ਕਾਮੇਡੀਅਨ ਕੁਨਾਲ ਕਾਮਰਾ ਨੇ ਆਰਐੱਸਐਸ ਦਾ ਮਜ਼ਾਕ ਉਡਾਉਣ ਵਾਲੀ ਟੀ-ਸ਼ਰਟ ਪਾਈ, ਭਾਜਪਾ ਵੱਲੋਂ ਸਖ਼ਤ ਆਲੋਚਨਾ ਤੇ ਚੇਤਾਵਨੀ
ਕਾਮੇਡੀਅਨ ਕੁਨਾਲ ਕਾਮਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਟੀ-ਸ਼ਰਟ ਪਹਿਨੇ ਹੋਏ ਤਸਵੀਰ ਪੋਸਟ ਕਰਨ ਤੋਂ ਬਾਅਦ ਇੱਕ ਹੋਰ ਵਿਵਾਦ ਨਾਲ ਆਪਣਾ ਨਾਤਾ ਜੋੜ ਲਿਆ ਹੈ। ਇਸ ਪੋਸਟ ਵਿਚ ਕਥਿਤ ਤੌਰ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦਾ ਮਜ਼ਾਕ ਉਡਾਇਆ...
ਕਾਮੇਡੀਅਨ ਕੁਨਾਲ ਕਾਮਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਟੀ-ਸ਼ਰਟ ਪਹਿਨੇ ਹੋਏ ਤਸਵੀਰ ਪੋਸਟ ਕਰਨ ਤੋਂ ਬਾਅਦ ਇੱਕ ਹੋਰ ਵਿਵਾਦ ਨਾਲ ਆਪਣਾ ਨਾਤਾ ਜੋੜ ਲਿਆ ਹੈ। ਇਸ ਪੋਸਟ ਵਿਚ ਕਥਿਤ ਤੌਰ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦਾ ਮਜ਼ਾਕ ਉਡਾਇਆ ਗਿਆ ਹੈ। ਉਧਰ ਇਸ ਪੋਸਟ 'ਤੇ ਭਾਜਪਾ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਕਿ ਆਨਲਾਈਨ "ਇਤਰਾਜ਼ਯੋਗ" ਸਮੱਗਰੀ ਸਾਂਝੀ ਕਰਨ ਵਾਲਿਆਂ ਵਿਰੁੱਧ ਪੁਲੀਸ ਕਾਰਵਾਈ ਕੀਤੀ ਜਾ ਸਕਦੀ ਹੈ।
ਮਹਾਰਾਸ਼ਟਰ ਦੇ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ, "ਪੁਲੀਸ ਅਜਿਹੀਆਂ ਇਤਰਾਜ਼ਯੋਗ ਪੋਸਟਾਂ ਪਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕਰੇਗੀ।" ਉਨ੍ਹਾਂ ਇਹ ਸ਼ਬਦ ਉਦੋਂ ਕਹੇ ਜਦੋਂ ਉਹ ਕਾਮਰਾ ਦੀ ਨਵੀਨਤਮ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦੇ ਰਹੇ ਸਨ, ਜਿਸ ਵਿੱਚ ਭਾਜਪਾ ਦੇ ਵਿਚਾਰਧਾਰਕ ਸਲਾਹਕਾਰ RSS ਦੇ ਹਵਾਲੇ ਦੇ ਨਾਲ ਇੱਕ ਕੁੱਤਾ ਵੀ ਦਿਖਾਇਆ ਗਿਆ ਸੀ।
ਸ਼ਿਵ ਸੈਨਾ ਦੇ ਕੈਬਨਿਟ ਮੰਤਰੀ ਸੰਜੇ ਸ਼ਿਰਸਾਟ, ਜਿਨ੍ਹਾਂ ਦੀ ਪਾਰਟੀ ਭਾਜਪਾ ਨਾਲ ਗਠਜੋੜ ਵਿੱਚ ਹੈ, ਨੇ RSS ਵੱਲੋਂ ਸਖ਼ਤ ਜਵਾਬ ਦੀ ਮੰਗ ਕੀਤੀ। ਉਨ੍ਹਾਂ ਨੋਟ ਕੀਤਾ ਕਿ ਕਾਮਰਾ ਨੇ ਪਹਿਲਾਂ ਵੀ ਆਪਣੇ ਸ਼ੋਅਜ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਨਿਸ਼ਾਨਾ ਬਣਾਇਆ ਸੀ। ਸ਼ਿਰਸਾਟ ਨੇ ਕਿਹਾ, ‘‘ਪਹਿਲਾਂ, ਉਸ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਿੰਦੇ ਨੂੰ ਨਿਸ਼ਾਨਾ ਬਣਾਇਆ, ਅਤੇ ਹੁਣ ਉਸਨੇ RSS 'ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਭਾਜਪਾ ਨੂੰ ਜਵਾਬ ਦੇਣ ਦੀ ਲੋੜ ਹੈ।’’
36 ਸਾਲਾ ਕਾਮਰਾ ਇਸ ਸਾਲ ਦੇ ਸ਼ੁਰੂ ਵਿੱਚ ਵੀ ਵਿਵਾਦਾਂ ਵਿੱਚ ਘਿਰ ਗਿਆ ਸੀ ਜਦੋਂ ਉਸ ਨੇ ਇੱਕ ਪ੍ਰਸਿੱਧ ਹਿੰਦੀ ਫਿਲਮ ਗੀਤ ਦੇ ਬੋਲ ਬਦਲ ਕੇ ਇੱਕ ਕਾਮੇਡੀ ਸ਼ੋਅ ਦੌਰਾਨ ਸ਼ਿੰਦੇ ਦਾ ਮਜ਼ਾਕ ਉਡਾਇਆ ਸੀ। ਉਸ ਘਟਨਾ ਤੋਂ ਬਾਅਦ ਸ਼ਿਵ ਸੈਨਾ ਦੇ ਮੈਂਬਰਾਂ ਨੇ ਮੁੰਬਈ ਦੇ ਖਾਰ ਖੇਤਰ ਵਿੱਚ ਹੈਬੀਟੈਟ ਕਾਮੇਡੀ ਕਲੱਬ, ਜਿੱਥੇ ਇਹ ਸ਼ੋਅ ਹੋਇਆ ਸੀ, ਦੀ ਭੰਨ-ਤੋੜ ਕੀਤੀ ਅਤੇ ਕਲੱਬ ਦੀ ਮੇਜ਼ਬਾਨੀ ਕਰਨ ਵਾਲੇ ਹੋਟਲ ਨੂੰ ਵੀ ਨੁਕਸਾਨ ਪਹੁੰਚਾਇਆ।
ਤਾਜ਼ਾ ਵਿਵਾਦ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਮਰਾ ਨੇ ਸੋਸ਼ਲ ਮੀਡੀਆ 'ਤੇ ਸਪੱਸ਼ਟ ਕੀਤਾ ਕਿ RSS ਦੇ ਹਵਾਲੇ ਵਾਲੀ ਤਸਵੀਰ ਕਿਸੇ ਕਾਮੇਡੀ ਕਲੱਬ ਵਿੱਚ ਨਹੀਂ ਲਈ ਗਈ ਸੀ। ਹਾਲਾਂਕਿ ਭਾਜਪਾ ਦੇ ਆਗੂਆਂ ਨੇ ਇਸ ਪੋਸਟ ਨੂੰ ਅਪਮਾਨਜਨਕ ਅਤੇ ਭੜਕਾਊ ਕਰਾਰ ਦਿੱਤਾ ਹੈ।

