ਸਾਲ ਦਾ ਆਖਰੀ ਸੂਰਜ ਗ੍ਰਹਿਣ ਅੱਜ, ਜਾਣੋ ਕਿੱਥੇ ਕਿੱਥੇ ਦੇਖਿਆ ਜਾ ਸਕੇਗਾ
Solar Eclipse 2025: ਐਤਵਾਰ ਨੂੰ ਅੱਜ (21 ਸਤੰਬਰ 2025) ਸਾਲ ਦਾ ਦੂਜਾ ਤੇ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ ਜਿਸ ਦੀ ਸ਼ੁਰੂਆਤ ਭਾਰਤੀ ਸਮੇਂ ਮੁਤਾਬਕ ਰਾਤੀਂ 10:59 ਵਜੇ ਹੋਵੇਗੀ ਤੇ ਇਹ ਤੜਕੇ 3:32 ਵਜੇ ਖ਼ਤਮ ਹੋਵੇਗਾ। ਸੂਰਜ ਗ੍ਰਹਿਣ ਕਰੀਬ ਸਾਢੇ ਚਾਰ ਘੰਟਿਆਂ ਲਈ ਰਹੇਗਾ, ਜਦੋਂਕਿ ਇਸ ਦੀ ਸਿਖਰ 1:11 ਵਜੇ ਹੋਵੇਗੀ। ਹਾਲਾਂਕਿ ਇਹ ਗ੍ਰਹਿਣ ਰਾਤ ਵਿਚ ਲੱਗਣ ਕਰਕੇ ਭਾਰਤ ਵਿਚ ਕਿਤੇ ਵੀ ਨਜ਼ਰ ਨਹੀਂ ਆਏਗਾ।
ਪੰਡਿਤ ਅਨਿਲ ਸ਼ਾਸਤਰੀ ਮੁਤਾਬਕ ਸੂਰਜ ਗ੍ਰਹਿਣ ਰਾਤ ਨੂੰ ਹੋਣ ਕਰਕੇ ਭਾਰਤ ਵਿਚ ਇਸ ਦਾ ਸੂਤਕ ਕਾਲ ਲਾਗੂ ਨਹੀਂ ਹੋਵੇਗਾ। ਇਹ ਨਿਵੇਕਲਾ ਨਜ਼ਾਰਾ ਮੁੱਖ ਰੂਪ ਵਿਚ ਅੰਟਾਰਕਟਿਕਾ, ਦੱਖਣੀ ਪ੍ਰਸ਼ਾਂਤ ਸਾਗਰ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਦੇਖਿਆ ਜਾ ਸਕੇਗਾ।
ਹਿੰਦੂ ਧਰਮ ਵਿਚ ਇਸ ਗ੍ਰਹਿਣ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਗ੍ਰਹਿਣ ਦੌਰਾਨ ਦੇਵੀ-ਦੇਵਤੇ ਕਸ਼ਟ ਵਿਚ ਰਹਿੰਦੇ ਹਨ ਤੇ ਆਲੇ ਦੁਆਲੇ ਨਕਾਰਾਤਮਕ ਊਰਜਾ ਵਧ ਜਾਂਦੀ ਹੈ। ਇਸ ਲਈ ਗ੍ਰਹਿਣ ਖ਼ਤਮ ਹੋਣ ਮਗਰੋਂ ਨਹਾਉਣ, ਦਾਨ ਤੇ ਗੰਗਾਜਲ ਦੇ ਛਿੜਕਾਓ ਦੀ ਰਵਾਇਤ ਹੈ।