ਪੁਸ਼ਕਰ ਮੇਲਾ: 15 ਕਰੋੜ ਰੁਪਏ ਦਾ ਘੋੜਾ
ਚੰਡੀਗਡ਼੍ਹ ਵਾਸੀ ਗੈਰੀ ਗਿੱਲ ਦੇ ‘ਸ਼ਾਹਬਾਜ਼’ ਨੂੰ ਦੇਖਣ ਪੁੱਜੇ ਵੱਡੀ ਗਿਣਤੀ ਲੋਕ
ਰਾਜਸਥਾਨ ਦੇ ਪੁਸ਼ਕਰ ਵਿੱਚ ਲੱਗ ਰਹੇ ਸਾਲਾਨਾ ਪਸ਼ੂ ਮੇਲੇ ਵਿੱਚ ਚੰਡੀਗੜ੍ਹ ਦੇ ਗੈਰੀ ਗਿੱਲ ਦੇ ਅਸਤਬਲ ਦੇ ਢਾਈ ਸਾਲਾ ਘੋੜੇ ਸ਼ਾਹਬਾਜ਼ ਨੂੰ ਦੇਖਣ ਲਈ ਲੋਕਾਂ ਦੀ ਭੀੜ ਉਮੜ ਰਹੀ ਹੈ। ਮੇਲੇ ਵਿੱਚ 15 ਕਰੋੜ ਰੁਪਏ ਦਾ ਘੋੜਾ ਅਤੇ 23 ਕਰੋੜ ਰੁਪਏ ਦਾ ਝੋਟਾ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੁਸ਼ਕਰ ਦਾ ਇਹ ਮੇਲਾ ਭਾਰਤ ਦੇ ਪ੍ਰਮੁੱਖ ਪਸ਼ੂ ਮੇਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿੱਥੇ ਪਸ਼ੂ ਪਾਲਕ ਨਾ ਸਿਰਫ਼ ਉੱਤਮ ਨਸਲਾਂ ਦੇ ਪਸ਼ੂ ਲੈ ਕੇ ਪਹੁੰਚਦੇ ਹਨ, ਸਗੋਂ ਇਨ੍ਹਾਂ ਵਿੱਚੋਂ ਕਈ ਪਸ਼ੂਆਂ ਦੀ ਕੀਮਤ ਵੀ ਰਿਕਾਰਡ ਤੋੜ ਹੁੰਦੀ ਹੈ।
ਰਾਜਸਥਾਨ ਦੇ ਸੈਰ-ਸਪਾਟਾ ਵਿਭਾਗ ਅਨੁਸਾਰ, ਅਧਿਕਾਰਤ ਤੌਰ ’ਤੇ ਪੁਸ਼ਕਰ ਮੇਲਾ 30 ਅਕਤੂਬਰ ਤੋਂ 5 ਨਵੰਬਰ ਤੱਕ ਲਗਾਇਆ ਜਾਵੇਗਾ। ਚੰਡੀਗੜ੍ਹ ਦੇ ਗੈਰੀ ਗਿੱਲ ਨੇ ਦੱਸਿਆ, ‘‘‘ਸ਼ਾਹਬਾਜ਼’ ਕਈ ਸ਼ੋਅ ਜਿੱਤ ਚੁੱਕਾ ਹੈ ਅਤੇ ਇਹ ਇੱਕ ਵੱਕਾਰੀ ਵੰਸ਼ ਵਿੱਚੋਂ ਹੈ। ਇਸ ਦੀ ‘ਕਵਰਿੰਗ ਫੀਸ’ ਦੋ ਲੱਖ ਰੁਪਏ ਹੈ ਅਤੇ ਅਸੀਂ ਇਸ ਦੇ 15 ਕਰੋੜ ਰੁਪਏ ਮੰਗ ਰਹੇ ਹਾਂ।’’ ‘ਕਵਰਿੰਗ ਫੀਸ’ ਮਾਦਾ ਪਸ਼ੂ ਨਾਲ ਮੇਲ (ਮੇਟਿੰਗ) ਲਈ ਨਰ ਪਸ਼ੂ ਦੇ ਮਾਲਕ ਨੂੰ ਦਿੱਤੀ ਜਾਣ ਵਾਲੀ ਕੀਮਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮਾਰਵਾੜੀ ਨਸਲ ਦੇ ਇਸ ਘੋੜੇ ਲਈ ਉਸ ਨੂੰ ਨੌਂ ਕਰੋੜ ਰੁਪਏ ਤੱਕ ਦੀ ਪੇਸ਼ਕਸ਼ ਹੋ ਚੁੱਕੀ ਹੈ।
