਦੀ ਪ੍ਰਤੀਕਿਰਿਆ ਹਮਦਰਦੀ ਵਾਲੀ ਰਹੀ ਹੈ। ਪ੍ਰਸ਼ੰਸਕਾਂ ਨੇ ਮੰਧਾਨਾ ਦੇ ਪਿਤਾ ਦੀ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ।
View this post on Instagram
ਉਧਰ ਪਲਾਸ਼ ਮੁੱਛਲ ਦੀ ਪ੍ਰੋਫਾਈਲ ’ਤੇ ਅਜੇ ਵੀ ਮੰਗਣੀ ਦੀਆਂ ਸਾਰੀਆਂ ਪੋਸਟਾਂ ਹਨ, ਜਿਸ ਵਿੱਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ੂਟ ਕੀਤਾ ਗਿਆ ਵੀਡੀਓ ਵੀ ਸ਼ਾਮਲ ਹੈ, ਜਿਸ ਵਿਚ ਪਲਾਸ਼ ਨੇ ਮੰਧਾਨਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਚੇਤੇ ਰਹੇ ਕਿ ਭਾਰਤ ਨੇ ਇਸੇ ਸਟੇਡੀਅਮ ਵਿਚ ਮਹਿਲਾ ਵਿਸ਼ਵ ਕੱਪ ਦੀ ਟਰਾਫੀ ਜਿੱਤੀ ਸੀ। ਇਸ ਮੈਚ ਵਿੱਚ ਮੰਧਾਨਾ ਨੇ ਮੁੱਖ ਭੂਮਿਕਾ ਨਿਭਾਈ ਸੀ।

