ਹਿਮਾਚਲ ਸਰਕਾਰ ’ਚ ਮੰਤਰੀ ਵਿਕਰਮਾਦਿੱਤਿਆ ਸਿੰਘ ਚੰਡੀਗੜ੍ਹ ਦੀ ਅਮਰੀਨ ਸੇਖੋਂ ਨਾਲ ਵਿਆਹ ਬੰਧਨ ਵਿਚ ਬੱਝੇ
ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਅਤੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਐਤਵਾਰ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਨਿੱਜੀ ਸਮਾਰੋਹ ਵਿੱਚ ਪੰਜਾਬ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਲੰਬੇ ਸਮੇਂ ਤੋਂ ਜਾਣੂ ਅਮਰੀਨ ਸੇਖੋਂ ਨਾਲ ਵਿਆਹ ਬੰਧਨ ਵਿਚ ਬੱਝ ਗਏ।
ਲਾੜੀ ਅਮਰੀਨ ਸੇਖੋਂ ਇੱਕ ਬਹੁਤ ਹੀ ਨਿਪੁੰਨ ਅਕਾਦਮਿਕ ਹੈ। ਉਸ ਨੇ ਅੰਗਰੇਜ਼ੀ ਅਤੇ ਮਨੋਵਿਗਿਆਨ ਵਿੱਚ ਦੋਹਰੀ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਹਨ।
ਉਸ ਨੇ ਮਨੋਵਿਗਿਆਨ ਵਿੱਚ ਪੀਐਚ.ਡੀ ਕੀਤੀ ਹੈ, ਅਤੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਵੀ ਕੀਤੀ ਹੈ।
ਮੌਜੂਦਾ ਸਮੇਂ ਉਹ ਪੰਜਾਬ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹੈ। ਉਹ ਸਰਦਾਰ ਜੋਤਿੰਦਰ ਸਿੰਘ ਸੇਖੋਂ ਅਤੇ ਓਪਿੰਦਰ ਕੌਰ ਦੀ ਧੀ ਹੈ।
ਵਿਕਰਮਾਦਿੱਤਿਆ ਸਿੰਘ ਦੇ ਮਾਮਾ ਪ੍ਰਿਥਵੀ ਰਾਜ ਸਿੰਘ ਨੇ ਇਸ ਨਵਵਿਆਹੇ ਜੋੜੇ ਨਾਲ ਸਮਾਰੋਹ ਦੀ ਇੱਕ ਫੋਟੋ ਪੋਸਟ ਕੀਤੀ।
ਇਹ ਸਿੰਘ ਦਾ ਦੂਜਾ ਵਿਆਹ ਹੈ। ਰਾਜਸਥਾਨ ਦੇ ਅਮੇਤ ਦੀ ਰਾਜਕੁਮਾਰੀ ਸੁਦਰਸ਼ਨਾ ਚੁੰਡਾਵਤ ਨਾਲ ਉਸ ਦਾ ਪਹਿਲਾ ਵਿਆਹ 2019 ਵਿੱਚ ਹੋਇਆ ਸੀ ਅਤੇ ਨਵੰਬਰ 2024 ਵਿੱਚ ਦੋਵਾਂ ਦਾ ਤਲਾਕ ਹੋ ਗਿਆ।
ਵਿਕਰਮਾਦਿੱਤਿਆ ਸਿੰਘ, ਜਿਨ੍ਹਾਂ ਦਾ ਜਨਮ 17 ਅਕਤੂਬਰ, 1989 ਨੂੰ ਹੋਇਆ, ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਮਰਹੂਮ ਵੀਰਭੱਦਰ ਸਿੰਘ ਦੇ ਪੁੱਤਰ ਹਨ। ਉਹ ਕਾਂਗਰਸ ਦੇ ਇੱਕ ਪ੍ਰਮੁੱਖ ਨੇਤਾ ਵਜੋਂ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।
ਮੌਜੂਦਾ ਸਮੇਂ ਉਹ ਹਿਮਾਚਲ ਵਿਧਾਨ ਸਭਾ ਵਿੱਚ ਸ਼ਿਮਲਾ ਪੇਂਡੂ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਕੋਲ ਹਿਮਾਚਲ ਪ੍ਰਦੇਸ਼ ਕੈਬਨਿਟ ਵਿੱਚ ਅਹਿਮ ਵਿਭਾਗ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਿੰਘ ਨੇ ਮੰਡੀ ਹਲਕੇ ਤੋਂ ਚੋਣ ਲੜੀ ਸੀ ਪਰ ਉਹ ਅਦਾਕਾਰ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਤੋਂ ਹਾਰ ਗਏ ਸਨ।
ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਦੇ ਸਾਬਕਾ ਵਿਦਿਆਰਥੀ, ਸਿੰਘ ਨੇ 2011 ਵਿੱਚ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਤੋਂ ਇਤਿਹਾਸ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ 2016 ਵਿੱਚ ਇਤਿਹਾਸ ਵਿੱਚ ਆਪਣੀ ਪੋਸਟ ਗ੍ਰੈਜੂਏਟ ਪੜ੍ਹਾਈ ਪੂਰੀ ਕੀਤੀ। ਆਪਣੇ ਰਾਜਨੀਤਿਕ ਕਰੀਅਰ ਤੋਂ ਇਲਾਵਾ ਉਹ ਇੱਕ ਕੌਮੀ ਪੱਧਰ ਦਾ ਟ੍ਰੈਪ ਸ਼ੂਟਰ ਵੀ ਹੈ, ਜਿਸ ਨੇ 2007 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।