ਭਾਰਤੀਆਂ ’ਚ ਤੇਜ਼ੀ ਨਾਲ ਫੈਲ ਰਿਹੈ ਮੋਟਾਪਾ: ਯੂਨੀਸੈਫ
ਯੂਨੀਸੈਫ ਇੰਡੀਆ ਦੇ ਮਾਹਿਰਾਂ ਨੇ ਅੱਜ ਇਹ ਖੁਲਾਸਾ ਕੀਤਾ ਹੈ ਕਿ ਦੇਸ਼ ਭਰ ਵਿੱਚ ਲਗਾਤਾਰ ਬੈਠੇ ਰਹਿਣ ਵਾਲੀ ਜੀਵਨ ਸ਼ੈਲੀ ਅਤੇ ultra-processed ਭੋਜਨਾਂ ਦੀ ਵਧੇਰੇ ਖਪਤ ਕਾਰਨ ਹਰ ਉਮਰ ਵਰਗ ਦੇ ਲੋਕਾਂ ਵਿੱਚ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ।
ਯੂਨੀਸੈਫ ਵੱਲੋਂ ਅੱਜ ਜਾਰੀ ਕੀਤੀ ਗਈ ਚਾਈਲਡ ਨਿਊਟ੍ਰੀਸ਼ਨ ਗਲੋਬਲ ਰਿਪੋਰਟ 2025 ਮੁਤਾਬਕ ਮੋਟਾਪਾ, ਪਹਿਲੀ ਵਾਰ, ਸਕੂਲ ਜਾਣ ਵਾਲੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਕੁਪੋਸ਼ਣ ਦੇ ਸਭ ਤੋਂ ਆਮ ਰੂਪ ਵਜੋਂ ਵਿਸ਼ਵ ਪੱਧਰ ’ਤੇ ਘੱਟ ਭਾਰ ਨੂੰ ਪਛਾੜ ਗਿਆ ਹੈ।
ਯੂਨੀਸੇਫ ਵੱਲੋਂ ਇੱਥੇ ਕਰਵਾਏ ਗਏ ਸਿਹਤਮੰਦ ਖੁਰਾਕਾਂ ’ਤੇ ਇੱਕ ਰਾਸ਼ਟਰੀ ਮੀਡੀਆ ਗੋਲਮੇਜ਼ ਵਿੱਚ ਮਾਹਿਰਾਂ ਨੇ ਵਧੇ ਹੋਏ ਸਕਰੀਨ ਸਮੇਂ, ਘੱਟ ਸਰੀਰਕ ਗਤੀਵਿਧੀ ਅਤੇ ਅਲਟਰਾ-ਪ੍ਰੋਸੈਸਡ ਭੋਜਨ (UPFs) ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵੱਧ ਵਰਤੋਂ ਅਤੇ ਬੱਚਿਆਂ ਤੇ ਕਿਸ਼ੋਰਾਂ ਦੇ ਇੱਕ ਗੈਰ-ਸਿਹਤਮੰਦ ਭੋਜਨ ਦੀ ਵਧੀ ਖਪਤ ਬਾਰੇ ਚਿਤਾਵਨੀ ਦਿੱਤੀ ਹੈ।
ਮਾਹਿਰਾਂ ਨੇ ਕਿਹਾ ਕਿ ਭਾਰਤ ਛੋਟੇ ਬੱਚਿਆਂ ਤੋਂ ਲੈ ਕੇ ਬਾਲਗਾਂ ਤੱਕ ਸਾਰੇ ਉਮਰ ਸਮੂਹਾਂ ਵਿੱਚ ਵੱਧ ਭਾਰ ਅਤੇ ਮੋਟਾਪੇ ਵਿੱਚ ਤੇਜ਼ੀ ਨਾਲ ਵਾਧਾ ਦੇਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ 10 ਵਿੱਚੋਂ ਇੱਕ ਬੱਚਾ, ਲਗਭਗ 188 ਮਿਲੀਅਨ, ਹੁਣ ਮੋਟਾਪੇ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਇਸ ਨੂੰ ਅਮੀਰੀ ਦੀ ਸਥਿਤੀ ਮੰਨਿਆ ਜਾਂਦਾ ਸੀ, ਜਦਕਿ ਮੋਟਾਪਾ ਭਾਰਤ ਸਣੇ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।
ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ 2000 ’ਚ ਵੱਧ ਭਾਰ ਦਾ ਪ੍ਰਚਲਨ ਸਭ ਤੋਂ ਘੱਟ ਸੀ ਪਰ 2022 ਤੱਕ 5-19 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਇਹ ਪ੍ਰਚਲਨ ਲਗਭਗ ਪੰਜ ਗੁਣਾ ਵਧ ਗਿਆ।
ਭਾਰਤ ਵਿੱਚ ਕੌਮੀ ਪਰਿਵਾਰ ਸਿਹਤ ਸਰਵੇਖਣ (NFHS) ਦੇ ਅੰਕੜਿਆਂ ਮੁਤਾਬਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਵੱਧ ਭਾਰ ਅਤੇ ਮੋਟਾਪੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਵਿੱਚ ਪ੍ਰਚਲਨ 127 ਫ਼ੀਸਦੀ (2005-06 ਵਿੱਚ NFHS-3 ਅਤੇ 2019-21 ਵਿੱਚ NFHS-5 ਦੇ ਵਿਚਕਾਰ 1.5 ਤੋਂ 3.4 ਫ਼ੀਸਦੀ ਤੱਕ) ਵਧਿਆ ਹੈ।
ਕਿਸ਼ੋਰਾਂ ਵਿੱਚ ਕੁੜੀਆਂ ’ਚ ਵੱਧ ਭਾਰ ਅਤੇ ਮੋਟਾਪਾ 125 ਫ਼ੀਸਦੀ (2.4 ਤੋਂ 5.4 ਫ਼ੀਸਦੀ) ਅਤੇ ਮੁੰਡਿਆਂ ਵਿੱਚ 288 ਪ੍ਰਤੀਸ਼ਤ (1.7 ਤੋਂ 6.6 ਫ਼ੀਸਦੀ) ਵਧਿਆ ਹੈ।
ਬਾਲਗਾਂ ਵਿੱਚ, ਔਰਤਾਂ ਵਿੱਚ ਮੋਟਾਪਾ 91 ਫ਼ੀਸਦੀ (12.6 ਤੋਂ 24 ਫ਼ੀਸਦੀ) ਅਤੇ ਮਰਦਾਂ ਵਿੱਚ 146 ਫ਼ੀਸਦੀ (9.3 ਤੋਂ 22.9 ਫ਼ੀਸਦੀ) ਵਧਿਆ, ਜੋ ਕਿ ਇੱਕ ਦੇਸ਼ ਵਿਆਪੀ ਸਿਹਤ ਸੰਕਟ ਵੱਲ ਇਸ਼ਾਰਾ ਕਰਦਾ ਹੈ।
ਮਾਹਿਰਾਂ ਮੁਤਾਬਕ 2030 ਤੱਕ ਭਾਰਤ ਵਿੱਚ 27 ਮਿਲੀਅਨ ਤੋਂ ਵੱਧ ਬੱਚੇ ਅਤੇ ਕਿਸ਼ੋਰ (5-19 ਸਾਲ) ਮੋਟਾਪੇ ਨਾਲ ਜੀ ਰਹੇ ਹੋਣਗੇ, ਜੋ ਕਿ ਵਿਸ਼ਵਵਿਆਪੀ ਸੰਕਟ ਦਾ 11 ਫ਼ੀਸਦੀ ਹੈ।