ਜ਼ਿਲ੍ਹਾ ਮੈਜਿਸਟਰੇਟ ਨੂੰ ਅਜੀਬੋ ਗਰੀਬ ਸ਼ਿਕਾਇਤ: ਪਤਨੀ ਰਾਤ ਨੂੰ ‘ਨਾਗਿਨ’ ਬਣ ਕੇ ਫੁੰਕਾਰੇ ਮਾਰਦੀ ਹੈ
ਡੀਐੱਮ ਵੱਲੋਂ ਪੁਲੀਸ ਨੂੰ ਮਾਮਲੇ ਦੀ ਜਾਂਚ ਦੇ ਹੁਕਮ
ਯੂਪੀ ਦੀ ਮਹਿਮੂਦਾਬਾਦ ਤਹਿਸੀਲ ਦੇ ਲੋਧਾਸਾ ਪਿੰਡ ਦੇ ਸ਼ਿਕਾਇਤਕਰਤਾ ਮੇਰਾਜ ਨੇ 4 ਅਕਤੂਬਰ ਨੂੰ 'ਸਮਾਧਾਨ ਦਿਵਸ' (ਜਨਤਕ ਸ਼ਿਕਾਇਤ ਨਿਵਾਰਨ ਦਿਵਸ) ਮੌਕੇ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਆਨੰਦ ਦੇ ਸਾਹਮਣੇ ਆਪਣੀ ਮੁਸੀਬਤ ਬਿਆਨ ਕੀਤੀ।
ਮੇਰਾਜ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨਸੀਮੁਨ ਮਾਨਸਿਕ ਤੌਰ ’ਤੇ ਅਸਥਿਰ ਹੈ ਅਤੇ ਰਾਤਾਂ ਨੂੰ ‘ਨਾਗਿਨ’ ਹੋਣ ਦਾ ਨਾਟਕ ਕਰਦਿਆਂ ਫੁੰਕਾਰੇ ਮਾਰਦੀ ਹੈ ਅਤੇ ਉਸ ਨੂੰ ਡਰਾਉਂਦੀ ਹੈ।
ਮੇਰਾਜ ਨੇ ਦਾਅਵਾ ਕੀਤਾ ਕਿ ਉਸ ਦੇ ਵਾਰ-ਵਾਰ ਕਹਿਣ ਦੇ ਬਾਵਜੂਦ, ਸਥਾਨਕ ਪੁਲੀਸ ਇਸ ਮਾਮਲੇ ਵਿੱਚ ਕਾਰਵਾਈ ਕਰਨ ਵਿੱਚ ਅਸਫ਼ਲ ਰਹੀ, ਜਿਸ ਕਾਰਨ ਉਸ ਨੂੰ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕਰਨੀ ਪਈ ਹੈ।
ਸ਼ਿਕਾਇਤ ਨਿਵਾਰਨ ਪ੍ਰੋਗਰਾਮ ਵਿੱਚ ਮੌਜੂਦ ਅਧਿਕਾਰੀ ਇਸ ਅਸਾਧਾਰਨ ਸ਼ਿਕਾਇਤ ਤੋਂ ਹੈਰਾਨ ਰਹਿ ਗਏ ਅਤੇ ਦੁਚਿੱਤੀ ਵਿੱਚ ਪੈ ਗਏ। ਹਾਲਾਂਕਿ ਜ਼ਿਲ੍ਹਾ ਮੈਜਿਸਟਰੇਟ ਨੇ ਪੁਲੀਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਉਚਿਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, “ਸਾਨੂੰ ਇੱਕ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”