ਇਸ ਵਾਰ ਪਸ਼ੂ ਮੇਲੇ ਦਾ ਇੱਕ ਹੋਰ ਵੱਡਾ ਖਿੱਚ ਦਾ ਕੇਂਦਰ 1500 ਕਿਲੋਗ੍ਰਾਮ ਵਜ਼ਨੀ ਝੋਟਾ ‘ਅਨਮੋਲ’ ਹੈ, ਜਿਸ ਦੀ ਕੀਮਤ 23 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਮਾਲਕ ਪਲਮਿੰਦਰ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ‘ਅਨਮੋਲ’ ਨੂੰ ‘ਰਾਜਿਆਂ ਵਾਂਗ ਪਾਲਿਆ ਹੈ।’ ਉਸ ਨੂੰ ਹਰ ਰੋਜ਼ ਦੁੱਧ, ਦੇਸੀ ਘਿਓ ਅਤੇ ਸੁੱਕੇ ਮੇਵੇ ਖੁਆਏ ਜਾਂਦੇ ਹਨ। ਇਸ ਸੂਚੀ ਵਿੱਚ ਉਜੈਨ ਦਾ ਝੋਟਾ ‘ਰਾਣਾ’ ਵੀ ਸ਼ਾਮਲ ਹੈ, ਜਿਸ ਦੀ ਕੀਮਤ 25 ਲੱਖ ਰੁਪਏ ਦੱਸੀ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਇਹ ਝੋਟਾ ਹਰ ਰੋਜ਼ ਲਗਪਗ 1,500 ਰੁਪਏ ਦੀ ਖੁਰਾਕ ਖਾਂਦਾ ਹੈ, ਜਿਸ ਵਿੱਚ ਬੇਸਨ, ਅੰਡੇ, ਤੇਲ, ਦੁੱਧ, ਘਿਓ ਅਤੇ ਲੀਵਰ ਟੌਨਿਕ ਸ਼ਾਮਲ ਹਨ। ਮੇਲੇ ਵਿੱਚ ਮੌਜੂਦ ਇੱਕ ਤਜਰਬੇਕਾਰ ਮਾਰਵਾੜੀ ਘੋੜੇ ‘ਬਾਦਲ’ ਦੇ ਮਾਲਕ ਦਾ ਦਾਅਵਾ ਹੈ ਕਿ ਘੋੜੇ ਦੀ 11 ਕਰੋੜ ਰੁਪਏ ਤੱਕ ਦੀ ਬੋਲੀ ਲੱਗ ਚੁੱਕੀ ਹੈ।
16 ਇੰਚ ਦੀ ਗਾਂ
ਬਗਰੂ (ਜੈਪੁਰ) ਦਾ ਅਭਿਨਵ ਤਿਵਾੜੀ ਪੁਸ਼ਕਰ ਮੇਲੇ ਵਿੱਚ ਵੱਖ-ਵੱਖ ਨਸਲਾਂ ਦੀਆਂ 15 ਤੋਂ ਵੱਧ ਗਾਵਾਂ ਲੈ ਕੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਗਾਂ ਦਾ ਕੱਦ ਸਿਰਫ਼ 16 ਇੰਚ ਹੈ। ਇਸ ਨੂੰ ਮੇਲੇ ਦੀ ਸਭ ਤੋਂ ਛੋਟੀਆਂ ਗਾਵਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

