'Special Intensive Revision: ਬਿਹਾਰ ਵੋਟਰ ਸੂਚੀ ਖਰੜਾ ਜਾਰੀ; 65 ਲੱਖ ਤੋਂ ਵੱਧ ਨਾਂ ਕੱਟੇ
ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਤਹਿਤ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਦੇ ਖਰੜੇ ਵਿੱਚ 65 ਲੱਖ ਤੋਂ ਵੱਧ ਨਾਮ ਸ਼ਾਮਲ ਨਹੀਂ ਕੀਤੇ ਗਏ ਹਨ, ਜਿਸ ਕਾਰਨ ਕੁੱਲ 7.9 ਕਰੋੜ ਰਜਿਸਟਰਡ ਵੋਟਰਾਂ ਦੀ ਗਿਣਤੀ ਘੱਟ ਕੇ 7.24 ਕਰੋੜ ਰਹਿ ਗਈ ਹੈ।
ਵੋਟਰ ਸੂਚੀਆਂ ਦਾ ਖਰੜਾ ਆਨਲਾਈਨ ਅਤੇ ਸੂਬੇ ਦੇ ਸਾਰੇ 38 ਜ਼ਿਲ੍ਹਿਆਂ ਵਿੱਚ ਉਪਲਬਧ ਕਰਵਾ ਦਿੱਤਾ ਗਿਆ ਹੈ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ‘ਦਾਅਵਿਆਂ ਅਤੇ ਇਤਰਾਜ਼ਾਂ’ ਦੇ ਪੜਾਅ ਲਈ ਇਨ੍ਹਾਂ ਦੀਆਂ ਪ੍ਰਿੰਟ ਕਾਪੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਅਮਲ ਪਹਿਲੀ ਸਤੰਬਰ ਤੱਕ ਜਾਰੀ ਰਹੇਗਾ ਅਤੇ ਉਸ ਤੋਂ ਬਾਅਦ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਸੂਬੇ ਦੀ ਰਾਜਧਾਨੀ ਵਿੱਚ ਕਾਂਗਰਸ ਅਤੇ ਆਰਜੇਡੀ ਵਰਗੀਆਂ ਵਿਰੋਧੀ ਪਾਰਟੀਆਂ ਜੋ ਕਿ ਇਹ ਦੋਸ਼ ਲਗਾ ਰਹੀਆਂ ਹਨ ਕਿ ਇਹ ਕਾਰਵਾਈ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਐੱਨਡੀਏ ਗੱਠਜੋੜ ਦੀ ਮਦਦ ਕਰਨ ਦੇ ਇਰਾਦੇ ਨਾਲ ਕੀਤੀ ਗਈ ਸੀ, ਨੇ ਖਰੜਾ ਵੋਟਰ ਸੂਚੀਆਂ ਵਿੱਚ ਸਾਂਝੇ ਕੀਤੇ ਵੇਰਵਿਆਂ ’ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ Election Commission ਨੇ ਬਿਹਾਰ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹੀਨੇ ਭਰ ਚੱਲੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸੂਬੇ ਲਈ ਵੋਟਰ ਸੂਚੀਆਂ ਦਾ ਖਰੜਾ ਅੱਜ ਪ੍ਰਕਾਸ਼ਿਤ ਕੀਤਾ ਹੈ। ਹੁਣ ਇਸ ’ਤੇ ਪਹਿਲੀ ਸਤੰਬਰ ਤੱਕ ਵੋਟਰਾਂ ਤੋਂ ‘ਦਾਅਵੇ ਤੇ ਇਤਰਾਜ਼’ ਮੰਗੇ ਜਾਣਗੇ। ਵੋਟਰ ਆਪਣਾ ਨਾਮ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਦੇਖ ਸਕਦੇ ਹਨ। ਚੋਣ ਕਮਿਸ਼ਨ ਮੁਤਾਬਕ, ਐੱਸਆਈਆਰ ਦੇ ਪਹਿਲੇ ਗੇੜ ਵਿੱਚ ਵੋਟਰਾਂ ਨੂੰ ਜਾਂ ਤਾਂ ਬੂਥ ਪੱਧਰੀ ਅਧਿਕਾਰੀਆਂ (ਬੀਐੱਲਓ) ਜਾਂ ਸਿਆਸੀ ਪਾਰਟੀਆਂ ਵੱਲੋਂ ਨਾਮਜ਼ਦ ਬੂਥ ਪੱਧਰੀ ਏਜੰਟਾਂ (ਬੀਐੱਲਏ) ਵੱਲੋਂ ‘ਗਣਨਾ ਫਾਰਮ’ ਮੁਹੱਈਆ ਕੀਤੇ ਗਏ ਸਨ। ਇਨ੍ਹਾਂ ਫਾਰਮ ਨੂੰ ਉਨ੍ਹਾਂ ਨੇ ਆਪਣੇ ਦਸਤਖ਼ਤ ਕਰਨ ਅਤੇ ਪਛਾਣ ਦੇ ਪ੍ਰਮਾਣ ਵਜੋਂ ਮਨਜ਼ੂਰੀ ਦਸਤਾਵੇਜ਼ ਨੱਥੀ ਕਰਨ ਤੋਂ ਬਾਅਦ ਵਾਪਸ ਕਰਨਾ ਸੀ।
ਪਟਨਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3.95 ਲੱਖ ਵੋਟਰਾਂ ਦੇ ਨਾਮ ਕੱਟੇ
ਚੋਣ ਕਮਿਸ਼ਨ ਮੁਤਾਬਕ, ਪਟਨਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3.95 ਲੱਖ ਨਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਬਾਅਦ ਮਧੂਬਨੀ ਵਿੱਚ 3.52 ਲੱਖ, ਪੂਰਬੀ ਚੰਪਾਰਨ ਵਿੱਚ 3.16 ਲੱਖ ਅਤੇ ਗੋਪਾਲਗੰਜ ਵਿੱਚ 3.10 ਲੱਖ ਨਾਮ ਵੋਟਰ ਸੂਚੀ ’ਚ ਸ਼ਾਮਲ ਨਹੀਂ ਕੀਤੇ ਗਏ ਹਨ। ਐੱਸਆਈਆਰ ਸ਼ੁਰੂ ਹੋਣ ਤੋਂ ਪਹਿਲਾਂ, ਸੂਬੇ ਵਿੱਚ ਰਜਿਸਟਰਡ ਵੋਟਰਾਂ ਦੀ ਗਿਣਤੀ ਲਗਪਗ 7.9 ਕਰੋੜ ਸੀ। ਹਾਲਾਂਕਿ, ਚੋਣ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ 22.34 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, 36.28 ਲੱਖ ਲੋਕ ਸੂਬੇ ਤੋਂ ਪੱਕੇ ਤੌਰ ’ਤੇ ਹਿਜਰਤ ਕਰ ਚੁੱਕੇ ਹਨ ਜਾਂ ਆਪਣੇ ਦੱਸੇ ਪਤਿਆਂ ’ਤੇ ਨਹੀਂ ਮਿਲੇ ਅਤੇ 7.01 ਲੱਖ ਲੋਕ ਇੱਕ ਤੋਂ ਵੱਧ ਥਾਵਾਂ ’ਤੇ ਰਜਿਸਟਰਡ ਪਾਏ ਗਏ ਹਨ।